ਪੰਜਾਬ ਸਰਕਾਰ ਆਰਥਿਕ ਖੁਸ਼ਹਾਲੀ ਲਈ ਸੂਰ ਅਤੇ ਮੱਛੀ ਫਾਰਮਾਂ ਨੂੰ ਵਿਕਸਤ ਕਰੇਗੀ - ਸਰਵਨ ਸਿੰਘ ਫਿਲੌਰ
5 ਦਰਿਆ ਨਿਊਜ਼
ਚੰਡੀਗੜ੍ਹ 29-Nov-2012
ਪੰਜਾਬ ਸਰਕਾਰ ਨੇ ਰਾਜ ਵਿਚ ਨੌਜਵਾਨਾ ਲਈ ਸਵੈ ਰੁਜਗਾਰ ਦੇ ਮੌਕੇ ਪੈਦਾ ਕਰਨ ਦੇ ਲਈ ਪਸ਼ੂ ਧੰਨ ਦੀ ਸੰਭਾਲ, ਸੁਰੱਖਿਆ ਅਤੇ ਸੁਧਾਰ ਲਿਆਉਣ ਲਈ ਇਕ ਵਿਆਪਕ ਨੀਤੀ ਤਿਆਰ ਕੀਤੀ ਹੈ। ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸਰਵਨ ਸਿੰਘ ਫਿਲੌਰ ਨੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਬਾਰੇ ਰਾਜ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ।ਸ. ਫਿਲੋਰ ਮੀਟਿੰਗ ਦੌਰਾਨ ਪੰਜਾਬ ਦੇ ਲੋਕਾਂ ਦਾ ਆਰਥਿਕ ਅਤੇ ਖੁਸ਼ਹਾਲੀ ਦਾ ਪੱਧਰ ਸੁਧਾਰਨ ਦੇ ਮੱਦੇਨਜ਼ਰ ਮੁਰਗੀ ਪਾਲਣ, ਸੂਰ ਪਾਲਣ ਅਤੇ ਮੱਛੀ ਪਾਲਣ ਫਾਰਮਾਂ ਨੂੰ ਵਿਕਸਤ ਕਰਨ ਦੀ ਜਰੂਰਤ 'ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੂਰ ਪਾਲਣ ਅਤੇ ਇਸ ਨਾਲ ਸਬੰਧਤ ਹੋਰ ਉਤਪਾਦਨ ਬਾਰੇ ਕਿਸਾਨਾਂ ਨੂੰ ਸਿਖਲਾਈ ਸੁਵਿਧਾਵਾਂ ਵੀ ਪ੍ਰਦਾਨ ਕਰੇਗੀ। ਇਸ ਸਬੰਧੀ ਅੰਕੜੇ ਜਾਰੀ ਕਰਦੇ ਹੋਏ ਸ ਫਿਲੌਰ ਨੇ ਦੱਸਿਆ ਕਿ ਸਾਲ 2007 ਦੌਰਾਨ ਪਸ਼ੂ ਧੰਨ ਦੀ ਕੀਤੀ ਗਈ ਗਿਣਤੀ ਦੇ ਅਨੁਸਾਰ ਰਾਜ ਵਿਚ 17.61 ਲੱਖ ਗਾਵਾਂ ਅਤੇ 50.04 ਲੱਖ ਮੱਝਾਂ ਸਨ। ਇਨ੍ਹਾਂ ਵਿਚੋ 10.31 ਲੱਖ ਗਾਵਾਂ ਅਤੇ 29.08 ਲੱਖ ਮੱਝਾਂ ਸੂਏ ਦੇਣ ਵਾਲੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਵਿਚ ਦੁੱਧ ਉਤਪਾਦਨ ਕਰਨ ਵਾਲਾ ਇੱਕ ਪ੍ਰਮੁੱਖ ਰਾਜ ਹੈ ਜਿਥੇ ਸਾਲ 2010-11 ਦੌਰਾਨ ਸਲਾਨਾ 94.23 ਲੱਖ ਟਨ ਦੁੱਧ ਦਾ ਉਤਪਾਦਨ ਹੋਇਆ ਹੈ ਇਹ ਦੇਸ਼ ਵਿਚ ਕੁਲ ਦੁੱਧ ਉਤਪਾਦਨ ਵਿਚ 9 ਫੀਸਦੀ ਦੇ ਕਰੀਬ ਯੋਗਦਾਨ ਪਾਊਂਦਾ ਹੈ ਭਾਵੇਂ ਕਿ ਪੰਜਾਬ ਵਿਚ ਪੂਰੇ ਭਾਰਤ ਦੇ ਮੁਕਾਬਲੇ ਸਿਰਫ 2 ਫੀਸਦੀ ਤੋਂ ਘੱਟ ਗਾਵਾਂ ਅਤੇ ਮੱਝਾਂ ਦੀ ਸੰਖਿਆ ਹੈ। ਰਾਜ ਵਿਚ ਪ੍ਰਤੀ ਜੀਵ ਦੁੱਧ ਦੀ ਉਪਲਬੱਧਤਾ 9.31 ਗ੍ਰਾਮ ਹੈ ਜੋ ਕਿ ਦੇਸ਼ ਵਿਚ ਸੱਭ ਤੋਂ ਵੱਧ ਹੈ।
ਪਸ਼ੂਆਂ ਦੀ ਨਸਲ ਸੁਧਾਰਨ ਦਾ ਜਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਕ ਸੂਏ ਵਿਚ 12000 ਲੀਟਰ ਤੋ ਵੱਧ ਦੁੱਧ ਦੇਣ ਵਾਲੀ ਨਸਲ ਪੈਦਾ ਕਰਨ ਲਈ ਵਧੀਆ ਸਨ੍ਹਾਂ ਦੇ ਸ਼ਕਰਾਣੂਆਂ ਦੀ ਦਰਾਮਦ ਕੀਤੀ ਜਾਵੇਗੀ ਇਸ ਨਾਲ ਰਾਜ ਵਿਚ 30 ਲੀਟਰ ਪ੍ਰਤੀ ਦਿਨ ਹਰੇਕ ਪਸ਼ੂ ਦਾ ਦੁੱਧ ਦਾ ਉਤਪਾਦਨ ਵਧੇਗਾ। ਇਸ ਤੋਂ ਇਲਾਵਾ ਦੁੱਧ ਦਾ ਉਤਪਾਦਨ ਵਧਾਉਣ ਲਈ ਵਧੀਆ ਨਸਲ ਦੀਆਂ ਵੱਛੀਆਂ ਪੈਦਾ ਕਰਨ ਲਈ ਸੀਮਨ ਨੂੰ ਵੀ ਦਰਾਮਦ ਕੀਤਾ ਜਾਵੇਗਾ। ਰਾਜ ਵਿਚ ਮੱਛੀ ਫਾਰਮਿੰਗ ਨੂੰ ਵਿਕਸਤ ਕਰਨ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾ ਨੇ 6300 ਤਲਾਬ ਵਿਕਸਤ ਕੀਤੇ ਹਨ। ਇਸ ਤੋਂ ਇਲਾਵਾ ਰਾਜ ਵਿਚ 250 ਦੇ ਕਰੀਬ ਪ੍ਰਾਇਵੇਟ ਮੱਛੀ ਫਾਰਮ ਵੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਗਿਆਨਕ ਅਤੇ ਤਕਨੀਕੀ ਲੀਹਾਂ ਉਤੇ ਮੱਛੀ ਫਾਰਮਿੰਗ ਨੂੰ ਉਤਸ਼ਾਹਤ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਤਕਰੀਬਨ 11287 ਹੈਕਟਰ ਰਕਬਾ ਮੱਛੀ ਫਾਰਮਿੰਗ ਹੇਠ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿਚ ਤਕਰੀਬਨ 50000 ਨੌਜਵਾਨ ਸਿੱਧੇ ਅਤੇ ਅਸਿੱਧੇ ਤੌਰ ਤੇ ਰੁਜਗਾਰ ਵਿਚ ਲਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮੱਛੀ ਫਾਰਮਿੰਗ ਲਈ ਦਿਲਚਸਪੀ ਰੱਖਣ ਵਾਲੇ ਨੌਜਵਾਨਾ ਨੂੰ ਸਰਕਾਰ ਸਿਖਲਾਈ ਵੀ ਦੇ ਰਹੀ ਹੈ।