5 Dariya News

ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ 'ਚ ਪੰਜਾਬ ਪੈਵੀਲੀਅਨ ਬਣਿਆ ਖਿੱਚ ਦਾ ਕੇਂਦਰ

ਪੰਜਾਬ ਨੂੰ ਵਧੀਆ ਢੰਗ ਨਾਲ ਪੇਸ਼ ਕਰਨ 'ਤੇ ਮਦਨ ਮੋਹਨ ਮਿੱਤਲ ਵਲੋਂ ਸ਼ਲਾਘਾ

5 ਦਰਿਆ ਨਿਊਜ਼

ਚੰਡੀਗੜ੍ਹ 22-Nov-2014

ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 34ਵੇਂ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ ਵਿੱਚ ਪੰਜਾਬ ਪੈਵੀਲੀਅਨ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਪੈਵੀਲੀਅਨ ਵਿਖੇ ਪੰਜਾਬ ਦਿਵਸ ਦੀਆਂ ਰੌਣਕਾਂ ਵੇਖਣ ਵਾਲੀਆਂ ਸਨ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਦਰਾਮਦ ਕਾਰਪੋਰੇਸ਼ਨ (ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮ:, ਪੀ ਵਲੋਂ ਇੱਕ ਸੱਭਿਆਚਾਰਕ ਸ਼ਾਮ ਵੀ ਕਰਵਾਈ ਗਈ, ਜਿਸ ਵਿੱਚ ਮਸ਼ਹੂਰ ਗਾਇਕਾ ਮਿਸ ਪੂਜਾ ਨੇ ਆਪਣੇ ਗੀਤਾਂ ਰਾਹੀ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ  ਉਦਯੋਗ ਅਤੇ ਵਣਜ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੇ ਪਾਰਲੀਮਾਨੀ ਮਾਮਲੇ ਮੰਤਰੀ ਮਦਨ ਮੋਹਨ ਮਿੱਤਲ ਪਧਾਰੇ। ਉਨ੍ਹਾਂ ਇਸ ਵਪਾਰ ਮੇਲੇ ਵਿੱਚ ਪੰਜਾਬ ਨੂੰ ਪੇਸ਼ ਕੀਤੇ ਜਾਣ ਦੇ ਢੰਗ ਦੀ ਰੱਜਵੀਂ ਤਾਰੀਫ ਕੀਤੀ।  

ਪੰਜਾਬ ਪੈਵੀਲੀਅਨ ਦਾ ਨਜ਼ਾਰਾ ਇਸ ਮੌਕੇ ਵੇਖਦੇ ਹੀ ਬਣਦਾ ਸੀ। ਇਸ ਦੇ ਮੁੱਖ ਦੁਆਰ ਵਿੱਚ ਇੱਕ ਔਰਤ ਦਾ ਵੱਡਾ ਮੁਜੱਸਮਾ ਖੜ੍ਹਾ ਕੀਤਾ ਗਿਆ ਸੀ, ਜੋ ਕਿ ਇਹ ਦਰਸਾਉਂਦਾ ਸੀ ਕਿ ਕਿਵੇਂ ਇੱਕ ਔਰਤ ਆਪਣੀ ਮਿਹਨਤ ਨਾਲ ਆਪਣੀ ਤਕਦੀਰ ਖੁਦ ਲਿਖਦੀ ਹੈ। ਇਸ ਮੌਕੇ ਉਦਮ ਦੇ ਖੇਤਰ ਵਿੱਚ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਹੀਆਂ ਔਰਤਾਂ ਨੂੰ ਵੀ ਬਾਖੂਬੀ ਦਰਸਾਇਆ ਗਿਆ ਸੀ। ਮੁਟਿਆਰ ਕੁੜੀਆਂ ਦੀ ਖੁਦ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਵੀ ਬੜੇ ਸੋਹਣੇ ਢੰਗ ਨਾਲ ਪ੍ਰਦਰਸ਼ਿਤ ਕੀਤੀ ਗਈ ਸੀ। ਇਸ ਪੈਵੀਲੀਅਨ ਵਿੱਚ ਹਰੀ ਤੇ ਚਿੱਟੀ ਕ੍ਰਾਂਤੀ ਨੂੰ ਵੀ ਬੜੇ ਹੀ ਸੁਹਜਾਤਮਕ ਢੰਗ ਨਾਲ ਦਿਖਾਇਆ ਗਿਆ ਸੀ। ਪੰਜਾਬ ਦੇ ਲਹਿਲਹਾਉਂਦੇ ਹੋਏ ਹਰੇ-ਭਰੇ ਖੇਤ, ਗੱਭਰੂਆਂ ਤੇ ਮੁਟਿਆਰਾਂ ਵਲੋਂ ਰੰਗ-ਬਿਰੰਗੇ ਕੱਪੜਿਆਂ ਵਿੱਚ ਪੰਜਾਬ ਦੇ ਲੋਕ-ਨਾਚ ਦੀ ਪੇਸ਼ਕਾਰੀ ਦੀਆਂ ਤਸਵੀਰਾਂ ਨੂੰ ਵੀ ਖੂਬ ਸ਼ਲਾਘਾ ਹਾਸਿਲ ਹੋਈ। ਹਰੀ ਊਰਜਾ ਨੂੰ ਬੇਹੱਦ ਸੁਚੱਜੇ ਢੰਗ ਨਾਲ ਦਰਸਾਕੇ ਸੂਬੇ ਦੀ ਤਰੱਕੀ ਦੀ ਬਾਤ ਪਾਉਂਦਾ 'ਵਿਕਾਸ ਦਾ ਰੁੱਖ' (ਟਰੀ ਆਫ ਗਰੋਥ) ਵੀ ਵੇਖਣ ਵਾਲਿਆਂ ਨੂੰ ਕਾਫੀ ਪ੍ਰਭਾਵਿਤ ਕਰ ਗਿਆ। 

