5 Dariya News

ਮੋਦੀ ਦੀ ਸੋਚ ਸਿਰਫ਼ ਗੁਜਰਾਤ ਅਤੇ ਹੁੱਡਾ ਦੀ ਕਿਲੋਈ ਤਕ ਸੀਮਤ : ਅਭੈ ਚੌਟਾਲਾ

5 ਦਰਿਆ ਨਿਊਜ਼

ਤੋਸ਼ਮ 12-Oct-2014

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਆਗੂ ਅਤੇ ਏਲਨਾਬਾਦ ਦੇ ਵਿਧਾਇਕ ਚੌਧਰੀ ਅਭੈ ਸਿੰਘ ਚੌਟਾਲਾ ਨੇ ਐਤਵਾਰ ਨੂੰ ਤੋਸ਼ਮ ਹਲਕੇ ਦੇ ਕਸਬਾ ਕੈਰੂੰ 'ਚ ਇਨੈਲੋ ਉਮੀਦਵਾਰ ਕਮਲਾ ਰਾਣੀ ਦੇ ਹੱਕ 'ਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸੋਚ ਸਿਰਫ਼ ਕਿਲਾਈ ਤਕ ਸੀਮਤ ਹੈ ਠੀਕ ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਵੀ ਅਜੇ ਤਕ ਪੂਰੀ ਤਰ੍ਹਾਂ ਗੁਜਰਾਤ ਤਕ ਸੀਮਤ ਹੋ ਕੇ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਾਂਗ ਨਹੀਂ ਬਲਕਿ ਗੁਜਰਾਤ ਦੇ ਮੁੱਖ ਮੰਤਰੀ ਵਾਂਗ ਵਤੀਰਾ ਕਰ ਰਹੇ ਹਨ ਅਤੇ ਇਸ ਤੋਂ ਸਾਫ਼ ਹੈ ਕਿ ਹੁੱਡਾ ਅਤੇ ਮੋਦੀ ਦੀ ਸੋਚ ਬਹੁਤ ਸੀਮਤ ਹੈ। ਚੌਧਰੀ ਅਭੈ ਸਿੰਘ ਚੌਟਾਲਾ ਨੇ ਅੱਜ ਫ਼ਰੀਦਾਬਾਦ ਜ਼ਿਲ੍ਹੇ ਦੇ ਪਿਰਥਲਾ, ਹਿਸਾਰ ਜ਼ਿਲ੍ਹੇ ਦੇ ਨਲਵਾ, ਭਿਵਾਨੀ ਜ਼ਿਲ੍ਹੇ ਦੇ ਬਵਾਨੀਖੇੜਾ, ਤੋਸ਼ਾਮ, ਲੋਹਾਰੂ ਅਤੇ ਝੱਜਰ ਜ਼ਿਲ੍ਹੇ ਦੇ ਬਾਦਲੀ 'ਚ ਇਨੈਲੋ ਉਮੀਦਵਾਰਾਂ ਲਈ ਰੈਲੀਆਂ ਨੂੰ ਸੰਬੋਧਨ ਕਰ ਕੇ ਪਾਰਟੀ ਉਮੀਦਵਾਰਾਂ ਨੂੰ ਜੇਤੂ ਬਣਾਉਣ ਦਾ ਸੱਦਾ ਦਿਤਾ। ਇਨ੍ਹਾਂ ਰੈਲੀਆਂ ਨੂੰ ਪਾਰਟੀ ਉਮੀਦਵਾਰਾਂ ਤੋਂ ਇਲਾਵਾ ਕਈ ਹੋਰ ਮੁਖੀ ਆਗੂਆਂ ਨੇ ਵੀ ਸੰਬੋਧਨ ਕੀਤਾ।ਅਭੈ ਸਿੰਘ ਚੌਟਾਲਾ ਨੇ ਕੈਰੂੰ ਦੀ ਜਨਸਭਾ 'ਚ ਕਿਹਾ ਕਿ ਇਨੈਲੋ ਦੀ ਸਰਕਾਰ ਬਣਨ 'ਤੇ ਪਹਿਲੀ ਕਲਮ ਨਾਲ ਖਾਨਕ ਪਹਾੜ 'ਚ ਖੁਦਾਈ ਦਾ ਕੰਮ ਸ਼ੁਰੂ ਕਰਨ ਦੇ ਹੁਕਮ ਦਿਤੇ ਜਾਣਗੇ ਅਤੇ ਕੈਰੂੰ ਨੂੰ ਉਪ-ਤਹਿਸੀਲ ਦਾ ਦਰਜਾ ਦਿਤਾ ਜਾਵੇਗਾ। ਰੈਲੀ 'ਚ ਪੁੱਜੀ ਵੱਡੀ ਭੀੜ ਨੇ ਨਾ ਸਿਰਫ਼ ਤੋਸ਼ਾਮ ਤੋਂ ਪਾਰਟੀ ਉਮੀਦਵਾਰ ਕਮਲਾ ਰਾਣੀ ਦੀ ਜਿੱਤ 'ਤੇ ਮੋਹਰ ਲਾ ਦਿਤੀ ਬਲਕਿ ਇਹ ਵੀ ਸਾਫ਼ ਕਰ ਦਿਤਾ ਹੈ ਕਿ ਅੱਜ ਸੂਬੇ ਅੰਦਰ ਇਨੈਲੋ ਦੇ ਹੱਕ 'ਚ ਵਿਆਪਕ ਲਹਿਰ ਚਲ ਰਹੀ ਹੈ। ਤੋਸ਼ਾਮ ਖੇਤਰ ਲਈ ਕੈਰੂੰ ਰੈਲੀ 'ਚ ਪੁੱਜੀ ਭੀੜ ਰੀਕਾਰਡ ਤੋੜ ਰਹੀ। ਰੈਲੀ 'ਚ ਆਈ ਭੀੜ 'ਚ ਕਾਫ਼ੀ ਜੋਸ਼ ਸੀ। ਇਸ ਮੌਕੇ ਹਜ਼ਾਰਾਂ ਲੋਕਾਂ ਨੇ ਕਾਂਗਰਸ ਅਤੇ ਭਾਜਪਾ ਛੱਡ ਕੇ ਇਨੈਲੋ 'ਚ ਭਰੋਸਾ ਪ੍ਰਗਟਾਇਆ। ਇਨੈਲੋ ਉਮੀਦਵਾਰ ਕਮਲਾ ਰਾਣੀ ਨੂੰ ਕੁਮਹਾਰ ਮਹਾਂਸਭਾ, ਜੋਗੀ ਮਹਾਂਸਭਾ ਅਤੇ ਤੋਸ਼ਾਮ ਦੀ ਜਾਂਗਿੜ ਸਭਾ ਤੇ ਵਾਲਮੀਕਿ ਸਭਾ ਨੇ ਅਪਣੀ ਖੁੱਲ੍ਹੀ ਹਮਾਇਤ ਦਿਤੀ।

