ਪੰਜਵੇਂ ਕਬੱਡੀ ਵਿਸ਼ਵ ਕੱਪ-2014 ਦੇ ਹੁਣ ਤੱਕ ਦੇ ਸਫਰ ਵਿੱਚ ਟੀਮਾਂ ਦਾ ਲੇਖਾ ਜੋਖਾ
ਪੁਰਸ਼ ਵਰਗ ਵਿੱਚ ਭਾਰਤ, ਇਰਾਨ ਤੇ ਪਾਕਿਸਤਾਨ ਨੇ ਕੀਤਾ ਦਾਅਵਾ ਮਜ਼ਬੂਤ
5 ਦਰਿਆ ਨਿਊਜ਼
ਚੰਡੀਗੜ੍ਹ 14-Dec-2014
ਪੰਜਵੇਂ ਕਬੱਡੀ ਵਿਸ਼ਵ ਕੱਪ-2014 ਦੇ ਇਕ ਹਫਤੇ ਦੇ ਸਫਰ ਨਾਲ ਪੂਲਾਂ ਦੀ ਸਥਿਤੀ ਲੱਗਭੱਗ ਸਾਫ ਹੋ ਗਈ ਹੈ। ਹੁਣ ਤੱਕ ਖੇਡੇ ਪੂਲ ਮੈਚਾਂ ਨੂੰ ਦੇਖਿਆ ਜਾਵੇ ਤਾਂ ਪੁਰਸ਼ ਵਰਗ ਵਿੱਚ ਇਰਾਨ ਤੇ ਮਹਿਲਾ ਵਰਗ ਵਿੱਚ ਭਾਰਤ ਨੇ ਸੈਮੀ ਫਾਈਨਲ ਦੀ ਟਿਕਟ ਕਟਾ ਲਈ ਹੈ। ਟੀਮਾਂ ਦੇ ਪ੍ਰਦਰਸ਼ਨ 'ਤੇ ਜੇਕਰ ਝਾਤੀ ਮਾਰੀ ਜਾਵੇ ਤਾਂ ਪੁਰਸ਼ ਵਰਗ ਵਿੱਚ ਇਰਾਨ ਤੋਂ ਇਲਾਵਾ ਭਾਰਤ, ਪਾਕਿਸਤਾਨ ਤੇ ਇੰਗਲੈਂਡ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਤਕੜੀਆਂ ਦਾਅਵੇਦਾਰ ਹੈ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ ਤੇ ਨਿਊਜ਼ੀਲੈਂਡ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਚੌਥੀ ਟੀਮ ਲਈ ਅਮਰੀਕਾ ਤੇ ਡੈਨਮਾਰਕ ਵਿਚਾਲੇ ਸਖਤ ਟੱਕਰ ਹੈ।ਪੁਰਸ਼ ਵਰਗ ਦੇ ਪੂਲ ਏ ਵਿੱਚ ਇਰਾਨ ਨੇ ਅਮਰੀਕਾ ਨੂੰ ਹਰਾਉਣ ਸਮੇਤ ਤਿੰਨ ਮੈਚ ਜਿੱਤ ਕੇ ਸੈਮੀ ਫਾਈਨਲ ਲਈ ਸਥਾਨ ਪੱਕਾ ਕੀਤਾ ਹੈ ਜਦੋਂ ਕਿ ਭਾਰਤ ਨੇ ਦੋ ਖੇਡੇ ਹੋਏ ਮੈਚ ਜਿੱਤ ਕੇ ਅਗਾਂਹ ਕਦਮ ਵਧਾਏ ਹਨ। ਹੋਰਨਾਂ ਟੀਮਾਂ ਵਿੱਚ ਆਸਟੇਰਲੀਆ ਨੇ ਸਿਰਫ ਇਕ ਮੈਚ ਜਿੱਤਿਆ ਹੈ ਜਦੋਂ ਕਿ ਸਾਰੇ ਮੈਚ ਹਾਰਨ ਵਾਲੀਆਂ ਟੀਮਾਂ ਵਿੱਚ ਅਮਰੀਕਾ ਨੇ ਦੋ ਅਤੇ ਸਪੇਨ ਨੇ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਪੂਲ ਬੀ ਵਿੱਚ ਪਾਕਿਸਤਾਨ, ਇੰਗਲੈਂਡ ਤੇ ਡੈਨਮਾਰਕ ਨੇ 2-2 ਮੈਚ ਜਿੱਤੇ ਹਨ ਜਦੋਂ ਕਿ ਕੈਨੇਡਾ ਤੇ ਸਵੀਡਨ ਨੇ 1-1 ਮੈਚ ਜਿੱਤਿਆ ਹੈ। ਅਰਜਨਟਾਈਨਾ ਨੂੰ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪੂਲ ਵਿੱਚ ਸਖਤ ਟੱਕਰ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਇਸ ਨੂੰ ਗਰੁੱਪ ਆਫ ਡੈਥ ਵੀ ਕਿਹਾ ਜਾ ਰਿਹਾ ਹੈ।ਮਹਿਲਾ ਵਰਗ ਦੇ ਪੂਲ ਏ ਵਿੱਚ ਭਾਰਤ ਨੇ ਦੋ ਖੇਡੇ ਮੈਚ ਜਿੱਤੇ ਸੈਮੀਜ਼ ਦੀ ਟਿਕਟ ਪੱਕੀ ਕੀਤੀ ਹੈ। ਡੈਨਮਾਰਕ ਨੇ ਇਕ ਮੈਚ ਜਿੱਤਿਆ ਹੈ ਜਦੋਂ ਕਿ ਅਜਰਬਾਈਜਾਨ ਤੇ ਅਮਰੀਕਾ ਨੂੰ 1-1 ਮੈਚਾਂ ਵਿੱਚ ਹਾਰ ਮਿਲੀ ਹੈ। ਸੈਮੀ ਫਾਈਨਲ ਦੀ ਦੂਜੀ ਟੀਮ ਲਈ ਡੈਨਮਾਰਕ ਤੇ ਅਮਰੀਕਾ ਵਿਚਾਲੇ ਸਥਤ ਟੱਕਰ ਹੈ। ਪੂਲ ਬੀ ਵਿੱਚ ਪਾਕਿਸਤਾਨ ਤੇ ਨਿਊਜ਼ੀਲੈਂਡ ਨੇ 2-2 ਮੈਚ ਜਿੱਤ ਕੇ ਆਖਰੀ ਚਾਰਾਂ ਵੱਲ ਕਦਮ ਵਧਾਏ ਹਨ। ਇੰਗਲੈਂਡ ਨੂੰ ਹੁਣ ਤੱਕ ਖੇਡੇ ਦੋ ਅਤੇ ਮੈਕਸੀਕੋ ਨੂੰ ਇਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।