5 Dariya News

ਪੰਜਾਬ ਵਿਚ ਭਰੂਣ ਹੱਤਿਆਂ ਤੇ ਦਾਜ ਪ੍ਰਥਾ ਨੂੰ ਖ਼ਤਮ ਕਰਕੇ ਹੀ ਦਮ ਲਿਆ ਜਾਵੇਗਾ: ਹਰਸਿਮਰਤ ਕੌਰ ਬਾਦਲ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋ ਲਾਂਡਰਾਂ ਕਾਲਜ ਵਿਖੇ ਪਰਿਵਰਤਨ-2012' ਦਾ ਉਦਘਾਟਨ

5 ਦਰਿਆ ਨਿਊਜ਼

ਐਸ.ਏ.ਐਸ.ਨਗਰ. 02-Nov-2012

ਪੰਜਾਬ ਵਿਚ ਭਰੂਣ ਹੱਤਿਆਂ ਅਤੇ ਦਾਜ ਪ੍ਰਥਾ ਨੂੰ ਖਤਮ ਕਰਕੇ ਹੀ ਦਮ ਲਿਆ ਜਾਵੇਗਾ ਅਤੇ ਇਨ੍ਹਾਂ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਹੇਠਲੇ ਪੱਧਰ 'ਤੇ ਆਮ ਲੋਕਾਂ ਨੂੰ ਜਾਗਰੂਕਤ ਕੀਤਾ ਜਾਵੇਗਾ। ਜਿਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਵਿਦਿਅਕ ਸੰਸਥਾਵਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਅਤੇ ਸੰਸਥਾਪਕ 'ਨੰਨ੍ਹੀ ਛਾਂ' ਮੁਹਿੰਮ ਨੇ ਅੱਜ ਇਥੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵੱਲੋਂ 'ਨੰਨ੍ਹੀ ਛਾਂ' ਮੁਹਿੰਮ ਤੋਂ ਪ੍ਰੇਰਿਤ ਹੋ ਕੇ ਭਰੂਣ ਹੱਤਿਆ ਅਤੇ ਦਹੇਜ ਪ੍ਰਥਾ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਨੂੰ ਸਮਰਪਿਤ 'ਪਰਿਵਰਤਨ-2012' ਦਾ ਰਸਮੀ ਉਦਘਾਟਨ ਸਮਾਂ ਰੋਸ਼ਨ ਕਰਨ ਉਪਰੰਤ ਵਿਦਿਆਰਥੀਆਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ 'ਨੰਨ੍ਹੀ ਛਾਂ' ਨੂੰ ਸਮਰਪਿਤ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵੱਲੋਂ ਆਯੋਜ਼ਿਤ ਦੋ ਰੋਜ਼ਾ 'ਪਰਿਵਰਤਨ-2012' ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਦੀ ਭਰਪੂਰ ਪ੍ਰਸੰਸਾਂ ਕੀਤੀ। ਇਸ ਮੌਕੇ ਸੰਸਥਾਵਾਂ ਦੇ  19 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਰੂਣ ਹੱਤਿਆਂ ਅਤੇ ਦਾਜ ਪ੍ਰਥਾ ਦੇ ਖ਼ਿਲਾਫ਼ ਸਹੁੰ ਚੁੱਕੀ ਅਤੇ ਬੀਬੀ ਬਾਦਲ ਨੂੰ ਲਿਖਤੀ ਰੂਪ ਵਿਚ ਇਸ 'ਤੇ ਸੱਚੇ ਮਨੋ ਅਮਲ ਕਰਨ ਦਾ ਲਿਖਤੀ ਭਰੋਸਾ ਵੀ ਦਿਵਾਇਆ। ਬੀਬੀ ਬਾਦਲ ਨੇ ਕਿਹਾ ਕਿ ਕੋਈ ਵੀ ਧਰਮ ਭਰੂਣ ਹੱਤਿਆਂ ਦੀ ਆਗਿਆ ਨਹੀਂ ਦਿੰਦਾ ਸਗੋਂ ਹਰੇਕ ਧਰਮ ਵਿਚ ਔਰਤਾਂ ਨੂੰ ਸਤਿਕਾਰ ਦੇ ਕੇ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਗੁਰੂਆਂ ਨੇ ਵੀ ਸਾਨੂੰ ਰੁੱਖ ਅਤੇ ਕੁੱਖ ਦੀ ਰਾਖੀ ਕਰਨ ਦਾ ਸੰਦੇਸ਼ ਦਿੱਤਾ ਹੈ ਪਰੰਤੂ ਅੱਜ ਅਸੀਂ ਉਨ੍ਹਾਂ ਮਹਾਨ ਗੁਰੂਆਂ ਦੇ ਦਰਸਾਏ ਮਾਰਗਾਂ ਤੋਂਂ ਭਟਕ ਕੇ ਭਰੂਣ ਹੱਤਿਆਂ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋ ਰਹੇ ਹਾਂ। 

