5 Dariya News

ਵਿਸ਼ਵ ਕੱਪ ਵਿੱਚ ਕਬੱਡੀ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਇਕ ਝਾਤੀ

ਰੁੱਤ ਨਵਿਆਂ ਦੀ ਆਈ; ਨਵੇਂ ਖਿਡਾਰੀ ਸਰਵੋਤਮ ਰੇਡਰ ਤੇ ਜਾਫੀ ਦੀ ਦੌੜ ਵਿੱਚ ਸਭ ਤੋਂ ਅੱਗੇ

5 ਦਰਿਆ ਨਿਊਜ਼

ਚੰਡੀਗੜ੍ਹ 14-Dec-2014

ਕਬੱਡੀ ਵਿਸ਼ਵ ਕੱਪ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਹੁਣ ਤੱਕ ਦੇ ਪ੍ਰਦਰਸ਼ਨ 'ਤੇ ਝਾਤੀ ਮਾਰੀਏ ਤਾਂ ਪੁਰਸ਼ ਵਰਗ ਵਿੱਚ ਨਵੇਂ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਜਦੋਂ ਕਿ ਮਹਿਲਾ ਵਰਗ ਵਿੱਚ ਪਿਛਲੇ ਵਿਸ਼ਵ ਕੱਪ ਵਿੱਚ ਚਮਕਣ ਵਾਲੀਆਂ ਖਿਡਾਰਨਾਂ ਦਾ ਦਬਦਬਾ ਕਾਇਮ ਹੈ।ਪੁਰਸ਼ ਵਰਗ ਵਿੱਚ ਸਰਵੋਤਮ ਰੇਡਰਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦਾ ਰਹਿਮਾਨ ਇਸਤਾਇਆ 28 ਅੰਕਾਂ ਨਾਲ ਸਭ ਤੋਂ ਅੱਗੇ ਹੈ। ਪਾਕਿਸਤਾਨ ਦਾ ਹੀ ਖਾਲਿਦ ਹੁਸੈਨ 27 ਅੰਕਾਂ ਨਾਲ ਦੂਜੇ ਸਥਾਨ 'ਤੇ ਚੱਲ ਰਿਹਾ ਹੈ। ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਸਪੇਨ ਦੇ ਰੇਡਰ ਐਸਪੀਨੋ ਨੇ 26 ਅੰਕ ਲੈ ਕੇ ਕੀਤਾ। ਤੀਜੇ ਮੈਚ ਵਿੱਚ ਉਹ ਜੇਕਰ ਜ਼ਖਮੀ ਨਾ ਹੁੰਦਾ ਤਾਂ ਅੰਕਾਂ ਵਿੱਤ ਸਿਖਰ 'ਤੇ ਹੁੰਦਾ। ਕੈਨੇਡਾ ਦੇ ਗੁਰਪ੍ਰੀਤ ਸਿੰਘ ਨੇ 23, ਭਾਰਤ ਦੇ ਗਗਨਦੀਪ ਜੋਗੇਵਾਲ ਨੇ 20 ਤੇ ਕੈਨੇਡਾ ਦੇ ਵਿੱਕੀ ਨੇ 20 ਅਤੇ ਅਰਜਨਟਾਈਨਾ ਦੇ ਬਰੂਨੋ ਐਲਬੈਰਟੋ ਨੇ 18 ਅੰਕ ਹਾਸਲ ਕੀਤੇ ਹਨ। ਜਾਫੀਆਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਰਿੰਦਰ ਭੂਰਾ ਨੇ 12 ਜੱਫੇ ਲਾ ਕੇ ਪਹਿਲਾ ਸਥਾਨ ਮੱਲਿਆ ਹੋਇਆ ਹੈ। ਇਰਾਨ ਤੇ ਮੁਜ਼ਤਬਾ ਤੇ ਇੰਗਲੈਂਡ ਦੇ ਸਟਾਰ ਜਾਫੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆ ਨੇ 11-11 ਜੱਫੇ ਲਾਏ ਹਨ। ਮੁਹੰਮਦ ਰਮਜ਼ਾਨ ਨੇ 9 ਤੇ ਇੰਗਲੈਂਡ ਦੇ ਅਮਨਦੀਪ ਸਿੰਘ ਜੌਹਨ ਨੇ 8 ਜੱਫੇ ਲਾਏ ਹਨ।ਮਹਿਲਾ ਵਰਗ ਵਿੱਚ ਰੇਡਰਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੀ ਕਪਤਾਨ ਮਦੀਹਾ ਲਤੀਫ 36 ਅੰਕਾਂ ਨਾਲ ਚੋਟੀ 'ਤੇ ਕਾਇਮ ਹੈ ਜਿਸ ਨੂੰ ਕੋਈ ਵੀ ਖਿਡਾਰਨ ਚੁਣੌਤੀ ਦਿੰਦੀ ਨਜ਼ਰ ਨਹੀਂ ਆ ਰਹੀ ਹੈ। ਉਸ ਤੋਂ ਬਾਅਦ ਪਾਕਿਸਤਾਨ ਦੀ ਸਰੀਸ਼ਾ ਤੇ ਨਿਊਜ਼ੀਲੈਂਡ ਦੀ ਮੂਟੋ ਇਲੇਰੀ ਨੇ 19-19, ਡੈਨਮਾਰਕ ਦੇ ਮਿਲੇ ਨੇ 18, ਨਿਊਜ਼ੀਲੈਂਡ ਦੇ ਲਾਨੀ ਤੇ ਭਾਰਤ ਦੀ ਸੁਖਵਿੰਦਰ ਕੌਰ ਨੇ 15-15 ਅੰਕ ਲਾਏ। ਜਾਫੀਆਂ ਵਿੱਚੋਂ ਨਿਊਜ਼ੀਲੈਂਡ ਦੀ ਸਾਰੀਆ ਫਿਸੋ, ਭਾਰਤ ਦੇ ਅਨੂ ਰਾਣੀ ਤੇ ਪਾਕਿਸਤਾਨ ਦੇ ਸਾਰੀਆ ਸ਼ਾਹ ਨੇ 12-12 ਜੱਫੇ ਲਾਏ ਜਿਸ ਨਾਲ ਤਿੰਨਾਂ ਖਿਡਾਰਨਾਂ ਵਿੱਚ ਸਰਵੋਤਮ ਜਾਫੀ ਲਈ ਸਖਤ ਟੱਕਰ ਹੈ। ਇਸ ਤੋਂ ਬਾਅਦ ਡੈਨਮਾਰਕ ਦੀ ਕੈਮਿਲਾ ਨੇ 9 ਤੇ ਨਿਊਜ਼ੀਲੈਂਡ ਦੀ ਰੂਥ ਨੇ 5 ਜੱਫੇ ਲਾਏ ਹਨ।