5 Dariya News

ਨਿਤੀਸ਼, ਸ਼ਰਦ, ਤਿਆਗੀ, ਕਰਨ ਅਤੇ ਸ਼ਿਵਪਾਲ ਯਾਦਵ ਨੇ ਇਨੈਲੋ ਨੂੰ ਜਿਤਾਉਣ ਦਾ ਸੱਦਾ ਦਿਤਾ

5 ਦਰਿਆ ਨਿਊਜ਼

ਮਹਿੰਦਰਗੜ੍ਹ 13-Oct-2014

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ, ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ, ਸਮਾਜਵਾਦੀ ਪਾਰਟੀ ਦੇ ਆਗੂ, ਉੱਤਰ ਪ੍ਰਦੇਸ਼ ਦੇ ਸੀਨੀਅਰ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਦੇ ਭਰਾ ਸ਼ਿਵਪਾਲ ਯਾਦਵ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਬੁਧਵਾਰ ਨੂੰ ਹਰਿਆਣਾ ਦੇ ਵੱਖੋ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰ ਕੇ ਇਨੈਲੋ ਉਮੀਦਵਾਰਾਂ ਲਈ ਵੋਟ ਮੰਗੀ ਅਤੇ ਲੋਕਾਂ ਤੋਂ ਇਨੈਲੋ ਮੁਖੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਸੱਦਾ ਦਿਤਾ। ਨਿਤੀਸ਼ ਕੁਮਾਰ ਨੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਸਤਨਾਲੀ, ਭਿਵਾਨੀ, ਹਿਸਾਰ ਅਤੇ ਗੁੜਗਾਉਂ ਜ਼ਿਲ੍ਹੇ ਦੇ ਸੋਹਣਾ 'ਚ ਸ਼ਿਵਪਾਲ ਯਾਦਵ, ਜੇ.ਡੀ.ਯੂ. ਆਗੂ ਕੇ.ਸੀ. ਤਿਆਰਗੀ ਅਤੇ ਯੂਥ ਇਨੈਲੋ ਆਗੂ ਕਰਨ ਚੌਟਾਲਾ ਦੇ ਨਾਲ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਅਤੇ ਭਾਜਪਾ 'ਤੇ ਤਿੱਖੇ ਹਮਲੇ ਕੀਤੇ। ਜੇ.ਡੀ.ਯੂ. ਪ੍ਰਧਾਨ ਸ਼ਰਦ ਯਾਦਵ ਨੇ ਰੇਵਾੜੀ ਜ਼ਿਲ੍ਹੇ ਦੇ ਕੋਸਲੀ ਵਿਧਾਨ ਸਭਾ ਹਲਕੇ 'ਚ ਕਸਬਾ ਨਾਹੜ 'ਚ ਅਤੇ ਸੋਹਣਾ 'ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।ਨਿਤੀਸ਼ ਕੁਮਾਰ ਨੇ ਚੌਧਰੀ ਦੇਵੀਲਾਲ ਨੂੰ ਮਹਾਨ ਯੁਗਪੁਰਸ਼ ਦਸਦਿਆਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਪੂੰਜੀਪਤੀਆਂ ਦੀ ਪਾਰਟੀ ਹੈ। ਜੇਕਰ ਵੋਟਰਾਂ ਤੋਂ ਇਸ ਵਾਰੀ ਭੁੱਲ ਹੋ ਗਈ ਤਾਂ ਦੇਸ਼ ਵਾਂਗ ਸੂਬੇ ਅੰਦਰ ਪੀ ਪੂੰਜੀਪਤੀਆਂ ਦਾ ਰਾਜ ਕਾਇਮ ਹੋ ਜਾਵੇਗਾ। 