ਰੈਲੀ 'ਚ ਲੋਕ ਢੋਲਕ ਅਤੇ ਬੀਨ ਵਜਾਉਂਦੇ ਪੁੱਜੇ ਅਤੇ ਔਰਤਾਂ ਦੇ ਜੱਥੇ ਹਰਿਆਣਵੀ ਲੋਕਗੀਤ ਗਾਉਂਦੇ ਪੁੱਜੇ। ਭਾਸ਼ਣ ਦੌਰਾਨ ਓਮ ਪ੍ਰਕਾਸ਼ ਚੌਟਾਲਾ ਅਤੇ ਅਭੈ ਸਿੰਘ ਚੌਟਾਲਾ ਜ਼ਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ। ਭੀੜ ਨੂੰ ਵੇਖ ਕੇ ਗਦਗਦ ਹੋਏ ਅਭੈ ਸਿੰਘ ਚੌਟਾਲਾ ਨੇ ਲੋਕਾਂ ਨੂੰ ਕਿਹਾ, ''ਤੁਸੀਂ ਤਾਂ 15 ਤਰੀਕ ਨੂੰ ਐਨਕ ਦੇ ਨਿਸ਼ਾਨ ਵਾਲਾ ਬਟਨ ਦਬਾ ਦਿਉ, ਬਾਕੀ ਸਾਰੀ ਜ਼ਿੰਮੇਵਾਰੀ ਮੇਰੀ ਹੈ।'' ਉਨ੍ਹਾਂ ਕਿਹਾ ਕਿ ਉਹ ਪਾਰਟੀ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਸੰਦੇਸ਼ ਲੈ ਕੇ ਆਏ ਹਨ ਅਤੇ ਉਨ੍ਹਾਂ ਨੇ ਤੋਸ਼ਾਮ ਹਲਕੇ ਦੇ ਕਾਰਕੁਨਾਂ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਅਤੇ ਭਾਜਪਾ ਦੇ ਲੋਕ ਭਾਵੇਂ ਕੁਪ੍ਰਚਾਰ ਕਰਨ, ਤੁਹਾਨੂੰ ਐਨਕ ਦੇ ਨਿਸ਼ਨਵਾਲਾ ਬਟਨ ਦਬਾਉਣ ਤੋਂ ਕੋਈ ਨਹੀਂ ਰੋਕ ਸਕਦਾ। ਪਾਰਟੀ ਦੇ ਵਧਦੇ ਗ੍ਰਾਫ਼ਤ ਤੋਂ ਅਤਿਉਤਸ਼ਾਹਿਤ ਇਨੈਲੋ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਜਦੋਂ ਭਾਜਪਾ ਕੋਲ 5 ਸੰਸਦ ਮੈਂਬਰਾਂ ਦੀ ਕਮੀ ਸੀ ਤਾਂ ਇਹੀ ਮੋਦੀ ਹਰਿਆਣਾ ਦੇ ਇੰਚਾਰਜ ਸਨ ਅਤੇ ਇਨੈਲੋ ਦੇ 5 ਸੰਸਦ ਮੈਂਬਰ ਜਿੱਤ ਕੇ ਆਏ ਸਨ। ਉਸ ਸਮੇਂ ਤਾਂ ਮੋਦੀ ਜੀ ਨੂੰ ਇਨੈਲੋ ਹੀ ਭਗਵਾਨ ਦਿਖ ਰਹੀ ਸੀ ਅਤੇ ਅੱਜ ਪੂਰਨ ਬਹੁਮਤ ਮਿਲਣ ਤੋਂ ਬਾਅਦ ਮੋਦੀ ਜੀ ਵਿਰੋਧੀ ਪਾਰਟੀਆਂ ਬਾਰੇ ਅਜਿਹੀਆਂ ਗੱਲਾਂ ਕਹਿ ਰਹੇ ਹਨ ਜੋ ਪ੍ਰਧਾਨ ਮੰਤਰੀ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀਆਂ।

