ਜੰਮੂ ਕਸ਼ਮੀਰ ਦੇ ਹੜ੍ਹ ਪੀੜਤ ਲੋਕਾਂ ਲਈ ਸਵੈਟਰ ਭੇਜੇ
5 ਦਰਿਆ ਨਿਊਜ਼ (ਅਜੇ ਪਾਹਵਾ)
ਲੁਧਿਆਣਾ 15-Dec-2014
ਬੀਤੇ ਸਮੇਂ ਜੰਮੂ ਕਸ਼ਮੀਰ ਵਿੱਚ ਪੈਦਾ ਹੋਏ ਹੜ੍ਹ ਰੂਪੀ ਕੁਦਰਤੀ ਸੰਕਟ ਤੋਂ ਬਾਅਦ ਪੈਦਾ ਹੋਈ ਸਥਿਤੀ ਵਿੱਚੋਂ ਆਮ ਲੋਕਾਂ ਨੂੰ ਕੱਢਣ ਲਈ ਸਾਰੇ ਦੇਸ਼ ਵਾਸੀਆਂ ਨੇ ਭਾਰਤੀ ਫੌਜ ਨਾਲ ਮਿਲ ਕੇ ਵੱਡੀ ਪੱਧਰ 'ਤੇ ਰਾਹਤ ਕਾਰਜ ਚਲਾਏ ਹੋਏ ਹਨ। ਛੇ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੀ ਕਸ਼ਮੀਰ ਵਾਦੀ ਦੇ ਲੋਕਾਂ ਦੀ ਸਹਾਇਤਾ ਲਈ ਪੂਰਾ ਦੇਸ਼ ਨਿਰਸਵਾਰਥ ਭਾਵਨਾ ਨਾਲ ਬਹੁੜਿਆ ਹੈ ਅਤੇ ਲੋਕਾਂ ਵੱਲੋਂ ਉਥੋਂ ਦੇ ਬਾਸ਼ਿੰਦਿਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਸਹਾਇਤਾ ਕੀਤੀ ਹੈ। ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਤੋਂ ਵੀ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਭੇਜੀ ਗਈ ਸੀ, ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਰਦੀਆਂ ਵਿੱਚ ਕੰਮ ਆਉਣ ਵਾਲੇ ਸਵੈਟਰ ਭੇਜੇ ਗਏ ਹਨ। ਇਸ ਸਮੱਗਰੀ ਨੂੰ ਲਿਜਾਣ ਵਾਲੇ ਟਰੱਕ ਨੂੰ ਅੱਜ ਸਥਾਨਕ ਸਰਾਭਾ ਨਗਰ ਸਥਿਤ ਬਾਲ ਭਵਨ ਤੋਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸਮੱਗਰੀ ਵਿੱਚ ਗਰਮ ਸਵੈਟਰ ਭੇਜੇ ਗਏ ਹਨ, ਜੋ ਕਿ ਜੰਮੂ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਲੋੜਵੰਦਾਂ ਨੂੰ ਵੰਡੇ ਜਾਣਗੇ। ਉਨ੍ਹਾਂ ਇਸ ਰਾਹਤ ਸਮੱਗਰੀ ਵਿੱਚ ਲਕਸ਼ਮੀ ਲੇਡੀਜ਼ ਕਲੱਬ ਅਤੇ ਹੋਰ ਸੰਸਥਾਵਾਂ ਅਤੇ ਜ਼ਿਲ੍ਹਾ ਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਅੰਡਰ ਟਰੇਨਿੰਗ ਆਈ. ਏ. ਐੱਸ. ਸਈਅਦ ਸਹਿਰੀਸ਼ ਅਸਗਰ, ਵਧੀਕ ਮੁੱਖ ਪ੍ਰਸਾਸ਼ਕ ਗਲਾਡਾ ਸ੍ਰ. ਕੁਲਦੀਪ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਕਨੂੰ ਥਿੰਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।