ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ-ਪੁਲਿਸ ਕਮਿਸ਼ਨਰ ਪ੍ਰਮੋਦ ਬਾਨ
ਪੁਲਿਸ ਸ਼ਹੀਦੀ ਦਿਵਸ ਦੌਰਾਨ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀਆਂ
5 ਦਰਿਆ ਨਿਊਜ਼ (ਅਜੇ ਪਾਹਵਾ )
ਲੁਧਿਆਣਾ 21-Oct-2014
ਸਥਾਨਕ ਪੁਲਿਸ ਲਾਈਨਜ਼ ਵਿਖੇ ਅੱਜ ਪੁਲਿਸ ਸ਼ਹੀਦੀ ਦਿਵਸ ਬੜੀ ਸ਼ਰਧਾ ਅਤੇ ਭਾਵੁਕਤਾ ਨਾਲ ਮਨਾਇਆ ਗਿਆ। ਜਿੱਥੇ ਸਮੂਹ ਪੁਲਿਸ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਥੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਚਿੰਨਾਂ ਨਾਲ ਵੀ ਨਿਵਾਜਿਆ ਗਿਆ। ਇਸ ਸ਼ਹੀਦੀ ਸਮਾਗਮ ਦੇ ਮੁੱਖ ਮਹਿਮਾਨ ਪੁਲਿਸ ਕਮਿਸ਼ਨਰ ਲੁਧਿਆਣਾ ਪ੍ਰਮੋਦ ਬਾਨ, ਆਈ. ਪੀ.ਐੱਸ. ਸਨ। ਉਨ੍ਹਾਂ ਸਭ ਤੋਂ ਪਹਿਲਾਂ ਪਰੇਡ ਤੋਂ ਸਲਾਮੀ ਲਈ। ਏ. ਸੀ. ਪੀ. (ਐੱਚ) ਜਸਕਰਨ ਸਿੰਘ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੇ ਨਾਮ ਮੰਚ ਤੋਂ ਪੜ੍ਹ ਕੇ ਸੁਣਾਏ। ਬਾਨ ਨੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਅਤੇ ਆਪਣੇ ਸੂਬੇ ਦੀ ਰੱਖਿਆ ਲਈ ਜਾਨਾਂ ਵਾਰਨ ਵਾਲੇ ਪੁਲਿਸ ਦੇ ਬਹਾਦਰ ਜਵਾਨਾਂ ਦੀ ਸ਼ਹੀਦੀ ਅਤੇ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਵਧੀਕੀ ਜਾਂ ਸਮੱਸਿਆ ਸੰਬੰਧੀ ਪੁਲਿਸ ਦੇ ਕਿਸੇ ਵੀ ਅਧਿਕਾਰੀ ਜਾਂ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਪੁਲਿਸ ਦੇ ਸੀਨੀਅਰ ਅਫ਼ਸਰ ਸਾਹਿਬਾਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦੀ ਸਮਾਰਕ 'ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆਂ। ਇਸ ਤੋਂ ਬਾਅਦ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਸ੍ਰੀ ਬਾਨ ਨੇ ਬੜੇ ਹੀ ਗਹੁ ਨਾਲ ਸੁਣੀਆਂ ਅਤੇ ਉਨ੍ਹਾਂ ਹੱਲ ਕਰਨ ਦੇ ਮੌਕੇ 'ਤੇ ਸੰਬੰਧਤ ਅਫ਼ਸਰਾਂ ਨੂੰ ਆਦੇਸ਼ ਦਿੱਤੇ। ਇਸ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਐਡੀਸ਼ਨਲ ਸੈਸ਼ਨ ਜੱਜ ਸ੍ਰੀ ਏ. ਪੀ. ਬੱਤਰਾ, ਸਾਬਕਾ ਪੁਲਿਸ ਮੁਖੀ ਸ੍ਰੀ ਡੀ. ਆਰ. ਭੱਟੀ, ਸੀ. ਜੇ. ਐੱਮ. ਸ੍ਰੀ ਰੰਜੀਵ ਕੁਮਾਰ, ਜੇ. ਐੱਮ. ਆਈ. ਸੀ. ਸ੍ਰੀਮਤੀ ਹਰਪ੍ਰੀਤ ਕੌਰ ਨਾਫਰਾ, ਸੇਵਾਮੁਕਤ ਐੱਸ. ਪੀ. ਸ੍ਰ. ਸੁਖਵਿੰਦਰ ਸਿੰਘ ਉੱਪਲ, ਸੇਵਾਮੁਕਤ ਐੱਸ. ਪੀ. ਸ੍ਰ. ਗੁਰਮੇਲ ਸਿੰਘ ਅਤੇ ਹੋਰ ਅਧਿਕਾਰੀ ਸਾਹਿਬਾਨ ਹਾਜ਼ਰ ਸਨ।