ਉਨ੍ਹਾਂ ਭਾਜਪਾ ਵਲੋਂ ਸੀ.ਬੀ.ਆਈ. ਦਾ ਦੁਰਉਪਯੋਗ ਕਰ ਕੇ ਇਨੈਲੋ ਸੁਪਰੀਮੋ ਨੂੰ ਮੁੜ ਜੇਲ੍ਹ ਭੇਜਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਚਾਹੇ ਜਿੰਨੇ ਜ਼ੁਲਮ ਅਤੇ ਅਤਿਆਚਾਰ ਕਰੇ ਪਰ ਇਨੈਲੋ ਦੇ ਤੂਫ਼ਾਨ ਨੂੰ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਮੋਦੀ ਅਪਣੇ ਅਹੁਦੇ ਦੇ ਮਾਣ ਅਨੁਸਾਰ ਵਤੀਰਾ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਦੀ ਇਨੈਲੋ ਪ੍ਰਤੀ ਕੀਤੀਆਂ ਗਈਆਂ ਹੋਛੀਆਂ ਟਿੱਪਣੀਆਂ ਨੇ ਹਰਿਆਣਾ ਦੇ ਲੋਕਾਂ ਦੇ ਮਾਣ ਨੂੰ ਲਲਕਾਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸੇ ਲਈ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਗਏ ਹਨ ਉੱਥੇ-ਉੱਥੇ ਇਨੈਲੋ ਦੀ ਜਿੱਤ ਯਕੀਨੀ ਹੋ ਗਈ ਹੈ ਅਤੇ ਜੇਕਰ ਉਹ ਸਾਰੇ 90 ਹਲਕਿਆਂ 'ਚ ਚਲੇ ਜਾਣ ਤਾਂ ਇਨੈਲੋ ਬਿਨਾ ਕੁੱਝ ਕੀਤਿਆਂ ਹੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਆਰਾਮ ਨਾਲ ਜਿੱਤ ਜਾਵੇਗੀ। ਉਨ੍ਹਾਂ ਸਥਾਨਕ ਉਮੀਦਵਾਰ ਕਿਰਨ ਚੌਧਰੀ ਅਤੇ ਭਾਜਪਾ ਸੰਸਦ ਮੈਂਬਰ ਧਰਮਬੀਰ ਨੂੰ ਬਹਿਰੂਪੀਆ ਦਸਦਿਆਂ ਕਿਹਾ ਕਿ ਇਨ੍ਹਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ, ਅਜਿਹੇ ਲੋਕ ਅਪਣੇ ਮਤਲਬ ਲਈ ਕੋਈ ਵੀ ਡਰਾਮਾ ਕਰ ਸਕਦੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਧਰਮਬੀਰ ਨੇ ਭਾਜਪਾ ਦੇ ਉਮੀਦਵਾਰ ਨੂੰ ਅਗ਼ਵਾ ਕਰ ਲਿਆ ਹੈ ਅਤੇ ਭਾਜਪਾ ਦੇ ਲੋਕਾਂ ਨੂੰ ਅਪਣੇ ਉਮੀਦਵਾਰ ਦੇ ਅਗ਼ਵਾ ਦੀ ਐਫ਼.ਆਈ.ਆਰ. ਦਰਜ ਕਰਵਾਉਣੀ ਚਾਹੀਦੀ ਹੈ। ਨੌਜਵਾਨਾਂ ਦੇ ਜੋਸ਼ ਨੂੰ ਵੇਖਦਿਆਂ ਉਨ੍ਹਾਂ ਐਲਾਨ ਕੀਤਾ ਕਿ ਅਜੇ ਤਾਂ ਸਿਰਫ਼ 3206 ਨੌਜਵਾਨਾਂ ਨੂੰ ਨੌਕਰੀ ਦੇਣ ਲਈ ਸਾਡੇ ਆਗੂਆਂ ਨੂੰ 10 ਸਾਲਾਂ ਦੀ ਸਜ਼ਾ ਹੋਈ ਹੈ ਪਰ ਚੌਟਾਲਾ ਸਾਹਿਬ ਨੇ ਐਲਾਨ ਕੀਤਾ ਹੈ ਕਿ ਉਹ ਇਸ ਵਾਰੀ ਸੱਤਾ 'ਚ ਆਉਣ 'ਤੇ 3 ਲੱਖ 20 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਉਮਰਕੈਦ ਜਾਂ ਫ਼ਾਂਸੀ ਦੀ ਸਜ਼ਾ ਵੀ ਕਿਉਂ ਨਾ ਹੋ ਜਾਵੇ।

