5 Dariya News

ਪੰਜਵਾਂ ਕਬੱਡੀ ਵਿਸ਼ਵ ਕੱਪ-2014 : ਦਿੜ੍ਹਬਾ ਵਿਖੇ ਅੱਜ (18 ਦਸੰਬਰ) ਨੂੰ ਖੇਡੇ ਜਾਣਗੇ ਚਾਰ ਸੈਮੀ ਫਾਈਨਲ ਮੈਚ

ਪੁਰਸ਼ ਵਰਗ ਵਿੱਚ ਭਾਰਤ ਤੇ ਇੰਗਲੈਂਡ ਅਤੇ ਪਾਕਿਸਤਾਨ ਤੇ ਇਰਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

5 ਦਰਿਆ ਨਿਊਜ਼

ਸੰਗਰੂਰ 17-Dec-2014

ਪੰਜਵੇਂ ਕਬੱਡੀ ਵਿਸ਼ਵ ਕੱਪ-2014 ਦੇ ਲੀਗ ਦੌਰ ਦੀ ਮਹਿਤਾ ਚੌਕ ਵਿਖੇ ਸਮਾਪਤੀ ਤੋਂ ਬਾਅਦ ਭਲਕੇ 18 ਦਸੰਬਰ ਨੂੰ ਸੰਗਰੂਰ ਜ਼ਿਲੇ ਦੇ ਦਿੜ੍ਹਬਾ ਵਿਖੇ ਨਾਕ ਆਊਟ ਦੌਰ ਦੀ ਸ਼ੁਰੂਆਤ ਹੋ ਜਾਵੇਗੀ ਜਿੱਥੇ ਪੁਰਸ਼ ਤੇ ਮਹਿਲਾ ਵਰਗ ਦੇ ਕੁੱਲ ਚਾਰ ਸੈਮੀ ਫਾਈਨਲ ਮੈਚ ਖੇਡੇ ਜਾਣਗੇ। ਪੁਰਸ਼ ਵਰਗ ਵਿੱਚ ਭਾਰਤ ਤੇ ਇੰਗਲੈਂਡ ਅਤੇ ਪਾਕਿਸਤਾਨ ਤੇ ਇਰਾਨ ਦੀਆਂ ਟੀਮਾਂ ਵਿਚਾਲੇ ਸੈਮੀ ਫਾਈਨਲ ਮੈਚ ਖੇਡੇ ਜਾਣਗੇ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ ਤੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਤੇ ਡੈਨਮਾਰਕ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਵਿਸ਼ਵ ਕੱਪ ਮੈਚਾਂ ਵਿੱਚ ਥੋੜੀ ਤਬਦੀਲੀ ਕਰਦਿਆਂ ਹੁਣ ਪੁਰਸ਼ ਵਰਗ ਦੇ ਨਾਲ ਮਹਿਲਾ ਵਰਗ ਦਾ ਫਾਈਨਲ ਮੈਚ 20 ਦਸੰਬਰ ਨੂੰ ਬਾਦਲ ਪਿੰਡ ਵਿਖੇ ਸਮਾਪਤੀ ਸਮਾਰੋਹ ਦੌਰਾਨ ਖੇਡਿਆ ਜਾਵੇਗਾ। ਬਰਨਾਲਾ ਵਿਖੇ 19 ਦਸੰਬਰ ਨੂੰ ਪੁਰਸ਼ ਵਰਗ ਤੇ ਮਹਿਲਾ ਵਰਗ ਦੇ ਦੋ ਮੈਚ ਤੀਜੇ ਸਥਾਨ ਲਈ ਖੇਡੇ ਜਾਣਗੇ।ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਤਾ ਚੌਕ ਵਿਖੇ ਅੱਜ ਲੀਗ ਦੌਰ ਦੀ ਸਮਾਪਤੀ ਤੋਂ ਬਾਅਦ ਭਲਕੇ ਦਿੜ੍ਹਬਾ ਮੰਡੀ (ਸੰਗਰੂਰ) ਵਿਖੇ ਪੁਰਸ਼ ਤੇ ਮਹਿਲਾ ਵਰਗ ਦੇ ਦੋਵੇਂ ਸੈਮੀ ਫਾਈਨਲ ਮਿਲਾ ਕੇ ਕੁੱਲ ਚਾਰ ਸੈਮੀ ਫਾਈਨਲ ਮੈਚ ਖੇਡੇ ਜਾਣਗੇ। 

ਉਨ੍ਹਾਂ ਦੱਸਿਆ ਕਿ ਭਲਕੇ ਦਿਨ ਦਾ ਪਹਿਲਾ ਸੈਮੀ ਫਾਈਨਲ ਮੈਚ ਮਹਿਲਾ ਵਰਗ ਵਿੱਚ ਨਿਊਜ਼ੀਲੈਂਡ ਤੇ ਡੈਨਮਾਰਕ ਵਿਚਾਲੇ ਖੇਡਿਆ ਜਾਵੇਗਾ। ਦੂਜੇ ਸੈਮੀ ਫਾਈਨਲ ਮੈਚ ਵਿੱਚ ਪੁਰਸ਼ ਵਰਗ ਵਿੱਚ ਮੁਕਾਬਲਾ ਪਾਕਿਸਤਾਨ ਤੇ ਇਰਾਨ ਵਿਚਾਲੇ ਹੋਵੇਗਾ। ਤੀਜੇ ਮੈਚ ਵਿੱਚ ਮਹਿਲਾ ਵਰਗ ਦਾ ਸੈਮੀ ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ। ਦਿਨ ਦੇ ਚੌਥੇ ਤੇ ਆਖਰੀ ਮੈਚ ਵਿੱਚ ਪੁਰਸ਼ ਵਰਗ ਵਿੱਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।ਧਾਲੀਵਾਲ ਨੇ ਦੱਸਿਆ ਕਿ 19 ਦਸੰਬਰ ਨੂੰ ਬਰਨਾਲਾ ਵਿਖੇ ਤੀਜੇ ਸਥਾਨ ਲਈ ਮੈਚ ਖੇਡੇ ਜਾਣਗੇ। ਪੁਰਸ਼ ਵਰਗ ਤੇ ਮਹਿਲਾ ਵਰਗ ਵਿੱਚ ਸੈਮੀ ਫਾਈਨਲ ਮੈਚ ਹਾਰਨ ਵਾਲੀਆਂ ਟੀਮਾਂ ਤੀਜੇ ਸਥਾਨ ਲਈ ਖੇਡਣਗੀਆਂ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਬਾਦਲ ਪਿੰਡ ਵਿਖੇ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ ਹੋਵੇਗਾ ਅਤੇ ਇਸੇ ਦਿਨ ਪੁਰਸ਼ ਤੇ ਮਹਿਲਾ ਵਰਗ ਦੇ ਫਾਈਨਲ ਮੈਚ ਖੇਡੇ ਜਾਣਗੇ।