5 Dariya News

ਪੁਰਸ਼ ਵਰਗ; ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਖੰਨਾ ਤੋਂ ਜੇਤੂ ਸ਼ੁਰੂਆਤ, ਇਰਾਨ ਨੇ ਵੀ ਲਗਾਤਾਰ ਦੂਜੀ ਧਮਾਕੇਦਾਰ ਜਿੱਤ ਕੀਤੀ ਦਰਜ

ਮਹਿਲਾ ਵਰਗ; ਪਾਕਿਸਤਾਨ ਦਾ ਜੇਤੂ ਸਫਰ ਜਾਰੀ, ਡੈਨਿਸ਼ ਟੀਮ ਨੇ ਵੀ ਖੋਲ੍ਹਿਆ ਖਾਤਾ

5 ਦਰਿਆ ਨਿਊਜ਼ (ਅਜੇ ਪਾਹਵਾ)

ਖੰਨਾ 10-Dec-2014

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣਿਆ ਜਾਂਦਾ ਸ਼ਹਿਰ ਖੰਨਾ ਅੱਜ ਕਬੱਡੀ ਦੇ ਆਲਮੀ ਨਕਸ਼ੇ ਉਪਰ ਆ ਗਿਆ। ਖੰਨਾ ਵਿਖੇ ਪਹਿਲੀ ਵਾਰ ਕਬੱਡੀ ਵਿਸ਼ਵ ਕੱਪ ਦੇ ਮੈਚ ਖੇਡੇ ਗਏ। ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਪੁਰਸ਼ ਵਰਗ ਵਿੱਚ ਪਹਿਲੇ ਮੈਚ ਵਿੱਚ ਜਿੱਤ ਹਾਸਲ ਕਰਦਿਆਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ। ਸਥਾਨਕ ਏ.ਐਸ.ਕਾਲਜ ਦੇ ਖੇਡ ਸਟੇਡੀਅਮ ਵਿਖੇ ਅੱਜ ਪੰਜਵੇਂ ਕਬੱਡੀ ਵਿਸ਼ਵ ਕੱਪ-2014 ਦੇ ਚਾਰ ਮੈਚ ਖੇਡੇ ਗਏ। ਕਬੱਡੀ ਵਿਸ਼ਵ ਕੱਪ ਦੇ ਮੈਚਾਂ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਸਿੰਜਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋ ਪਹੁੰਚੇ। ਸ. ਢਿੱਲੋਂ ਨੇ ਟੀਮਾਂ ਨਾਲ ਜਾਣ ਪਛਾਣ ਕਰ ਕੇ ਮੈਚਾਂ ਦੀ ਰਸਮੀ ਸ਼ੁਰੂਆਤ ਕੀਤੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਅਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ। ਇਸ ਮੌਕੇ ਹਲਕਾ ਇੰਚਾਰਜ ਸ. ਰਣਜੀਤ ਸਿੰਘ ਤਲਵੰਡੀ, ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ. ਸੰਤਾ ਸਿੰਘ ਉਮੈਦਪੁਰੀ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅੱਗਰਵਾਲ, ਖੰਨਾ ਦੇ ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਖੇਡ ਵਿਭਾਗ ਦੇ ਜੁਆਇੰਟ ਡਾਇਰੈਕਟਰ ਸ੍ਰੀ ਸੋਹਣ ਲਾਲ ਲੋਟੇ, ਸਹਾਇਕ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ ਤੇ ਓ.ਐਸ.ਡੀ. (ਖੇਡ ਵਿਭਾਗ) ਸ੍ਰੀ ਕਰਤਾਰ ਸਿੰਘ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ. ਰਣਜੀਤ ਸਿੰਘ ਖੰੇਨਾ ਆਦਿ ਹਾਜ਼ਰ ਸਨ।ਅੱਜ ਖੇਡੇ ਗਏ ਚਾਰ ਮੈਚਾਂ ਵਿੱਚ ਪੁਰਸ਼ ਵਰਗ ਵਿੱਚ ਭਾਰਤ ਨੇ ਸਪੇਨ ਅਤੇ ਇਰਾਨ ਨੇ ਆਸਟਰੇਲੀਆ ਅਤੇ ਮਹਿਲਾ ਵਰਗ ਵਿੱਚ ਪਾਕਿਸਤਾਨ ਨੇ ਇੰਗਲੈਂਡ ਤੇ ਡੈਨਮਾਰਕ ਨੇ ਅਜਰਬਾਈਜਾਨ ਨੂੰ ਹਰਾਇਆ। ਭਾਰਤ ਨੇ ਜਿੱਥੇ ਜੇਤੂ ਸ਼ੁਰੂਆਤ ਕੀਤੀ ਉਥੇ ਇਰਾਨ ਨੇ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ ਲਈ ਦਾਅਵਾ ਪੇਸ਼ ਕੀਤਾ। ਮਹਿਲਾ ਵਰਗ ਵਿੱਚ ਪਾਕਿਸਤਾਨ ਨੇ ਫਸਵੇਂ ਮੁਕਾਬਲੇ ਵਿੱਚ ਇੰਗਲੈਂਡ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਜਦੋਂ ਕਿ ਇੰਗਲੈਂਡ ਦੀ ਇਹ ਲਗਾਤਾਰ ਦੂਜੀ ਹਾਰ ਹੈ। ਡੈਨਮਾਰਕ ਟੀਮ ਨੇ ਪਹਿਲੀ ਵਾਰ ਹਿੱਸਾ ਲੈ ਰਹੀ ਅਜ਼ਰਬਾਈਜਾਨ ਨੂੰ ਹਰਾ ਕੇ ਖਾਤਾ ਖੋਲ੍ਹਿਆ।

ਮਹਿਲਾ ਵਰਗ ਵਿੱਚ ਡੈਨਮਾਰਕ ਨੇ ਅਜ਼ਰਬਾਈਜਾਨ ਨੂੰ 40-17 ਅੰਕਾਂ ਨਾਲ ਹਰਾਇਆ

ਅੱਜ ਖੰਨਾ ਵਿਖੇ ਉਸ ਵੇਲੇ ਦੋਹਰਾ ਇਤਿਹਾਸ ਸਿਰਜਿਆ ਗਿਆ, ਜਦੋਂ ਇਥੇ ਖੇਡੇ ਗਏ ਪਹਿਲੇ ਮੈਚ ਨਾਲ ਦੋ ਰਿਕਾਰਡ ਬਣੇ। ਖੰਨਾ ਜਿੱਥੇ ਵਿਸ਼ਵ ਕੱਪ ਦੇ ਹਲਮੈਚਾਂ ਦੀ ਮੇਜ਼ਬਾਨੀ ਵਾਲੇ ਸ਼ਹਿਰਾਂ ਵਿੱਚ ਸ਼ੁਮਾਰ ਹੋ ਗਿਆ, ਉਥੇ ਮਹਿਲਾ ਵਰਗ ਵਿਚ ਅਜਰਬਾਈਜ਼ਾਨ ਦੀ ਟੀਮ ਨੇ ਆਪਣਾ ਪਲੇਠਾ ਵਿਸ਼ਵ ਕੱਪ ਮੈਚ ਖੇਡਿਆ। ਡੈਨਮਾਰਕ ਨੇ ਭਾਵੇਂ ਅਜ਼ਰਬਾਈਜ਼ਾਨ ਨੂੰ 40-17 ਅੰਕਾਂ ਦੇ ਫਰਕ ਨਾਲ ਹਰਾ ਦਿੱਤਾ ਪਰ ਅਜ਼ਰਬਾਈਜ਼ਾਨ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਵਧੀਆ ਖੇਡ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਡੈਨਿਸ਼ ਟੀਮ ਅੱਧੇ ਸਮੇਂ ਤੱਕ 23-5 ਅੰਕਾਂ ਨਾਲ ਅੱਗੇ ਸੀ। ਡੈਨਿਸ਼ ਰੇਡਰਾਂ ਵਿੱਚੋਂ ਮਿਲੀ ਨੇ 8 ਤੇ ਸੁਕਾਨਿਆ ਨੇ 2 ਅੰਕ ਬਟੋਰੇ, ਜਦੋਂ ਕਿ ਜਾਫੀਆਂ ਵਿੱਚੋਂ ਕੈਮਿਲਾ ਨੇ 9, ਪਰੀਮਾ ਨੇ 5 ਤੇ ਪਰਮਿਲੀ ਨੇ 3 ਜੱਫੇ ਲਗਾਏ। ਅਜ਼ਰਬਾਈਜ਼ਾਨ ਟੀਮ ਵੱਲੋਂ ਰੇਡਰ ਜ਼ਾਵਰਜ਼ਾਦੇ ਨੇ 4 ਤੇ ਰੁਸਤੈਨ ਨੇ ਇੱਕ ਅੰਕ ਲਿਆ। ਜਾਫੀਆਂ ਵਿੱਚੋਂ ਰਾਹੀਮਾ ਨੇ 5 ਤੇ ਲਾਇਲਾ ਨੇ 4 ਜੱਫੇ ਲਗਾਏ। 

ਪੁਰਸ਼ ਵਰਗ-ਇਰਾਨ ਨੇ ਆਸਟਰੇਲੀਆ ਨੂੰ 58-29 ਨਾਲ ਹਰਾਇਆ

ਅਮਰੀਕਾ ਨੂੰ ਪਹਿਲੇ ਹੀ ਮੈਚ ਵਿੱਚ ਹਰਾ ਕੇ ਉਲਟਫੇਰ ਕਰਨ ਵਾਲੀ ਇਰਾਨ ਦੀ ਟੀਮ ਨੇ ਸੈਮੀਫਾਈਨਲ ਵੱਲ ਕਦਮ ਵਧਾਉਂਦਿਆਂ ਅੱਜ ਖੇਡੇ ਗਏ ਆਪਣੇ ਅਤੇ ਦਿਨ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 58-29 ਦੇ ਵੱਡੇ ਫਰਕ ਨਾਲ ਹਰਾ ਕੇ ਦੂਜੀ ਜਿੱਤ ਹਾਸਲ ਕੀਤੀ। ਪੁਰਸ਼ ਵਰਗ ਦੇ ਖੇਡੇ ਮੈਚ 'ਚ ਇਰਾਨ ਟੀਮ ਅੱਗੇ ਕੰਗਾਰੂ ਖਿਡਾਰੀਆਂ ਦੀ ਇੱਕ ਨਾ ਚੱੱਲੀ। ਅੱਧੇ ਸਮੇਂ ਤੱਕ ਇਰਾਨ ਟੀਮ 26-16 ਅੰਕਾਂ ਨਾਲ ਅੱਗੇ ਸੀ। ਇਰਾਨ ਦੇ ਰੇਡਰਾਂ ਵਿੱਚੋਂ ਬਹਿਮਾਨ ਨੇ 8 ਤੇ ਪੇਅਮੇ ਨੇ 6 ਅੰਕ ਲਏ ਜਦਕਿ ਜਾਫੀ ਅਲੀਵੀਜ਼ਾ ਨੇ 7 ਤੇ ਮੁਜ਼ਾਬਾ ਨੇ 5 ਜੱਫੇ ਲਗਾਏ। ਆਸਟਰੇਲੀਆ ਟੀਮ ਵੱਲੋਂ ਰੇਡਰ ਤਰਨਪ੍ਰੀਤ ਨੇ 11 ਤੇ ਨਵਪ੍ਰੀਤ ਨੇ 5 ਅੰਕ ਲਏ। ਜਦਕਿ ਜਾਫੀ ਤਜਿੰਦਰ ਨੇ 3 ਜੱਫੇ ਲਗਾਏ। 