ਜਿਸ ਲਈ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਘੱਟ ਰਹੀ ਗਿਣਤੀ ਕਾਰਨ ਜਿਥੇ ਔਰਤਾਂ 'ਤੇ ਅੱਤਿਆਚਾਰ ਵਿਚ ਵਾਧਾ ਹੋ ਰਿਹਾ ਹੈ, ਉਥੇ ਹੋਰ ਸਮਾਜਿਕ ਲਾਹਤਨਾਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਵਿਚ ਪੇਸ਼ ਹੋਏ ਅੰਕੜਿਆਂ ਮੁਤਾਬਕਿ ਮੌਜੂਦਾ ਸਮੇਂ ਵਿਚ ਹਰ 15 ਮਿੰਟ ਵਿਚ ਇਕ ਔਰਤ 'ਤੇ ਅੱਤਿਆਚਾਰ, 20 ਮਿੰਟ 'ਤੇ ਬਲਾਤਕਾਰ ਅਤੇ ਅੱਧੇ ਘੰਟੇ 'ਚ ਔਰਤ ਨੂੰ ਅਗਵਾ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਇਸ ਦਾ ਆਉਣ ਵਾਲੀ ਪੀੜ੍ਹੀ 'ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਹੋਰ ਕਿਹਾ ਕਿ ਭਰੂਣ ਹੱਤਿਆਂ ਦਾ ਮੁੱਖ ਕਾਰਨ ਦਾਜ ਪ੍ਰਥਾ ਵੀ ਹੈ। ਕਿਉਂਕਿ ਲੜਕੀ ਨੂੰ ਮਾਪੇ ਆਪਣੇ ਉੂੱਪਰ ਬੋਝ ਸਮਝਦੇ ਹਨ ਪਰੰਤੂ ਹੁਣ ਬੋਝ ਸਮਝਣਾ ਸਮਾਂ ਬੀਤ ਚੁੱਕੀ ਗੱਲ ਹੈ, ਲੜਕੀਆਂ ਹੁਣ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਤੋਂ ਘੱਟ ਨਹੀਂ ਹਨ ਸਗੋਂ ਬਹੁਤ ਸਾਰੇ ਖੇਤਰਾਂ ਵਿਚ ਤਾਂ ਔਰਤਾਂ ਅੱਗੇ ਹਨ। ਬੀਬੀ ਬਾਦਲ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2000 ਮਹਿਲਾਂ ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਹੈ ਅਤੇ ਹੁਣ ਕੋਈ ਵੀ ਅਜਿਹਾ ਥਾਣਾ ਨਹੀਂ ਹੋਵੇਗਾ, ਜਿਥੇ ਮਹਿਲਾਂ ਕਾਂਸਟੇਬਲ ਨਾ ਹੋਵੇ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਵਿਚ ਔਰਤਾਂ 'ਤੇ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਦਾਜ ਵਿਰੁੱਧ ਵੀ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮਾਜਿਕ ਬੁਰਾਈ ਦੇ ਖਾਤਮੇ ਲਈ ਸੰਜੀਦਗੀ ਨਾਲ ਸੋਚਨ ਦੀ ਲੋੜ ਹੈ। ਦਾਜ ਨੂੰ ਆਪਣੇ ਘਰਾਂ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਸਾਨੂੰ ਆਪਣੇ ਅੰਦਰ ਦੇ ਲਾਲਚ ਨੂੰ ਮਾਰਨਾ ਪਵੇਗਾ ਅਤੇ ਸਾਨੂੰ ਆਪਣੀਆਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਚਾਹੀਦਾ ਹੈ। ਬੀਬੀ ਬਾਦਲ ਨੇ ਦੱਸਿਆ ਕਿ ਉਨ੍ਹਾਂ ਆਪਣੇ ਨਿੱਜੀ ਖਰਚੇ 'ਤੇ ਬਠਿੰਡਾ ਖੇਤਰ ਵਿਚ 100 ਸਿਲਾਈ-ਕਢਾਈ ਸੈਂਟਰ ਖੋਲ੍ਹੇ ਗਏ ਹਨ, ਜਿਥੇ ਕਿ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾਂਦਾ ਹੈ ਅਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ 'ਨੰਨ੍ਹੀ ਛਾਂ' ਮੁਹਿੰਮ ਅਧੀਨ ਜਿਥੇ ਲੋਕਾਂ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕ ਕੀਤਾ ਜਾਂਦਾ ਹੈ, ਉਥੇ ਲੋਕਾਂ ਨੂੰ ਵਾਤਾਵਰਨ ਦੀ ਸ਼ੁੱਧਤਾਂ ਲਈ ਵੱਧ ਤੋਂ ਵੱਧ ਰੁੱਖ ਲਾਉਣ ਲÂਂੀ ਵੀ  ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਮੁਫ਼ਤ ਬੂਟੇ ਵੰਡੇ  ਜਾਂਦੇ ਹਨ। ਉਨ੍ਹਾਂ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਵਾਤਾਵਰਨ ਦੀ ਸਵੱਛਤਾ ਲਈ ਹਰੇਕ ਮਨੁੱਖ ਨੂੰ ਸਾਲ ਵਿਚ ਘੱਟੋ-ਘੱਟ ਇਕ-ਇਕ  ਰੁੱਖ ਲਗਾ ਕੇ ਉਸ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਬੋਲਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਤੇ ਹਲਕਾ ਇੰਚਾਰਜ ਐਸ.ਏ.ਐਸ. ਨਗਰ ਬਲਵੰਤ ਸਿੰਘ ਰਾਮੂਵਾਲੀਆ ਨੇ ਬੀਬੀ ਬਾਦਲ ਦਾ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਆਰੰਭੀ 'ਨੰਨ੍ਹੀ ਛਾਂ' ਮੁਹਿੰਮ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ ਪੰਜਾਬ ਹੀ ਨਹੀਂ ਸਮੁੱਚੋ ਦੇਸ਼ ਅੰਦਰ ਲਿੰਗ-ਅਨੁਪਾਤ ਵਿਚ ਕਾਫੀ ਸੁਧਾਰ ਆਇਆ ਹੈ ਅਤੇ ਬੀਬੀ ਬਾਦਲ ਦੀ ਇਸ ਪੈਰਵਾਈ ਸਦਕਾ ਹਜਾਰਾਂ ਬੱਚੀਆਂ ਨੂੰ ਕੁੱਖ ਵਿਚ ਮਰਨ ਤੋਂ ਬਚਾਇਆ ਗਿਆ ਹੈ। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਬੀਬੀ ਬਾਦਲ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਇਹ ਦੋ ਰੋਜਾ ਟੈਕ ਫੈਸਟ 'ਪਰਿਵਰਤਨ-2012' ਭਰੂਣ ਹੱਤਿਆਂ ਅਤੇ ਦਹੇਜ ਪ੍ਰਥਾ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਨੂੰ ਸਮਰਪਿਤ ਕੀਤਾ ਗਿਆ ਹੈ। 

