ਪੰਜਵਾਂ ਕਬੱਡੀ ਵਿਸ਼ਵ ਕੱਪ-2014 : ਪੁਰਸ਼ ਵਰਗ ਵਿੱਚ ਪਾਕਿਸਤਾਨ, ਡੈਨਮਾਰਕ ਨੇ ਇੰਗਲੈਂਡ ਵੱਲੋਂ ਜਿੱਤਾਂ ਦਰਜ
ਮਹਿਲਾ ਵਰਗ ਵਿੱਚ ਵੀ ਪਾਕਿਸਤਾਨ ਨੇ ਕੀਤੀ ਜੇਤੂ ਸ਼ੁਰੂਆਤ
5 ਦਰਿਆ ਨਿਊਜ਼
ਰੂਪਨਗਰ/ਚੰਡੀਗੜ੍ਹ 09-Dec-2014
ਇਥੋਂ ਦੇ ਨਹਿਰੂ ਸਟੇਡੀਅਮ ਵਿਖੇ ਅੱਜ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਚਾਰ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਪੁਰਸ਼ ਵਰਗ ਵਿੱਚ ਪਾਕਿਸਤਾਨ, ਡੈਨਮਾਰਕ ਤੇ ਇੰਗਲੈਂਡ ਨੇ ਜਿੱਤਾਂ ਹਾਸਲ ਕੀਤੀਆਂ। ਮਹਿਲਾ ਵਰਗ ਵਿੱਚ ਵੀ ਪਾਕਿਸਤਾਨ ਨੇ ਜਿੱਤ ਹਾਸਲ ਕਰ ਕੇ ਆਪਣਾ ਸਫਰ ਸ਼ੁਰੂ ਕੀਤਾ।ਅੱਜ ਖੇਡੇ ਗਏ ਪਹਿਲੇ ਮੈਚ ਪੁਰਸ਼ ਵਰਗ ਵਿੱਚ ਸਵੀਡਨ ਨੇ ਅਰਜਨਟਾਈਨਾ ਨੂੰ 52-30, ਦੂਜੇ ਮੈਚ ਵਿੱਚ ਮਹਿਲਾ ਵਰਗ ਵਿੱਚ ਪਾਕਿਸਤਾਨ ਨੇ ਮੈਕਸੀਕੋ ਨੂੰ 45-20, ਤੀਜੇ ਮੈਚ ਵਿੱਚ ਪੁਰਸ਼ ਵਰਗ ਵਿੱਚ ਪਾਕਿਸਤਾਨ ਨੇ ਡੈਨਮਾਰਕ ਨੂੰ 69-24 ਅਤੇ ਚੌਥੇ ਮੈਚ ਵਿੱਚ ਪੁਰਸ਼ ਵਰਗ ਵਿੱਚ ਇੰਗਲੈਂਡ ਨੇ ਫਸਵੇਂ ਮੁਕਾਬਲੇ ਵਿੱਚ ਕੈਨੇਡਾ ਨੂੰ 39-37 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਦਿਨ ਦਾ ਚੌਥਾ ਮੈਚ ਸਭ ਤੋਂ ਵੱਧ ਫਸਵਾਂ ਅਤੇ ਰੌਚਕ ਰਿਹਾ। ਇਕ-ਇਕ ਅੰਕ ਲਈ ਸੰਘਰਸ਼ ਦੇਖਣ ਨੂੰ ਮਿਲਿਆ। ਇੰਗਲੈਂਡ ਟੀਮ ਇਸ ਜਿੱਤ ਨਾਲ ਸੈਮੀ ਫਾਈਨਲ ਵਿੱਚ ਪਹੁੰਚਣ ਦੀ ਵੱਡੀ ਦਾਅਵੇਦਾਰ ਹੋ ਗਈ।ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਪ ਮੁੱਖ ਮੰਤਰੀ. ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਤੇ ਡੈਨਮਾਰਕ ਦੇ ਪੁਰਸ਼ਾਂ ਦੀਆਂ ਟੀਮਾਂ ਨਾਲ ਮੁਲਾਕਾਤ ਕਰ ਕੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।