ਮਹਿਲਾ ਵਰਗ-ਪਾਕਿਸਤਾਨ ਨੇ ਇੰਗਲੈਂਡ ਨੂੰ 39-38 ਨਾਲ ਹਰਾਇਆ

ਦਿਨ ਦਾ ਤੀਜਾ ਮਹਿਲਾ ਵਰਗ ਦੀਆਂ ਟੀਮਾਂ ਇੰਗਲੈਂਡ ਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ। ਇਹ ਮੈਚ ਬਹੁਤ ਹੀ ਕਾਂਟੇ ਦੀ ਟੱਕਰ ਵਾਲਾ ਰਿਹਾ। ਇਸ ਮੈਚ ਦੇ ਨਤੀਜੇ ਨੇ ਇਸ ਪੂਲ ਦੀ ਸਥਿਤੀ ਹੋਰ ਵੀ ਫਸਵੀਂ ਬਣਾ ਦਿੱਤੀ। ਪਾਕਿਸਤਾਨ ਨੇ ਦੂਜੇ ਅੱਧ ਵਿੱਚ ਵਾਪਸੀ ਕਰਦਿਆਂ ਇਕ ਅੰਕ ਦੇ ਫਰਕ ਨਾਲ ਜਿੱਤ ਹਾਸਲ ਕਰਦਿਆਂ ਇੰਗਲੈਂਡ ਨੂੰ 39-38 ਨਾਲ ਹਰਾਇਆ। ਅੱਧੇ ਸਮੇਂ ਤੱਕ ਇੰਗਲੈਂਡ ਦੀ ਟੀਮ ਪਾਕਿਸਤਾਨ ਟੀਮ ਨਾਲੋਂ 20-15 ਅੰੰਕਾਂ ਨਾਲ ਅੱਗੇ ਸੀ ਪਰ ਦੂਜੇ ਅੱਧ ਵਿੱਚ ਇੰਗਲਿਸ਼ ਖਿਡਾਰਨਾਂ ਲੀਡ ਕਾਇਮ ਨਾ ਰੱਖ ਸਕੀ ਅਤੇ ਇਕ ਅੰਕ ਦੇ ਫਰਕ ਨਾਲ ਹਾਰ ਗਈ। ਪਾਕਿਸਤਾਨ ਦੀਆਂ ਰੇਡਰਾਂ ਵਿੱਚੋਂ ਮਦੀਹਾ ਨੇ 19 ਤੇ ਸਾਹਰੀਸ਼ ਨੇ 12 ਅੰਕ ਲਏ ਜਦੋਂ ਕਿ ਜਾਫੀ ਸਾਰੀਆ ਨੇ 5 ਜੱਫੇ ਲਾਏ। ਇੰਗਲੈਂਡ ਦੀ ਰੇਡਰ ਕ੍ਰਿਸਟਾ ਨੇ 17, ਅਬੀਹੇਲ ਨੇ 10 ਤੇ ਜੋਏਨ ਨੇ 5 ਅੰਕ ਲਏ ਜਦੋਂ ਕਿ ਇੰਗਲੈਂਡ ਦੀ ਜਾਫੀ ਰੇਸ਼ਲ ਨੇ 3 ਜੱਫੇ ਲਾਏ।

ਪੁਰਸ਼ ਵਰਗ-ਭਾਰਤ ਨੇ ਸਪੇਨ ਨੂੰ 51-38 ਨਾਲ ਹਰਾਇਆ

ਦਿਨ ਦਾ ਚੌਥਾ ਅਤੇ ਆਖ਼ਰੀ ਮੈਚ ਭਾਰਤ ਅਤੇ ਸਪੇਨ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਮੈਚ ਵਿੱਚ ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਆਸ ਅਨੁਸਾਰ ਜਿੱਤ ਹਾਸਲ ਕੀਤੀ। ਸਪੇਨ ਟੀਮ ਵੀ ਊਣੀ ਨਹੀਂ ਜਾਪੀ ਅਤੇ ਦਰਸ਼ਕਾਂ ਦਾ ਖੂਬ ਦਿਲ ਜਿੱਤਿਆ। ਭਾਰਤੀ ਖਿਡਾਰੀਆਂ ਨੇ ਇਸ ਨੂੰ ਅਭਿਆਸ ਮੈਚ ਵਜੋਂ ਲਿਆ ਅਤੇ ਜ਼ਿਆਦਾ ਜ਼ੋਰ ਨਹੀਂ ਲਗਾਇਆ। ਭਾਰਤੀ ਟੀਮ ਅੱਧੇ ਸਮੇਂ ਤੱਕ 29-16 ਨਾਲ ਅੱਗੇ ਸੀ। ਭਾਰਤੀ ਰੇਡਰਾਂ ਵਿੱਚੋਂ ਗਗਨ ਜੋਗੇਵਾਲ, ਸੰਦੀਪ ਸਿੰਘ ਸੁਰਖਪੁਰ ਤੇ ਬਲਰਾਮ ਭੂਰੇ ਬੱਗਾ ਨੇ 12-12 ਅੰਕ ਲਏ ਜਦੋਂ ਕਿ ਜਾਫੀ ਗੁਰਪ੍ਰੀਤ ਸਿੰਘ ਤੇ ਕੁਲਵੀਰ ਸਿੰਘ ਨੇ 3-3 ਜੱਫੇ ਲਾਏ। ਸਪੇਨ ਟੀਮ ਦੇ ਰੇਡਰਾਂ ਵਿੱਚੋਂ ਜੋਅਨ ਐਸਪੀਨੇ 13 ਤੇ ਸੈਂਟਿਆਗੋ ਨੇ 7 ਅੰਕ ਲਏ ਜਦੋਂ ਕਿ ਜਾਫੀ ਮਿਕਵੈਲ ਨੇ 1 ਜੱਫੇ ਲਾਏ।