ਅਵਿਨਾਸ਼ ਚੰਦਰ ਦੇ ਅਸਤੀਫੇ ਤੋ ਪਹਿਲਾਂ ਮਜੀਠੀਆ ਦਾ ਅਸਤੀਫਾ ਮੰਗੇ ਪੰਜਾਬ ਭਾਜਪਾ
ਨਸ਼ਾ ਸਮਗਲਿੰਗ 'ਤੇ ਪੰਜਾਬ ਭਾਜਪਾ ਦਾ ਦੋਗਲਾ ਚਹਿਰਾ ਸਾਹਮਣੇ ਆਇਆ – ਬੈਂਸ ਭਰਾ
5 ਦਰਿਆ ਨਿਊਜ਼ (ਅਜੇ ਪਾਹਵਾ)
ਲੁਧਿਆਣਾ 08-Dec-2014
ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਤੋ ਆਜ਼ਾਦ ਵਿਧਾਇਕ ਭਰਾਵਾਂ ਦੀ ਜੋੜੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਇੱਕ ਸਾਂਝਾ ਪ੍ਰੈਸ ਨੋਟ ਜ਼ਾਰੀ ਕਰਦਿਆਂ ਪੰਜਾਬ ਭਾਜਪਾ 'ਤੇ ਦੋਗਲੀ ਸਿਆਸਤ ਕਰਨ ਦੇ ਗੰਭੀਰ ਦੋਸ਼ ਲਗਾਏ। ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਤੋ ਵਿਧਾਇਕ ਅਤੇ ਸੀ.ਪੀ.ਐਸ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਮੰਗ ਕਰਨ ਵਾਲੇ ਪੰਜਾਬ ਭਾਜਪਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਨਸ਼ਾ ਸਮਗਲਿੰਗ ਵਿੱਚ ਵਧੇਰੇ ਚਰਚਾ 'ਚ ਰਹੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅਸਤੀਫੇ ਦੀ ਮੰਗ ਕਰਨ ਤੋ ਕਿਓ ਗੁਰੇਜ਼ ਕਰ ਰਹੇ ਹਨ। ਵਿਧਾਇਕ ਬੈਂਸ ਨੇ ਕਿਹਾ ਕਿ ਸਮੁੱਚੇ ਵਿਸ਼ਵ ਵਿੱਚ ਵਸਦੇ ਪੰਜਾਬੀ ਇਸ ਗੱਲ ਤੋ ਭਲੀ ਭਾਂਤ ਜਾਣੂ ਹਨ ਕਿ ਕਿਸ ਤਰਾਂਹ ਅੰਤਰਰਾਸ਼ਟਰੀ ਡਰੱਗ ਸਮਗਲਰ ਜਗਦੀਸ਼ ਭੋਲਾ ਅਤੇ ਫਿਰ ਸਾਬਕਾ ਡੀ.ਜੀ.ਪੀ ਸ਼ਸੀਕਾਂਤ ਨੇ ਸਰੇਆਮ ਬਿਕਰਮ ਸਿੰਘ ਮਜੀਠੀਆ ਦਾ ਨਾਂ ਨਸ਼ਾ ਤਸਕਰਾਂ ਦੀ ਸੂਚੀ ਵਿੱਚ ਜ਼ਾਰੀ ਕੀਤਾ ਸੀ ਪਰੰਤੂ ਉਸ ਵਕਤ ਪੰਜਾਬ ਭਾਜਪਾ ਵੱਲੋ ਧਾਰੀ ਗਈ ਚੁੱਪੀ ਆਪਣੇ ਆਪ ਵਿੱਚ ਇੱਕ ਸਵਾਲ ਖੜ੍ਹਾ ਕਰਦੀ ਹੈ ਅਤੇ ਹੁਣ ਜਦੋ ਵਿਧਾਇਕ ਅਵਿਨਾਸ਼ ਚੰਦਰ ਦਾ ਨਾਂ ਨਸ਼ਾ ਤਸਕਰਾਂ ਨਾਲ ਜੁੜਿਆ ਤਾਂ ਪੰਜਾਬ ਭਾਜਪਾ ਪੱਬਾਂ ਭਾਰ ਹੋ ਕੇ ਉਹਨਾਂ ਦੀ ਅਸਤੀਫੇ ਦੀ ਮੰਗ ਕਰਨ ਲੱਗ ਪਈ ਹੈ ਜਦਕਿ ਪੰਜਾਬ ਭਾਜਪਾ ਵੱਲੋ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਇੱਕ ਵਾਰ ਵੀ ਚਰਚਾ ਵਿੱਚ ਨਹੀਂ ਲਿਆਂਦਾ ਗਿਆ।
ਉਹਨਾਂ ਸੰਖੇਪ 'ਚ ਦੱਸਿਆ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਸਾਬਕਾ ਜੇਲ੍ਹ ਮੰਤਰੀ ਸ. ਸਰਵਨ ਸਿੰਘ ਫਿਲੌਰ ਤੋ ਵੀ ਕੈਬਿਨੇਟ ਮੰਤਰੀ ਤੋ ਅਸਤੀਫਾ ਲੈ ਲਿਆ ਗਿਆ ਪਰੰਤੂ ਜੇਕਰ ਸਰਵਨ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਮੰਗ ਦੀ ਆਵਾਜ਼ ਬੁਲੰਦ ਹੋਈ ਤਾਂ ਬਿਕਰਮ ਸਿੰਘ ਮਜੀਠੀਆ ਲਈ ਪੰਜਾਬ ਭਾਜਪਾ ਵੱਲੋ ਦੋਹਰੇ ਮਾਪਦੰਡ ਕਿਓ..? ਵਿਧਾਇਕ ਭਰਾਵਾਂ ਨੇ ਦੱਸਿਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਰਕ ਵਿੱਚ ਧਕੇਲਣ ਵਾਲੇ ਨਸ਼ਾਂ ਤਸਕਰਾਂ 'ਤੇ ਪੰਜਾਬ ਭਾਜਪਾ ਦਾ ਇਸ ਕਦਰ ਦੋਗਲਾ ਚਹਿਰਾ ਆਪਣੇ ਆਪ ਵਿੱਚ ਇੱਕ ਸਵਾਲ ਖੜ੍ਹਾ ਕਰਦਾ ਹੈ। ਉਹਨਾਂ ਦੱਸਿਆ ਕਿ ਜੇਕਰ ਅਸਲੀਅਤ ਵਿੱਚ ਪੰਜਾਬ ਭਾਜਪਾ ਨਸ਼ਾ ਸਮਗਲਿੰਗ ਕਰਕੇ ਵਿਧਾਇਕ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ ਤਾਂ ਇਸ ਸੂਚੀ ਵਿੱਚ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅਸਤੀਫੇ ਦੀ ਮੰਗ ਪਹਿਲਾਂ ਕਰਨੀ ਚਾਹੀਦੀ ਸੀ ਜੋ ਕਿ ਨਹੀ ਕੀਤੀ ਗਈ।