ਬਾਦਲ ਨੇ ਕਬੱਡੀ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਅੰਤਿਮ ਨਿਸ਼ਾਨਾ ਕਬੱਡੀ ਨੂੰ ਓਲੰਪਿਕ ਖੇਡਾਂ ਤੱਕ ਲਿਜਾਣਾ ਹੈ ਅਤੇ ਵਿਸ਼ਵ ਕੱਪ ਨੇ ਕਬੱਡੀ ਨੂੰ ਕੌਮਾਂਤਰੀ ਪਛਾਣ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਬੱਡੀ ਦਾ ਪਹਿਲਾ ਨਿਸ਼ਾਨਾ ਰਾਸ਼ਟਰਮੰਡਲ ਖੇਡਾਂ ਤੇ ਫੇਰ ਏਸ਼ਿਆਈ ਖੇਡਾਂ ਅਤੇ ਅੰਤਿਮ ਟੀਚਾ ਓਲੰਪਿਕ ਖੇਡਾਂ ਹੈ। ਅੱਜ ਦੇ ਵਿਸ਼ਵ ਕੱਪ ਦੇ ਮੈਚਾਂ ਦੀ ਪ੍ਰਧਾਨਗੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ। ਡਾ. ਚੀਮਾ ਨੇ ਪਹਿਲੇ ਮੈਚ ਵਿੱਚ ਖੇਡਣ ਵਾਲੀਆਂ ਅਰਜਨਟਾਈਨਾ ਤੇ ਸਵੀਡਨ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਅੱਜ ਦੇ ਮੈਚਾਂ ਦਾ ਰਸਮੀ ਉਦਘਾਟਨ ਕੀਤੀ।
ਪਹਿਲਾ ਮੈਚ: ਪੁਰਸ਼ ਵਰਗ ਵਿੱਚ ਸਵੀਡਨ ਨੇ ਅਰਜਨਟਾਈਨਾ ਨੂੰ ਹਰਾਇਆ
ਅੱਜ ਇਥੇ ਖੇਡੇ ਗਏ ਪਹਿਲੇ ਮੈਚ ਵਿੱਚ ਸਵੀਡਨ ਨੇ ਇਕਪਾਸੜ ਮੁਕਾਬਲੇ ਵਿੱਚ ਅਰਜਨਟਾਈਨਾ ਨੂੰ 52-30 ਨਾਲ ਹਰਾਇਆ। ਸੱਟਾਂ-ਫੇਟਾਂ ਨਾਲ ਜੂਝ ਰਹੀ ਅਰਜਨਟਾਈਨਾ ਦੀ ਟੀਮ ਨੇ ਮੁਕਾਬਲੇ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਵੀਡਨ ਅੱਗੇ ਟਿਕ ਨਾ ਸਕੀ। ਸਵੀਡਨ ਦੀ ਟੀਮ ਨੇ ਸ਼ੁਰੂ ਤੋਂ ਹੀ ਵੱਡੀ ਲੀਡ ਬਣਾ ਲਈ ਜੋ ਅੰਤ ਤੱਕ ਜੇਤੂ ਸਾਬਤ ਹੋਈ। ਅੱਧੇ ਸਮੇਂ ਤੱਕ ਸਵੀਡਨ ਟੀਮ 33-10 ਨਾਲ ਅੱਗੇ ਸੀ। ਸਵੀਡਨ ਦੇ ਰੇਡਰਾਂ ਤਰਫੋਂ ਮਨਦੀਪ ਸਿੰਘ ਨੇ 11 ਤੇ ਪਰਮਿੰਦਰ ਸਿੰਘ ਨੇ 9 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਅਜੇ ਨੇ 6 ਤੇ ਕੁਲਜਿੰਦਰ ਸਿੰਘ ਨੇ 5 ਜੱਫੇ ਲਾਏ। ਅਰਜਨਟਾਈਨਾ ਟੀਮ ਵੱਲੋਂ ਰੇਡਰ ਬਰੂਨੋ ਨੇ ਪੂਰਾ ਜ਼ੋਰ ਲਗਾਇਆ ਅਤੇ 14 ਅੰਕ ਇਕੱਲਿਆ ਹਾਸਲ ਕੀਤੇ। ਜਾਫੀ ਐਲਾਇਸ ਨੇ 3 ਜੱਫੇ ਲਾਏ।
ਦੂਜਾ ਮੈਚ: ਪਾਕਿਸਤਾਨ ਮਹਿਲਾ ਟੀਮ ਨੇ ਮੈਕਸੀਕੋ ਨੂੰ ਹਰਾਇਆ
ਰੂਪਨਗਰ ਵਿਖੇ ਖੇਡੇ ਗਏ ਦਿਨ ਦੇ ਦੂਜੇ ਮੈਚ ਵਿੱਚ ਮਹਿਲਾ ਵਰਗ ਵਿੱਚ ਪਾਕਿਸਤਾਨ ਨੇ ਮੈਕਸੀਕੋ ਨੂੰ 45-20 ਨਾਲ ਹਰਾਇਆ। ਪਾਕਿਸਤਾਨ ਟੀਮ ਦੀ ਰੇਡਰ ਤੇ ਜਾਫ ਲਾਈਨ ਦੋਵਾਂ ਨੇ ਜਬਰਦਸਤ ਪ੍ਰਦਰਸ਼ਨ ਕੀਤਾ। ਪਾਕਿਸਤਾਨ ਟੀਮ ਅੱਧੇ ਸਮੇਂ ਤੱਕ 23-9 ਨਾਲ ਅੱਗੇ ਸੀ। ਪਾਕਿਸਤਾਨ ਟੀਮ ਦੀਆਂ ਰੇਡਰਾਂ ਵਿੱਚ ਨਿਧਾ ਨੇ 7, ਨੀਲਮ ਨੇ 5 ਤੇ ਮਦੀਹਾ ਨੇ 4 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਸਾਰੀਆ ਨੇ 7 ਤੇ ਰੁਕਸਾਨਾ ਨੇ 3 ਜੱਫੇ ਲਾਏ। ਮੈਕਸੀਕੋ ਵੱਲੋਂ ਰੇਡਰ ਡਾਇਨਾ ਨੇ 9 ਤੇ ਕ੍ਰਿਸਟਾ ਨੇ 2 ਅੰਕ ਲਏ।
ਤੀਜਾ ਮੈਚ: ਪਾਕਿਸਤਾਨੀ ਮੁੰਡਿਆ ਨੇ ਵੀ ਡੈਨਮਾਰਕ ਨੂੰ ਹਰਾ ਕੇ ਜਿੱਤ ਦਰਜ ਕੀਤੀ
ਦਿਨ ਦੇ ਤੀਜੇ ਮੈਚ ਵਿੱਚ ਪੁਰਸ਼ ਵਰਗ ਵਿੱਚ ਪਾਕਿਸਤਾਨ ਨੇ ਵੱਡੀ ਜਿੱਤ ਹਾਸਲ ਕਰਦਿਆਂ ਡੈਨਮਾਰਕ ਨੂੰ 69-24 ਨੂੰ ਹਰਾਇਆ। ਪਾਕਿਸਤਾਨ ਟੀਮ ਨੇ ਖੇਡ ਦੇ ਚਾਰੇ ਕੋਨਿਆਂ ਵਿੱਚ ਡੈਨਿਸ਼ ਟੀਮ ਨੂੰ ਚਿੱਤ ਕੀਤਾ। ਅੱਧੇ ਸਮੇਂ ਤੱਕ ਪਾਕਿਸਤਾਨ 37-9 ਨਾਲ ਅੱਗੇ ਸੀ। ਪਾਕਿਸਤਾਨ ਦੇ ਰੇਡਰਾਂ ਤੇ ਜਾਫ ਲਾਈਨ ਨੇ ਡੈਨਿਸ਼ ਟੀਮ ਦੀ ਇਕ ਨਾ ਚੱਲਣ ਦਿੱਤੀ ਅਤੇ ਵੱਡੀ ਜਿੱਤ ਹਾਸਲ ਕਰ ਕੇ ਜੇਤੂ ਸ਼ੁਰੂਆਤ ਕੀਤੀ। ਪਾਕਿਸਤਾਨ ਦੇ ਰੇਡਰਾਂ ਵਿੱਚੋਂ ਰਹਿਮਾਨ ਨੇ 16, ਖਾਲਿਦ ਨੇ 15 ਤੇ ਮੁਹੰਮਦ ਨੇ 10 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਰਮਜ਼ਾਨ ਨੇ 8, ਅਕਮਲ ਨੇ 5 ਤੇ ਮੁਸ਼ਰਫ ਜੰਜੂਆ ਨੇ 3 ਜੱਫੇ ਲਾਏ। ਡੈਨਮਾਰਕ ਟੀਮ ਵੱਲੋਂ ਰੇਡਰ ਕੇਸਪਰ ਨੇ 6, ਕਾਸਪੇਰ ਨੇ 5 ਤੇ ਟੋਬਨ ਨੇ 4 ਅੰਕ ਲਏ।
ਚੌਥਾ ਮੈਚ: ਇੰਗਲੈਂਡ ਨੇ ਕੈਨੇਡਾ ਨੂੰ 39-37 ਨਾਲ ਹਰਾਇਆ
ਦਿਨ ਦੇ ਚੌਥੇ ਮੈਚ ਵਿੱਚ ਪੁਰਸ਼ ਵਰਗ ਵਿੱਚ ਇੰਗਲੈਂਡ ਨੇ ਫਸਵੇਂ ਤੇ ਕਾਂਟੇ ਦੀ ਟੱਕਰ ਵਾਲੇ ਮੈਚ ਵਿੱਚ ਕੈਨੇਡਾ ਨੂੰ 39-37 ਨਾਲ ਹਰਾ ਕੇ ਸੈਮੀ ਫਾਈਨਲ ਲਈ ਦਾਅਵਾ ਪੇਸ਼ ਕੀਤਾ। ਇੰਗਲੈਂਡ ਦੀ ਟੀਮ ਪਹਿਲੇ ਅੱਧ ਵਿੱਚ 19-17 ਨਾਲ ਅੱਗੇ ਸੀ ਅਤੇ ਇਹੋ ਦੋ ਅੰਕਾਂ ਦਾ ਫਰਕ ਅੰਤ ਵਿੱਚ ਜਿੱਤ ਵਿੱਚ ਬਦਲਿਆ। ਦੂਜੇ ਅੱਧ ਵਿੱਚ ਇੰਗਲੈਂਡ ਦੇ ਸਟਾਰ ਜਾਫੀ ਅਤੇ ਕਪਤਾਨ ਸੰਦੀਪ ਸਿੰਘ ਸੰਧੂ ਨੰਗਲ ਅੰਬੀਆ ਨੂੰ ਸੱਟ ਵੱਜ ਕਾਰਨ ਇੰਗਲੈਂਡ ਟੀਮ ਨੂੰ ਕਾਫੀ ਨੁਕਸਾਨ ਹੋਇਆ। ਇਕ ਵਾਰ 5 ਅੰਕਾਂ ਦੇ ਫਰਕ ਨਾਲ ਅੱਗੇ ਚੱਲ ਰਹੀ ਇੰਗਲੈਂਡ ਟੀਮ ਦੋ ਵਾਰ ਬਰਾਬਰੀ 'ਤੇ ਆਈ। ਸਕੋਰ ਇਕ ਵਾਰ 34-34 ਤੇ 36-36 ਵੀ ਹੋਇਆ ਅਤੇ ਅੰਤ ਵਿੱਚ 39-37 ਨਾਲ ਇੰਗਲੈਂਡ ਨੇ ਜਿੱਤ ਹਾਸਲ ਕੀਤੀ।
ਇੰਗਲੈਂਡ ਦੇ ਰੇਡਰਾਂ ਤਰਫੋਂ ਅਮਨਦੀਪ ਰਿਆੜ ਨੇ 9 ਤੇ ਅਵਤਾਰ ਸਿੰਘ ਨੇ 8 ਅੰਕ ਲਏ ਜਦੋਂ ਕਿ ਜਾਫੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆ ਨੇ 9 ਤੇ ਅਮਨਦੀਪ ਸਿੰਘ ਨੇ 3 ਜੱਫੇ ਲਾਏ ਜਦੋਂ ਕਿ ਕੈਨੇਡਾ ਤਰਫੋਂ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 10 ਤੇ ਗੁਰਪ੍ਰੀਤ ਸਿੰਘ ਨੇ 7 ਅੰਕ ਬਟੋਰੇ ਜਦੋਂ ਕਿ ਜਾਫੀ ਵਰਿੰਦਰ ਸਿੰਘ ਨੇ 7 ਤੇ ਕੁਲਵਿੰਦਰ ਸਿੰਘ ਨੇ 2 ਜੱਫੇ ਲਾਏ।