5 Dariya News

ਖ਼ਾਲਸਾ ਕਾਲਜ ਪਟਿਆਲਾ ਦੀ ਇੰਦਰਜੀਤ ਕੌਰ ਨੇ ਐੱਮ.ਐੱਸਸੀ ਮੈਥਸ ਦੇ ਯੂਨੀਵਰਸਿਟੀ ਨਤੀਜਿਆਂ ਦੌਰਾਨ ਗੋਲਡ ਮੈਡਲ ਪ੍ਰਾਪਤ ਕੀਤਾ

5 ਦਰਿਆ ਨਿਊਜ਼ (ਸਰਬਜੀਤ ਹੈਪੀ)

ਪਟਿਆਲਾ 30-Oct-2012

ਖ਼ਾਲਸਾ ਕਾਲਜ, ਪਟਿਆਲਾ ਵਾਸਤੇ ਇਹ ਬਹੁਤ ਹੀ ਫ਼ਖ਼ਰ ਵਾਲੀ ਗੱਲ ਹੈ ਕਿ ਇਸ ਕਾਲਜ ਦੇ ਮੈਥੇਮੈਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਐੱਮ.ਐੱਸਸੀ ਭਾਗ ਦੂਜਾ ਦੇ ਨਤੀਜਿਆਂ ਦੌਰਾਨ ਵਿਭਾਗ ਦੇ ਇਤਿਹਾਸ ਨੂੰ ਫਿਰ ਦੁਹਰਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਅੱਜ ਕਾਲਜ ਦੇ ਮਾਣ ਵਿੱਚ ਉਦੋਂ ਹੋਰ ਵਾਧਾ ਹੋਇਆ ਜਦੋਂ ਕਾਲਜ ਦੀ ਹੋਣਹਾਰ ਵਿਦਿਆਰਥਣ ਇੰਦਰਜੀਤ ਕੌਰ ਨੇ 90% ਅੰਕ ਲੈ ਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਕਾਲਜ ਦੇ ਪਿਛਲੇ ਅਕਾਦਮਿਕ ਸੈਸ਼ਨ, ਰਾਸ਼ੀ ਬਾਂਸਲ ਦੇ ਗੋਲਡ ਮੈਡਲ ਪ੍ਰਾਪਤ ਕਰਨ ਦੇ, ਰਿਕਾਰਡ ਨੂੰ ਕਾਇਮ ਰੱਖਿਆ ਹੈ। ਡਾ. ਉੱਭਾ ਨੇ ਦੱਸਿਆ ਕਿ ਕਾਲਜ ਦੇ ਐੱਮ.ਐੱਸਸੀ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀਆਂ ਦੀਆਂ ਪਹਿਲੀਆਂ ਦਸ ਪੁਜੀਸ਼ਨਾਂ ਵਿਚੋਂ ਸੱਤ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਜਿਨ੍ਹਾਂ ਵਿਚੋਂ ਨਰਿੰਦਰ ਕੌਰ ਨੇ 89% ਅੰਕ ਲੈ ਕੇ ਤੀਸਰਾ, ਭਾਵਨਾ ਨੇ 87% ਅੰਕਾਂ ਨਾਲ ਚੌਥਾ, ਰਮਨਦੀਪ ਨੇ 85% ਪੰਜਵਾਂ, ਨੇਹਾ ਗੁਪਤਾ ਨੇ 84.5% ਨਾਲ ਛੇਵਾਂ, ਕਵਿਤਾ ਸ਼ਰਮਾ ਨੇ 84.45% ਅੰਕਾਂ ਨਾਲ ਸੱਤਵਾਂ ਅਤੇ ਸ਼ਰੀਮੀ ਨੇ ਵੀ 83% ਅੰਕ ਲੈ ਕੇ ਦਸਵਾਂ ਸਥਾਨ ਹਾਸਲ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਮਹਿਤਾ, ਸਮੂਹ ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਹਾਰਦਿਕ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਭਾਗ ਦੇ ਮੁੱਖੀ ਪ੍ਰੋ. ਸੁਨੀਲ ਮਹਿਤਾ ਨੇ ਦੱਸਿਆ ਕਿ ਕਾਲਜ ਦੇ ਐੱਮ.ਐੱਸਸੀ ਦੇ ਪਿਛਲੇ ਟੌਪਰ ਵਿਦਿਆਰਥੀਆਂ ਵਿਚੋਂ ਛੇ ਵਿਦਿਆਰਥੀਆਂ ਨੇ ਯੂ.ਜੀ.ਸੀ. ਦਾ ਨੈੱਟ ਕਲੀਅਰ ਕੀਤਾ ਹੈ। ਪ੍ਰੋ. ਮਹਿਤਾ ਨੇ ਕਿਹਾ ਕਿ ਇਹ ਵਿਭਾਗ ਹਮੇਸ਼ਾਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਵਾਸਤੇ ਉਪਰਾਲੇ ਕਰਦਾ ਰਹਿੰਦਾ ਹੈ। ਵਿਭਾਗ ਦੇ ਮਿਹਨਤੀ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਫ਼ਰੀ ਯੂ.ਜੀ.ਸੀ. ਕੋਚਿੰਗ ਦੀਆਂ ਕਲਾਸਾਂ ਲਗਾਉਂਦੇ ਹਨ ਅਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਸਬੰਧੀ ਵੀ ਸਮੇਂ ਸਮੇਂ ਤੇ ਲੈਕਚਰ ਅਤੇ ਮੁਕਾਬਲੇ ਆਦਿ ਕਰਵਾਉਂਦੇ ਰਹਿੰਦੇ ਹਨ।