ਇਸ ਸਮੇਂ ਕਲਾ ਅਤੇ ਦਸਤਕਾਰੀਆਂ ਜਿਵੇਂ ਕਿ ਪਰੰਪਰਾਗਤ ਫੁਲਕਾਰੀ ਕਲਾ ਦੀ ਵੀ ਚੰਗੀ ਪੇਸ਼ਕਾਰੀ ਕੀਤੀ ਗਈ। ਪੰਜਾਬ ਨੂੰ ਦੇਸ਼ ਦੇ ਅੰਨ-ਭੰਡਾਰ ਵਜੋਂ ਦਰਸਾਉਂਦੇ ਅਤੇ ਦੁੱਧ ਕ੍ਰਾਂਤੀ ਦੇ ਮਾਡਲਾਂ ਨੇ ਵੀ ਲੋਕਾਂ ਦਾ ਕਾਫੀ ਧਿਆਨ ਖਿੱਚਿਆ। ਇਸ ਤੋਂ ਇਲਾਵਾ ਪੰਜਾਬ ਦੇ ਲਘੂ ਉਦਯੋਗਾਂ ਦੀਆਂ ਪ੍ਰਾਪਤੀਆਂ ਬਾਰੇ ਲਾਈ ਪ੍ਰਦਰਸ਼ਨੀ ਵੀ ਲਾਜਵਾਬ ਸੀ। ਇਸ ਮੌਕੇ ਪੰਜਾਬੀ ਜੁੱਤੀਆਂ, ਸੂਟਾਂ ਅਤੇ ਅੰਮ੍ਰਿਤਸਰੀ ਪਾਪੜ ਵੜੀਆਂ ਦੀ ਮੌਜੂਦ ਲੋਕਾਂ ਨੇ ਰੱਜ ਕੇ ਖਰੀਦਦਾਰੀ ਕੀਤੀ। ਇਸ ਸਮੇਂ ਪੰਜਾਬ ਦੇ ਉਦਯੋਗ ਅਤੇ ਵਣਜ ਸਕੱਤਰ ਤੇ ਡਾਇਰੈਕਟਰ ਰਮਿੰਦਰ ਸਿੰਘ, ਆਈ ਪੀ ਦੇ ਚੇਅਰਮੈਨ ਸ਼ਕਤੀ ਸ਼ਰਮਾ ਅਤੇ ਪੀ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਯਸ਼ਵੀਰ ਮਹਾਜਨ, ਆਈ ਨੇ ਵੀ ਪੰਜਾਬ ਪੈਵੀਲੀਅਨ ਦਾ ਦੌਰਾ ਕੀਤਾ।