ਜ਼ਿਲ੍ਹੇ 'ਚ ਲਿੰਕ ਸੜਕਾਂ ਦੀਆਂ ਬਰਮਾਂ ਤੇ ਮਿੱਟੀ ਪਾ ਕੇ ਚੋੜਾ ਤੇ ਮਜਬੂਤ ਕੀਤਾ ਜਾਵੇਗਾ : ਸਿੱਧੂ
ਸਬੰਧਤ ਵਿਭਾਗਾਂ ਨੂੰ ਬਰਮਾਂ ਤੇ ਕੀਤੇ ਨਜਾਇਜ ਕਬਜਿਆਂ ਨੂੰ ਦੂਰ ਕਰਾਉਣ ਦੀਆਂ ਦਿੱਤੀਆਂ ਹਦਾਇਤਾਂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 16-Oct-2014
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਪੈਂਦੀਆਂ ਲਿੰਕ ਸੜਕਾਂ ਦੀਆਂ ਬਰਮਾਂ ਤੇ ਮਿੱਟੀ ਪਾ ਕੇ ਉਨ੍ਹਾਂ ਨੂੰ ਚੋੜਾ ਅਤੇ ਮਜਬੂਤ ਕੀਤਾ ਜਾਵੇਗਾ ਤਾਂ ਜੋ ਟਰੈਫਿਕ ਵਿੱਚ ਪੇਸ ਆਉਣ ਵਾਲੀ ਦਿੱਕਤ ਅਤੇ ਸੜਕੀ ਦੁਰਘਟਨਾਵਾਂ ਨੂੰ ਠੱਲ ਪਾ ਕੇ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਲਿੰਕ ਸੜਕਾਂ ਦੀਆਂ ਬਰਮਾਂ ਤੇ ਕੀਤੇ ਨਜਾਇਜ ਕਬਜਿਆਂ ਨੂੰ ਦੂਰ ਕਰਾਉਣ ਲਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਅਰਧ ਸਰਕਾਰੀ ਪੱਤਰ ਰਾਹੀਂ ਹਦਾਇਤਾਂ ਦਿੱਤੀਆ ਗਈਆਂ ਹਨ ਤਾਂ ਜੋ ਨਜਾਇਜ ਕਬਜੇ ਦੂਰ ਕਰਾਕੇ ਬਰਮਾਂ ਤੇ ਮਿੱਟੀ ਪੁਆਈ ਜਾ ਸਕੇ ਅਤੇ ਲਿੰਕ ਸੜਕਾਂ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਜਾ ਸਕੇ। ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਕ ਸੜਕਾਂ ਦੇ ਬਰਮਾਂ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੌਂ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਅਤੇ ਐਸ.ਏ.ਐਸ.ਨਗਰ ਜ਼ਿਲ੍ਹੇ ਦੀਆਂ ਲਿੰਕ ਸੜਕਾਂ ਦੀਆਂ ਬਰਮਾਂ ਦਾ ਕੰਮ ਵੀ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਈ ਲਿੰਕ ਸੜਕਾਂ ਦੇ ਬਰਮਾਂ ਤੇ ਨਾਲ ਲਗਦੀ ਜਮੀਨਾਂ ਦੇ ਮਾਲਕਾਂ ਵੱਲੋਂ ਬਰਮਾਂ ਨੂੰ ਕੱਟ ਕੇ ਆਪਣੀ ਜਮੀਨ ਵਿੱਚ ਮਿਲਾਕੇ ਨਜਾਇਜ ਕਬਜੇ ਕੀਤੇ ਹੋਏ ਹਨ ਅਤੇ ਇਸ ਨੂੰ ਖੇਤੀਬਾੜੀ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।
ਜਿਸ ਨਾਲ ਟਰੈਫਿਕ ਦੀ ਦਿੱਕਤ ਦੇ ਨਾਲ-ਨਾਲ ਅਣਸੁਖਾਵੀਆਂ ਸੜਕੀ ਦੁਰਘਟਨਾਵਾਂ ਵੀ ਵਾਪਰਦੀਆਂ ਹਨ। ਸਿੱਧੂ ਨੇ ਦੱਸਿਆ ਕਿ ਹੁਣ ਝੋਨੇ ਸਮੇਤ ਸਾਉਣੀ ਦੀਆਂ ਫਸਲਾਂ ਦੀ ਕਟਾਈ ਚੱਲ ਰਹੀ ਹੈ ਅਤੇ ਸੜਕਾਂ ਦੁਆਲੇ ਖੇਤ ਖਾਲੀ ਹੋ ਰਹੇ ਹਨ ਅਤੇ ਹੁਣ ਬਰਮਾਂ ਦੀ ਸਫਾਈ ਅਤੇ ਇਨ੍ਹਾਂ ਤੇ ਮਿੱਟੀ ਪੁਆ ਕੇ ਇੱਕ ਸਾਰ ਕਰਨ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜਾਇਆ ਜਾ ਸਕਦਾ ਹੈ। ਉਨ੍ਹਾਂ ਆਪਣੇ ਵੱਲੋਂ ਲਿਖੇ ਅਰਧ ਸਰਕਾਰੀ ਪੱਤਰ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਪੱਸਟ ਹਦਾਇਤਾਂ ਦਿੱਤੀਆਂ ਹਨ ਕਿ ਉਹ ਨਿਸਾਨਦੇਹੀ ਕਰਾਉਣ ਉਪਰੰਤ ਸੜਕ ਦੀ ਚੌੜਾਈ ਬਰਮਾਂ ਤੇ ਮਿੱਟੀ ਪੁਆ ਕੇ ਪੁਰੀ ਕਰਨ ਦੇ ਨਿੱਜੀ ਤੋਰ ਉਪਰਾਲੇ ਕਰਨ। ਉਨ੍ਹਾਂ ਨਿਸਾਨਦੇਹੀ ਕਰਾਉਣ ਉਪਰੰਤ ਬਰਮਾਂ ਤੇ ਮਿੱਟੀ ਪਵਾਉਣ ਅਤੇ ਨਜਾਇਜ ਕਬਜਿਆਂ ਨੂੰ ਦੂਰ ਕਰਾਉਣ ਲਈ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਮੰਗੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੋਕੇ ਜਿਹੜੇ ਜਮੀਨ ਮਾਲਕਾਂ ਦੀ ਜਮੀਨ ਲਿੰਕ ਸੜਕਾਂ ਨਾਲ ਲਗਦੀ ਹੈ ਅਤੇ ਉਨ੍ਹਾਂ ਵੱਲੋਂ ਬਰਮਾਂ ਕੱਟ ਕੇ ਨਜਾਇਜ ਕਬਜੇ ਕੀਤੇ ਹੋਏ ਹਨ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਬਰਮਾਂ ਤੇ ਕੀਤੇ ਨਜਾਇਜ ਕਬਜਿਆਂ ਨੂੰ ਆਪ ਹੀ ਛੱਡ ਦੇਣ ਤਾਂ ਜੋ ਉਨ੍ਹਾਂ ਦੇ ਖੇਤਾਂ ਨਾਲ ਲਗਦੀ ਲਿੰਕ ਸੜਕ ਦੀਆਂ ਬਰਮਾਂ ਨੂੰ ਮਿੱਟੀ ਪਾ ਕੇ ਚੌੜਾਂ ਅਤੇ ਮਜਬੂਤ, ਸਾਫ਼ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਟਰੈਫਿਕ ਦੀ ਸਮੱਸਿਆ ਨਾ ਆਵੇ।