ਇਨੈਲੋ ਦੇ ਕੌਮੀ ਪ੍ਰਧਾਨ ਅਵਤਾਰ ਭੜਾਣਾ ਨੇ ਕਿਹਾ ਕਿ ਸੂਬਾ ਬਣਾਉਣ ਲਈ ਨਾਰਾਜ਼ਗੀ ਨੂੰ ਦੂਰ ਕਰਨਾ ਪਵੇਗਾ ਅਤੇ ਹਰ ਕਾਰਕੁਨ ਨੂੰ ਹਰ ਵੋਟਰ ਨਾਲ ਸੰਪਰਕ ਕਰ ਕੇ ਇਨੇਲੋ ਦੀ ਜਿੱਤ ਯਕੀਨੀ ਕਰਨੀ ਚਾਹੀਦੀ ਹੈ। ਪਾਰਟੀ ਉਮੀਦਵਾਰ ਕਮਲਾ ਰਾਣੀ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਕਾਰਕੁਨਾਂ ਦੀ ਮਿਹਨਤ ਦੇ ਦਮ 'ਤੇ ਅੱਜ ਇਨੈਲੋ ਕਾਂਗਰਸ ਅਤੇ ਭਾਜਪਾ ਨੂੰ ਹਰਾਉਣ 'ਚ ਸਮਰੱਥ ਹੋ ਗਈ ਹੈ ਅਤੇ ਕਾਰਕੁਨਾਂ ਨੂੰ ਵੋਟਾਂ ਵਾਲੇ ਦਿਨ ਤਕ ਚੈਨ ਨਾਲ ਨਹੀਂ ਬੈਠਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਤੋਸ਼ਾਮ ਵਰਗੇ ਖੁਸ਼ਕ ਇਲਾਕੇ 'ਚ ਬਿਨਾ ਪਾਣੀ ਤੋਂ ਹੀ ਕਮਲ ਦਾ ਫ਼ੁੱਲ ਖਿਲਾਉਣਾ ਚਾਹੁੰਦੀ ਹੈ ਪਰ ਜਨਤਾ ਨੇ ਉਸ ਫ਼ੁੱਲ ਨੂੰ ਅਲਮਾਰੀ 'ਚ ਬੰਦ ਕਰ ਕੇ ਤਾਲਾ ਲਾ ਦਿਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰੀ ਤੋਸ਼ਾਮ ਦੇ ਵੋਟਰਾਂ ਨੇ ਨਵਾਂ ਇਤਿਹਾਸ ਲਿਖਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਇਨੈਲੋ ਦੇ ਮੁਕਾਬਲੇ ਹੋਰ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ।