ਡਿਪਟੀ ਕਮਿਸ਼ਨਰ ਵੱਲੋਂ ਅਚਾਨਕ ਛਾਪਾਮਾਰੀ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਮੇਤ 36 ਅਧਿਕਾਰੀ ਗੈਰਹਾਜ਼ਰ ਤੇ 30 ਲੇਟ ਲਤੀਫ਼ ਮਿਲੇ
ਨਗਰ ਨਿਗਮ ਅਤੇ ਖੁਰਾਕ ਸਪਲਾਈ ਦਫ਼ਤਰਾਂ ਦੀ ਛਾਪਾਮਾਰੀ
5 ਦਰਿਆ ਨਿਊਜ਼
ਲੁਧਿਆਣਾ 03-Dec-2014
ਡਿਪਟੀ ਕਮਿਸ਼ਨਰ ਰਜਤ ਅਗਰਵਾਲ ਵੱਲੋਂ ਅੱਜ ਸਵੇਰੇ 9.05 ਵਜੇ ਨਗਰ ਨਿਗਮ ਦੇ ਜ਼ੋਨ ਡੀ ਇਮਾਰਤ ਵਿੱਚ ਚੱਲਦੇ ਦਫ਼ਤਰਾਂ ਦੀ ਕੀਤੀ ਗਈ ਅਚਨਚੇਤ ਛਾਪਾਮਾਰੀ ਦੌਰਾਨ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਪੱਛਮੀ) ਸ੍ਰੀ ਲਵਕੇਸ਼ ਸ਼ਰਮਾ ਸਮੇਤ 36 ਅਧਿਕਾਰੀ ਅਤੇ ਕਰਮਚਾਰੀ ਗੈਰ-ਹਾਜ਼ਰ ਪਾਏ ਗਏ, ਜਦਕਿ 30 ਅਧਿਕਾਰੀ ਅਤੇ ਕਰਮਚਾਰੀ ਸਮੇਂ ਤੋਂ ਦੇਰੀ ਨਾਲ ਦਫ਼ਤਰ ਪੁੱਜੇ।ਦੱਸਣਯੋਗ ਹੈ ਕਿ ਅੱਜ ਸਵੇਰੇ ਡਿਪਟੀ ਕਮਿਸ਼ਨਰ ਜਿਉਂ ਹੀ ਨਗਰ ਨਿਗਮ ਦੀ ਇਮਾਰਤ ਵਿੱਚ ਪੁੱਜੇ ਤਾਂ ਉਨ੍ਹਾਂ ਨਗਰ ਨਿਗਮ ਦਫ਼ਤਰ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰਾਂ ਦੇ ਹਾਜ਼ਰੀ ਰਜਿਸਟਰ ਆਪਣੇ ਕਬਜ਼ੇ ਵਿੱਚ ਲੈ ਲਏ। ਇਸ ਦੌਰਾਨ ਪਾਇਆ ਗਿਆ ਕਿ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਪੂਰਬੀ) ਮਿਸ ਸੋਨਾ ਥਿੰਦ ਦਫ਼ਤਰੀ ਫੀਲਡ ਦੌਰੇ 'ਤੇ ਸਨ, ਜਦਕਿ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਪੱਛਮੀ) ਸ੍ਰੀ ਲਵਕੇਸ਼ ਸ਼ਰਮਾ ਗੈਰ-ਹਾਜ਼ਰ ਸਨ। ਪੂਰੀ ਛਾਪਾਮਾਰੀ ਦੌਰਾਨ ਕੁੱਲ 36 (ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰਾਂ ਦੇ 24 ਅਤੇ ਨਗਰ ਨਿਗਮ ਦਫ਼ਤਰ ਦੇ 12) ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਕੁੱਲ 30 (ਨਗਰ ਨਿਗਮ ਦੇ 12 ਅਤੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰਾਂ ਦੇ 18) ਅਧਿਕਾਰੀ ਅਤੇ ਕਰਮਚਾਰੀ ਲੇਟ ਲਤੀਫ਼ ਪਾਏ ਗਏ। ਤਿੰਨਾਂ ਦਫ਼ਤਰਾਂ ਤੋਂ ਕੁੱਲ 28 (ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰਾਂ ਦੇ 13 ਅਤੇ ਨਗਰ ਨਿਗਮ ਦਫ਼ਤਰ ਦੇ 15) ਅਧਿਕਾਰੀ ਅਤੇ ਕਰਮਚਾਰੀ ਛੁੱਟੀ 'ਤੇ ਸਨ। ਤਿੰਨਾਂ ਦਫ਼ਤਰਾਂ ਦੇ ਕੁੱਲ 240 ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚੋਂ ਕੁੱਲ 146 ਹਾਜ਼ਰ ਸਨ।
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰਾਂ ਦੇ ਕੁੱਲ 89 ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚੋਂ ਕੇਵਲ 34 ਮੌਕੇ 'ਤੇ ਹਾਜ਼ਰ ਪਾਏ ਗਏ ਅਤੇ ਨਗਰ ਨਿਗਮ ਦੇ ਕੁੱਲ 151 ਵਿੱਚੋਂ 112 ਹਾਜ਼ਰ ਸਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਗੈਰਹਾਜ਼ਰ ਜਾਂ ਲੇਟ ਲਤੀਫ਼ ਪਾਏ ਗਏ ਹਨ, ਉਨ੍ਹਾਂ ਨੂੰ ਲਿਖ਼ਤੀ ਚਿਤਾਵਨੀ ਦਿੱਤੀ ਜਾਵੇਗੀ, ਜੇਕਰ ਭਵਿੱਖ ਵਿੱਚ ਇਹ ਦੁਬਾਰਾ ਗੈਰਹਾਜ਼ਰ ਜਾਂ ਲੇਟ ਪਾਏ ਜਾਣਗੇ ਤਾਂ ਇਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਸਿਰ ਡਿਊਟੀ 'ਤੇ ਆਉਣ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਾਰ ਕਰਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਜਾਂ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਐÎੱਸ. ਡੀ. ਐੱਮ. (ਪੱਛਮੀ) ਸ੍ਰ. ਕੁਲਜੀਤਪਾਲ ਸਿੰਘ ਮਾਹੀ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸ੍ਰ. ਪਰਮਜੀਤ ਸਿੰਘ ਘੁੰਮਣ ਅਤੇ ਹੋਰ ਅਧਿਕਾਰੀ ਹਾਜ਼ਰ ਸਨ।