ਇਸ ਮੌਕੇ ਉਨ੍ਹਾਂ ਤੱਥਾਂ ਦੇ ਆਧਾਰ 'ਤੇ ਭਰੂਣ ਹੱਤਿਆਵਾਂ ਸਬੰਧੀ ਸਨਸ਼ਨੀਖੇਜ ਖੁਲਾਸੇ ਕਰਦਿਆਂ ਕਿਹਾ ਕਿ ਦੇਸ਼ ਵਿਚ ਭਰੂਣ ਹੱਤਿਆਂ ਇਕ ਬਹੁਤ ਹੀ ਵੱਡੀ ਚਿੰਤਾਂ ਦਾ ਵਿਸ਼ਾ ਬਣਿਆ ਹੋਇਆ ਹੈ ਜੇਕਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆਂ ਵਿਰੁੱਧ ਲੋਕ ਲਹਿਰ ਪੈਦਾ ਵੀ ਲੋੜ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਸੀ.ਜੀ.ਸੀ. ਗਰੁੱਪ ਭਰੂਣ ਹੱਤਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਏਗਾ। ਇਸ ਮੌਕੇ ਬੀਬੀ ਬਾਦਲ ਨੇ ਸੰਸਥਾਵਾਂ ਦੇ ਸਿੱਖਿਆ ਅਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ ਦੇ ਤਮਗੇ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੀਬੀ ਬਾਦਲ ਨੂੰ ਵੀ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਕਾਲਜ ਦੇ ਵਿਦਿਆਰਥੀਆਂ ਵੱਲੋਂ ਭਰੂਣ ਹੱਤਿਆਂ ਨੂੰ ਚੋਟ ਕਰਦਾ 'ਮਾਂ ਮੈਨੂੰ ਮਾਰੀ ਨਾ' ਨਾਟਕ ਵੀ ਪੇਸ਼ ਕੀਤਾ। ਉਪਰੰਤ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਅਮਨਜੋਤ ਕੌਰ ਰਾਮੂਵਾਲੀਆ, ਸੰਸਥਾਨ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਐਸ.ਡੀ.ਐਮ. ਮੁਹਾਲੀ ਲਖਮੀਰ ਸਿੰਘ, ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਐਸ.ਪੀ. ਸਿਟੀਂ ਸਵਰਨਦੀਪ ਸਿੰਘ, ਐਸ.ਪੀ.ਐਸ. ਵਿਰਦੀ ਕਾਰਜਕਾਰੀ ਡਾਇਰੈਕਟਰ ਸਮੇਤ ਹੋਰ ਪਤਵੰਤੇ ਅਤੇ ਸੰਸਥਾਵਾਂ ਦੇ ਵਿਦਿਆਰਥੀ ਵੀ ਵੱਡ ਗਿਣਤੀ ਵਿਚ ਹਾਜ਼ਰ ਸਨ।