ਜੇਕਰ ਪੂੰਜੀਪਤੀ ਇਸ ਦੇਸ਼ ਦਾ ਰਾਜਾ ਬਣ ਗਿਆ ਤਾਂ ਫਿਰ ਜਨਤਾ ਭਿਖਾਰੀ ਬਣ ਕੇ ਰਹਿ ਜਾਵੇਗੀ। ਇਸ ਲਈ ਪੂੰਜੀਵਾਦੀ ਤਾਕਤਾਂ ਨੂੰ ਖ਼ਤਮ ਕਰ ਲਈ ਜਨਤਾ ਦਲ ਪਵਾਰ ਨੂੰ ਇਕ ਹੋਣਾ ਪਵੇਗਾ, ਨਹੀਂ ਤਾਂ ਕਮੇਰੇ ਦਾ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਬਚੇਗਾ। ਉਨ੍ਹਾਂ ਜਨਨਾਇਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੌਧਰੀ ਦੇਵੀ ਲਾਲ ਨੇ ਹਰਿਆਣਾ ਦੇ ਨਾਲ ਬਿਹਾਰ ਦਾ ਵੀ ਵਿਸ਼ੇਸ਼ ਧਿਆਨ ਰਖਿਆ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਕਮੇਰੇ ਦੇ ਹਿੱਤਾਂ ਦੀ ਲੜਾਈ ਲੜਨ ਵਾਲੇ ਚੌਧਰੀ ਦੇਵੀ ਲਾਲ ਪਰਵਾਰ ਨੂੰ ਅੱਜ ਇਸ ਸੰਕਟ ਦੀ ਘੜੀ 'ਚ ਅਸੀਂ ਭੁੱਲ ਨਹੀਂ ਸਕਦੇ ਅਤੇ ਹਰ ਵਰਗ ਦੀ ਹਮਾਇਤ ਉਨ੍ਹਾਂ ਨਾਲ ਹੈ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਦੇਸ਼ ਦੇ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਚੁਣ ਲਏ ਗਏ ਸਨ ਪਰ ਉਨ੍ਹਾਂ ਅਪਣੇ ਸਿਰ ਦਾ ਤਾਜ ਨਾ ਸਿਰਫ਼ ਵੀ.ਪੀ. ਸਿੰਘ ਦੇ ਸਿਰ 'ਤੇ ਰਖਿਆ ਬਲਕਿ ਖੇਤੀਬਾੜੀ ਮੰਤਰਾਲਾ 'ਚ ਅਪਣੇ ਨਾਲ ਖੇਤੀਬਾੜੀ ਰਾਜ ਮੰਤਰੀ ਬਣਵਾਇਆ। ਉਨ੍ਹਾਂ ਇਨੈਲੋ ਨੂੰ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ 'ਤੇ ਚੱਲਣ ਵਾਲੀ ਪਾਰਟੀ ਦਸਦਿਆਂ ਕਿਹਾ ਕਿ 1987 ਵਾਂਗ ਅੱਜ ਸੂਬੇ ਦੇ ਲੋਕਾਂ ਦੇ ਮੋਢਿਆਂ 'ਤੇ ਇਕ ਵੱਡੀ ਜ਼ਿੰਮੇਵਾਰੀ ਹੈ, ਜਿਸ ਨਾਲ ਦੇਸ਼ ਦੀ ਸਿਆਸਤ 'ਚ ਇਕ ਨਵਾਂ ਪਾਠ ਜੁੜੇਗਾ। ਉਨ੍ਹਾਂ ਭਾਜਪਾ 'ਤੇ ਵਾਅਦਿਆਂ ਦੇ ਉਲਟ ਕੰਮ ਕਰਨ ਅਤੇ ਪ੍ਰਧਾਨ ਮੰਤਰੀ ਵਰਗੇ ਅਹੁਦੇ 'ਤੇ ਬੈਠੇ ਵਿਅਕਤੀ ਦੀ ਮੰਦੀ ਭਾਸ਼ਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਾਂਗ ਨਹੀਂ ਬਲਕਿ ਇਕੱਲੇ ਗੁਜਰਾਤ ਦੇ ਪ੍ਰਧਾਨ ਮੰਤਰੀ ਵਾਂਗ ਵਤੀਰਾ ਕਰਨ ਦਾ ਦੋਸ਼ ਲਾਇਆ।

