ਪਸ਼ੂਧਨ ਮੁਕਾਬਲੇ ਪਸ਼ੂਪਾਲਕਾਂ ਲਈ ਬੇਹੱਦ ਲਾਹੇਬੰਦ : ਪਰਮਜੀਤ ਕੌਰ ਲਾਂਡਰਾਂ
ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਪਸ਼ੂਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਦੀ ਲੋੜ : ਸਿੱਧੂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 17-Dec-2014
ਪਸ਼ੂਧਨ ਮੁਕਾਬਲੇ ਪਸ਼ੂ ਪਾਲਕਾਂ ਲਈ ਬੇਹੱਦ ਲਾਹੇਬੰਦ ਸਾਬਤ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋ ਰਾਜ ਵਿੱਚ ਪਸ਼ੂਧਨ ਦੇ ਬੜਾਵੇ ਲਈ ਹਰ ਸਾਲ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਨਸਲ ਸੁਧਾਰ ਸਬੰਧੀ ਨਵੀਆਂ ਤਕਨੀਕਾਂ ਅਤੇ ਪਸ਼ੂ ਪਾਲਣ ਦੇ ਧੰਦੇ ਨੂੰ ਅਪਣਾਕੇ ਵੱਧ ਮੁਨਾਫਾ ਕਮਾਉਣ ਸਬੰਧੀ ਜਾਗਰੂਕ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਚੱਪੜਚਿੱੜੀ ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆਂ ਦੇ ਅੰਤਿਮ ਦਿਨ ਜੇਤੂਆਂ ਨੂੰ ਇਨਾਮ ਵੰਡਣ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਰਿਵਾਇਤੀ ਫਸਲਾਂ ਲਾਹੇਵੰਦ ਨਹੀਂ ਰਹੀਆਂ ਉਨ੍ਹਾਂ ਇਸ ਮੌਕੇ ਜੋਰ ਦੇ ਕੇ ਆਖਿਆ ਕਿ ਕਿਸਾਨਾਂ ਨੂੰ ਆਪਣੀ ਆਰਥਿਕਤਾ ਦੀ ਮਜਬੂਤੀ ਲਈ ਪਸ਼ੂਧਨ, ਡੇਅਰੀ ਅਤੇ ਹੋਰ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ।
ਜਿਸ ਲਈ ਸਰਕਾਰ ਵੱਲੋਂ ਸਬਸਿਡੀ ਤੇ ਕਰਜੇ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਨਸ਼ਲ ਸੁਧਾਰ ਤਹਿਤ ਅਜਿਹੇ ਪਸ਼ੂ ਪਾਲਣੇ ਚਾਹੀਦੇ ਹਨ ਜਿਨ੍ਹਾਂ ਰਾਹੀਂ ਉਹ ਵੱਧ ਮੁਨਾਫਾ ਕਮਾ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਦੋ-ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਨੂੰ 5 ਲੱਖ 50 ਹਜ਼ਾਰ ਰੁਪਏ ਦੇ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਪਿੰਡ ਧੜਾਕ ਦੇ ਗਿਆਨ ਸਿੰਘ ਦੀ ਐਚ.ਐਫ ਗਾਂ ਨੇ 55 ਕਿਲੋ 565 ਗ੍ਰਾਮ ਦੁੱਧ ਦੇ ਕੇ ਪਹਿਲਾ ਇਨਾਮ ਹਾਸ਼ਲ ਕੀਤਾ, ਸਭ ਤੋਂ ਵੱਧਿਆ ਵਿਛੇਰੇ ਨਸਲ ਵਿੱਚ ਰਸ਼ਨਹੇੜੀ ਦੇ ਸ਼ੰਨੀ ਦਾ ਵਿਛੇਰਾ ਪਹਿਲੇ ਨੰਬਰ ਤੇ ਰਿਹਾ, ਜੇਤਿੰਦਰ ਸਿੰਘ ਪਿੰਡ ਬਾਕਰਪੁਰ ਦੀ ਵਿਛੇਰੀ ਮਾਰਬਾੜੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜੁਝਾਰ ਸਿੰਘ ਝੁੰਗੀਆਂ ਦੀ ਮੁੱਰਹਾ ਕੱਟੀ ਨੇ ਪਹਿਲਾ ਸਥਾਨ, ਜਰਸੀਕਰਾਸ ਕਮਲਜੀਤ ਡੇਅਰੀ ਫਾਰਮ ਨੇ ਪਹਿਲਾ ਸਥਾਨ, ਸਾਹੀਬਾਲ ਸਾਨ੍ਹ ਵਿਚੋਂ ਖਿਲੋਰ ਦੇ ਨਾਈਬ ਸਿੰਘ ਦੇ ਸਾਨ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ। ਜਸਮੀਨ ਸਿੰਘ ਪਿੰਡ ਸਹੌੜਾ ਦੀ ਘੋੜੀ ਨੁਕਰੀ ਨੇ ਪਹਿਲਾ ਸਥਾਨ, ਮੇਜਰ ਸਿੰਘ ਡੇਰਾਬੱਸੀ ਦੇ ਦੇਸ਼ੀ ਮੁਰਗੇ ਨੇ ਪਹਿਲਾ ਸਥਾਨ, ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲਿਆ ਵਿੱਚ ਮਨਾਣਾ ਦੇ ਦਰਸ਼ਨ ਸਿੰਘ ਬੱਕਰੀ ਦੀ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਨਿਲ ਕੁਮਾਰ ਸ਼ਰਮਾ ਜ਼ਿਲ੍ਹਾ ਮੰਡੀ ਅਫ਼ਸਰ ਸ੍ਰ: ਬੇਅੰਤ ਸਿੰਘ, ਸਕੱਤਰ ਜ਼ਿਲ੍ਹਾ ਪੀ੍ਰਸ਼ਦ ਸ੍ਰੀ ਰਵਿੰਦਰ ਸਿੰਘ ਸੰਧੂ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਗੁਰਦੀਪ ਸਿੰਘ, ਡਾ. ਨਿਰਮਲ ਸੈਣੀ, ਸਾਬਕਾ ਸਰਪੰਚ ਚੱਪੜਚਿੜੀ ਸ੍ਰ: ਜੋਰਾ ਸਿੰਘ ਗਿੱਲ ਸਮੇਤ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੇਲੇ ਦੇ ਅੰਤਿਮ ਦਿਨ ਘੋੜੀਆਂ ਦੇ ਨਾਂਚ ਅਤੇ ਡਾਗ ਸੋਅ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ । ਇਸ ਮੇਲੇ ਵਿੱਚ ਪਸ਼ੂ ਪਾਲਕਾਂ ਸਮੇਤ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।