ਪੰਜਵਾਂ ਕਬੱਡੀ ਵਿਸ਼ਵ ਕੱਪ 2014 : ਸੁਲਤਾਨਪੁਰ ਲੋਧੀ ਪਹਿਲੀ ਵਾਰ ਕਰੇਗਾ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ
ਭਲਕੇ 13 ਦਸੰਬਰ ਨੂੰ ਖੇਡੇ ਜਾਣਗੇ ਤਿੰਨ ਮੈਚ; ਭਾਰਤ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੋਵੇਂ ਟੀਮਾਂ ਖੇਡਣਗੀਆਂ
5 ਦਰਿਆ ਨਿਊਜ਼
ਸੁਲਤਾਨਪੁਰ ਲੋਧੀ 12-Dec-2014
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਹੁਣ ਇਤਿਹਾਸਕ ਤੇ ਧਾਰਮਿਕ ਸ਼ਹਿਰ ਦੇ ਨਾਲ ਖੇਡਾਂ ਵਾਲੇ ਸ਼ਹਿਰ ਵਜੋਂ ਵੀ ਜਾਣਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਤਿੰਨ ਮੈਚ ਭਲਕੇ 13 ਦਸੰਬਰ ਨੂੰ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਖੇਡੇ ਜਾਣਗੇ। ਇਹ ਪਹਿਲਾ ਮੌਕਾ ਹੈ ਜਦੋਂ ਸੁਲਤਾਨਪੁਰ ਲੋਧੀ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਹ ਵੀ ਸੰਜੋਗ ਦੀ ਗੱਲ ਹੈ ਕਿ ਗਰੀਬਾਂ/ਲੋੜਵੰਦਾਂ ਲਈ '13-13' ਕਰ ਕੇ ਤੋਲਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਵਿੱਤਰ ਸ਼ਹਿਰ ਵਿੱਚ 13 ਤਾਰੀਕ ਨੂੰ ਹੀ ਮੈਚ ਖੇਡੇ ਜਾ ਰਹੇ ਹਨ ਅਤੇ ਤਿੰਨ ਮੈਚ ਖੇਡੇ ਜਾ ਰਹੇ ਹਨ। ਵਿਸ਼ਵ ਕੱਪ ਦੇ ਪਹਿਲੀ ਵਾਰ ਮੈਚ ਹੋਣ ਕਾਰਨ ਇਲਾਕਾ ਵਾਸੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਲਈ ਜ਼ਿਲਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਖੇਡ ਪ੍ਰੇਮੀ ਕਬੱਡੀ ਦੇ ਜਿਹੜੇ ਤਿੰਨ ਮੈਚਾਂ ਦਾ ਆਨੰਦ ਮਾਣਨਗੇ ਉਨ੍ਹਾਂ ਵਿੱਚ ਦੋ ਮੈਚ ਭਾਰਤ ਦੇ ਹਨ ਜਿਨ੍ਹਾਂ ਵਿੱਚ ਭਾਰਤ ਦੀਆਂ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੋਵੇਂ ਟੀਮਾਂ ਖੇਡਣਗੀਆਂ। ਦਿਨ ਦਾ ਪਹਿਲਾ ਮੈਚ ਪਹਿਲਾ ਮੈਚ ਪੁਰਸ਼ ਵਰਗ ਪੂਲ 'ਏ' ਵਿੱਚ ਸਪੇਨ ਤੇ ਇਰਾਨ ਵਿਚਾਲੇ ਖੇਡਿਆ ਜਾਵੇਗਾ। ਦਿਨ ਦਾ ਦੂਜਾ ਮੈਚ ਮਹਿਲਾ ਵਰਗ ਦੇ ਪੂਲ 'ਏ' ਦੀਆਂ ਟੀਮਾਂ ਭਾਰਤ ਤੇ ਡੈਨਮਾਰਕ ਵਿਚਾਲੇ ਹੋਵੇਗਾ ਜਦੋਂ ਕਿ ਦਿਨ ਦਾ ਤੀਜਾ ਤੇ ਆਖਰੀ ਮੈਚ ਪੁਰਸ਼ ਵਰਗ ਵਿੱਚ ਪੂਲ 'ਏ' ਦੀਆਂ ਟੀਮਾਂ ਭਾਰਤ ਤੇ ਅਮਰੀਕਾ ਵਿਚਾਲੇ ਹੋਵੇਗਾ।ਪੂਲ 'ਏ' ਦੇ ਭਲਕੇ ਖੇਡੇ ਜਾਣ ਵਾਲੇ ਦੋ ਮੈਚਾਂ ਨਾਲ ਸੈਮੀ ਫਾਈਨਲ ਦੀਆਂ ਟੀਮਾਂ ਦੀ ਸਥਿਤੀ ਲੱਗਭੱਗ ਪੱਕੀ ਹੋ ਜਾਵੇਗੀ। ਭਾਰਤ ਤੇ ਇਰਾਨ ਦੀਆਂ ਟੀਮਾਂ ਹੁਣ ਤੱਕ ਖੇਡੇ ਆਪਣੇ ਦੋਵੇਂ ਮੈਚ ਜਿੱਤੇ ਹਨ ਅਤੇ ਭਲਕੇ ਦੇ ਮੈਚਾਂ ਵਿੱਚ ਦੋਵੇਂ ਟੀਮਾਂ ਜਿੱਤ ਦੀਆਂ ਵੱਡੀਆਂ ਦਾਅਵੇਦਾਰ ਹਨ। ਦੋਵੇਂ ਟੀਮਾਂ ਦੀ ਜਿੱਤ ਨਾਲ ਸੈਮੀ ਫਾਈਨਲ ਦਾ ਸਥਾਨ ਪੱਕਾ ਹੋ ਜਾਵੇਗਾ। ਮਹਿਲਾ ਵਰਗ ਵਿੱਚ ਇਕ ਮੈਚ ਜਿੱਤ ਚੁੱਕੀ ਭਾਰਤੀ ਟੀਮ ਡੈਨਮਾਰਕ ਨੂੰ ਚਿੱਤ ਕਰ ਕੇ ਆਖਰੀ ਚਹੁੰਾਂ ਵਿੱਚ ਸਥਾਨ ਪੱਕਾ ਕਰਨ ਦੀ ਚਾਹਵਾਨ ਹੋਵੇਗੀ।