ਜੇ.ਡੀ.ਯੂ. ਪ੍ਰਧਾਨ ਸ਼ਰਦ ਯਾਦਵ ਨੇ ਨਾਹੜ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਜੋੜੀ ਸੱਸ-ਨੂੰਹ ਵਰਗੀ ਹੈ ਅਤੇ ਦੋਵੇਂ ਹੀ ਸਵਾਰਥ ਦੀ ਸਿਆਸਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਰਹਿ ਕੇ ਸੱਤਾ ਦੀ ਮਲਾਈ ਖਾਣ ਵਾਲੇ ਲੋਕਾਂ ਨੇ ਭਾਜਪਾ ਦਾ ਪੱਲਾ ਫ਼ੜ ਲਿਆ ਅਤੇ ਹੁਣ ਉਹ ਕਾਂਗਰਸ ਦੀ ਬੀ ਟੀਮ ਵਜੋਂ ਚੋਣ ਮੈਦਾਨ 'ਚ ਹਨ। ਉਨ੍ਹਾਂ ਲੋਕਾਂ ਨੂੰ ਕਾਂਗਰਸ ਅਤੇ ਭਾਜਪਾ ਦੋਹਾਂ ਨੂੰ ਉਖਾੜ ਕੇ ਸੁੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਰਾਮਪੁਰਾ ਹਾਊਸ ਦੇ ਲੋਕ ਜਨਤਾ ਦੀ ਭਲਾਈ ਲਈ ਨਹੀਂ ਬਲਕਿ ਸੱਤਾ ਦਾ ਸੁੱਖ ਭੋਗਣ ਤਕ ਹੀ ਇਹ ਪਰਵਾਰ ਸੀਮਤ ਹੈ। ਉਨ੍ਹਾਂ ਇਨੈਲੋ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਵਾਰੀ ਸੂਬੇ 'ਚ ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਰੈਲੀਆਂ 'ਚ ਪੁੱਜਣ 'ਤੇ ਜਨਤਾ ਦਲ (ਯੂ) ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਦਾ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ। ਯੂਥ ਇਨੈਲੋ ਆਗੂ ਕਰਨ ਚੌਟਾਲਾ ਨੇ ਕਿਹਾ ਕਿ ਅੱਜ ਸੂਬੇ 'ਚ ਇਨੈਲੋ ਦੀ ਲਹਿਰ ਚਲ ਰਹੀ ਹੈ ਅਤੇ ਜਨਤਾ ਦੇ ਸਹਿਯੋਗ ਨਾਲ ਇਨੈਲੋ ਦੀ ਸਰਕਾਰ ਬਣੇਗੀ। ਉਨ੍ਹਾਂ ਲੋਕਾਂ ਨੂੰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਸੰਦੇਸ਼ ਵੀ ਦਿਤਾ ਅਤੇ ਕਿਹਾ ਕਿ ਸੱਤਾ ਦੇ ਭੁੱਖੇ ਲੋਕ ਕਈ ਤਰ੍ਹਾਂ ਦੇ ਲਾਲਚ ਦੇ ਕੇ ਲੋਕਾਂ ਨੂੰ ਬਹਿਕਾਉਣ ਦਾ ਕੰਮ ਕਰਨਗੇ, ਪਰ ਇਸ ਵਾਰੀ ਕਿਤੇ ਕੋਈ ਭੁੱਲ ਨਹੀਂ ਹੋਣੀ ਚਾਹੀਦੀ। ਰੈਲੀਆਂ ਨੂੰ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਹੋਰ ਮੁੱਖ ਆਗੂਆਂ ਨੇ ਵੀ ਸੰਬੋਧਨ ਕੀਤਾ।