ਇੱਕ ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦਾ ਟੀਚਾ : ਮਦਨ ਮੋਹਨ ਮਿੱਤਲ
ਹੁਨਰ ਵਿਕਾਸ ਤੇ ਪੇਸ਼ੇਵਰ ਸਿਖਲਾਈ ਨੂੰ ਮਿਲੇਗਾ ਹੁਲਾਰਾ
5 Dariya News
ਚੰਡੀਗੜ੍ਹ 09-Nov-2014
ਪੰਜਾਬ ਸਰਕਾਰ ਨੇ ਪ੍ਰਤੀ ਵਰੇ ਇੱਕ ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਪੇਸ਼ੇਵਰ ਸਿਖਲਾਈ ਦੇਣ ਲਈ ਇੱਕ ਵੱਡਾ ਹੰਭਲਾ ਮਾਰਿਆ ਹੈ ਤਾਂ ਜੋਂ ਮੋਜੂਦਾ ਅਤੇ ਆਉਣਵਾਲੇ ਸਮੇਂ ਦੇ ਨਵੀਂ ਤਕਨੀਕ ਦੇ ਉਦਯੋਗਾ ਲਈ ਲੋੜੀਂਦੇ ਪੇਸ਼ੇਵਰ ਤੇ ਹੁਨਰਮੰਦ ਕਰਮਚਾਰੀ ਮਿਲ ਸਕਣ। ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਅੱਜ ਕਿਹਾ ਕਿ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਿਲਾਈ ਵਿਭਾਗੀ ਨੇ ਸੂਬੇ ਵਿੱਚ ਪੇਸ਼ੇਵਰ ਸਿਖਲਾਈ ਅਤੇ ਹੁਨਰ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਹਨ, ਤਾਂ ਜੋ ਸੂਬੇ ਦੇ ਵਿਦਿਆਰਥੀ ਅਜੋਕੇ ਤਕਨੀਕੀ ਯੁੱਗ ਵਿੱਚ ਤਾਜ਼ਾ ਤਕਨੀਕੀ ਹੁਨਰਮੰਦੀ ਹਾਸਲ ਕਰਨ ਦੀ ਦੌੜ ਵਿੱਚ ਪਿਛੜ ਨਾ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ 8 ਇੰਜੀਨੀਅਰਿੰਗ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਗੁਣਵੱਤਾ ਸੁਧਾਰ ਪ੍ਰੋਗਰਾਮ ਨੂੰ ਚਾਲੂ ਕਰ ਦਿੱਤਾ ਗਿਆ ਹੈ ਤਾਂ ਜੋ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਹੋ ਸਕੇ ਅਤੇ ਵਿਦਿਆਰਥੀ ਤਕਨੀਕੀ ਜਾਣਕਾਰੀ ਨਾਲ ਲਬਰੇਜ਼ ਹੋ ਸਕਣ। ਇਸ ਕਾਰਜ ਉਤੇ 83.90 ਕਰੋੜ ਰੁਪਏ ਦਾ ਖਰਚ ਆਇਆ ਹੈ।ਮਿੱਤਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਟੋਯੋਟਾ ਮੋਟਰਜ਼ ਲਿਮਟਿਡ ਦੇ ਸਹਿਯੋਗ ਨਾਲ ਆਈ.ਟੀ.ਆਈ. ਲੁਧਿਆਣਾ ਅਤੇ ਆਈ.ਟੀ.ਆਈ. ਲਾਲੜੂ ਵਿਖੇ ਬਾਡੀ ਤੇ ਪੇਂਟ ਦੀ ਸਿਖਲਾਈ ਦੇਣ ਲਈ ਸੰਸਥਾ ਸਥਾਪਿਤ ਕੀਤੀ ਗਈ ਹੈ। ਇਸ ਨਿਵੇਕਲੇ ਉਦਮ ਦੇ ਸ਼ਾਨਦਾਰ ਨਤੀਜੇ ਨਿਕਲੇ ਹਨ ਅਤੇ ਇਨ੍ਹਾਂ ਸੰਸਥਾਵਾਂ ਵਿਚੋਂ ਕੋਰਸ ਪਾਸ ਕਰਕੇ ਨਿਕਲਣ ਵਾਲੇ ਵਿਦਿਆਰਥੀ ਵਧੀਆ ਨੌਕਰੀਆਂ ਹਾਸਲ ਕਰਨ ਵਿੱਚ ਸੌ ਫੀਸਦੀ ਸਫਲ ਹੋਏ ਹਨ। ਇੰਨਾ ਹੀ ਨਹੀਂ ਸਗੋਂ ਸੂਬੇ ਵਿੱਚ ਦੋ ਬਹੁ-ਵਿਸ਼ੇ ਵਾਲੀਆਂ ਅਕੈਡਮੀਆਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਮਾਨਸਾ, ਹੁਸ਼ਿਆਰਪੁਰ, ਖੂਨੀਮਾਜਰਾ, ਬਟਾਲਾ ਅਤੇ ਕਪੂਰਥਲਾ ਵਿਖੇ ਪੰਜ ਸੰਸਥਾਵਾਂ ਨੂੰ ਪੰਜਾਬ ਇੰਸਟੀਚਿਊਟ ਆਫ ਟੈਕਨਾਲੌਜੀ ਦਾ ਨਾਮ ਦੇ ਦਿੱਤਾ ਗਿਆ ਹੈ। ਇਸ ਉਦਮ ਉਤੇ 91.77 ਕਰੋੜ ਰੁਪਏ ਖਰਚ ਹੋਏ ਹਨ।
ਬੁਲਾਰੇ ਅਨੁਸਾਰ ਜਲੰਧਰ ਅਤੇ ਬਠਿੰਡਾ ਵਿਖੇ ਦੋ ਕਮਿਊਨਿਟੀ ਕਾਲਜ ਵੀ ਸਥਾਪਿਤ ਕੀਤੇ ਗਏ ਹਨ, ਜਿਸ ਵਿੱਚ ਹੈਕਨੇ ਕਮਿਊਨਿਟੀ ਕਾਲਜ, ਲੰਡਨ ਨੇ ਵਿਸ਼ੇਸ਼ ਸਹਿਯੋਗ ਕੀਤਾ ਹੈ। ਆਈ.ਟੀ.ਆਈ. ਸੰਸਥਾਵਾਂ ਵਿੱਚ ਦਾਖਲੇ ਲਈ ਆਨ-ਲਾਈਨ ਦਾਖਲਾ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਬਾਬਤ www.punjabiti.gov.in ਨਾਮ ਦੀ ਇੱਕ ਵੈਬ ਸਾਈਟ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਵਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਆਦਮਪੁਰ (ਜਲੰਧਰ), ਮਲੌਦ (ਲੁਧਿਆਣਾ), ਨਿਆਰੀ (ਗੁਰਦਾਸਪੁਰ), ਮਾਣਕਪੁਰ ਸ਼ਰੀਫ (ਮੋਹਾਲੀ) ਅਤੇ ਸਿੰਘਪੁਰਾ (ਰੂਪਨਗਰ) ਵਿਖੇ ਪੰਜ ਆਈ.ਟੀ.ਆਈ. ਸੰਸਥਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਪੱਛੜੀ ਸ਼੍ਰੇਣੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਪ੍ਰਦਾਨ ਕਰਨ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਮਿੱਤਲ ਨੇ ਦੱਸਿਆ ਕਿ ਵਰ੍ਹੇ 2014-15 ਵਿੱਚ 14,241 ਵਿਦਿਆਰਥੀ ਇਸ ਦੇ ਲਾਭਪਾਤਰੀ ਬਣਨਗੇ ਅਤੇ ਇਸੇ ਸੈਸ਼ਨ ਵਿੱਚ ਤਕਰੀਬਨ 75,000 ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਕਾਲਜਾਂ ਅਤੇ ਪਾਲੀਟੈਕਨਿਕ ਸੰਸਥਾਵਾਂ ਵਿੱਚ ਤਕਨੀਕੀ ਸਿੱਖਿਆ ਮੁਫਤ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਮੋਹਾਲੀ ਵਿਖੇ ਕੁੜੀਆਂ ਲਈ ਇੱਕ ਖੇਤਰੀ ਪੇਸ਼ੇਵਰ ਸਿਖਲਾਈ ਸੰਸਥਾਨ ਅਤੇ ਸਿਖਿਆਰਥੀ ਸਿਖਲਾਈ ਹਿੱਤ ਇੱਕ ਖੇਤਰੀ ਡਾਇਰੈਕਟੋਰੇਟ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ, ਤਾਂ ਜੋ ਮਹਿਲਾਵਾਂ ਵੀ ਤਕਨੀਕੀ ਸਿਖਲਾਈ ਦੇ ਖੇਤਰ ਵਿੱਚ ਕਿਸੇ ਤੋਂ ਪਿਛੇ ਨਾ ਰਹਿ ਸਕਣ।