5 Dariya News

ਚੰਗੇ ਦਿਨਾਂ ਦਾ ਵਾਅਦਾ ਕਰ ਕੇ, ਕਿਸਾਨ ਬਰਬਾਦ ਕੀਤੇ : ਓਮ ਪ੍ਰਕਾਸ਼ ਚੌਟਾਲਾ

ਹਰਿਆਣਾ ਤੋਂ ਮਾਰੂਤੀ ਵਰਗੇ ਉਦਯੋਗ ਵੀ ਗੁਜਰਾਤ ਲੈ ਜਾ ਰਹੇ ਹਨ : ਇਨੈਲੋ ਮੁਖੀ

5 ਦਰਿਆ ਨਿਊਜ਼

ਰੇਵਾੜੀ 09-Oct-2014

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਮੁਖੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਸੂਬਾ ਵਾਸੀਆਂ ਨੂੰ ਇਨੈਲੋ ਉਮੀਦਵਾਰਾਂ ਨੂੰ ਜੇਤੂ ਬਣਾਉਣ ਅਤੇ ਕਾਂਗਰਸ ਸਮੇਤ ਹੋਰ ਪਾਰਟੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਕ ਪਾਸੇ ਹੁੱਡਾ ਸਰਕਾਰ ਨੇ ਸੂਬੇ ਨੂੰ ਦੋਹਾਂ ਹੱਥਾਂ ਨਾਲ ਪਿਛਲੇ ਦਸ ਸਾਲਾਂ ਤੋਂ ਲੁੱਟਣ ਦਾ ਕੰਮ ਕੀਤਾ ਅਤੇ ਦੂਜੇ ਪਾਸੇ ਚੰਗੇ ਦਿਨਾਂ ਦਾ ਵਾਅਦਾ ਕਰ ਕੇ ਕੇਂਦਰ ਦੀ ਸੱਤਾ ਹਥਿਆਰਉਣ ਵਾਲੀ ਭਾਜਪਾ ਨੇ ਨਾ ਸਿਰਫ਼ ਹਰਿਆਣਾ ਦੇ ਕਿਸਾਨਾਂ ਅਤੇ ਉਦਯੋਗਾਂ ਨੂੰ ਬਰਬਾਦ ਕਰਨ ਦਾ ਕੰਮ ਕੀਤਾ ਬਲਕਿ ਅੱਜ ਹਰਿਆਣਾ ਦੇ ਝੋਨਾ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ ਮਾਰੂਤੀ ਵਰਗੇ ਵੱਡੇ ਹਰਿਆਣਾ ਦੇ ਉਦਯੋਗਾਂ ਨੂੰ ਵੀ ਇੱਥੋਂ ਗੁਜਰਾਤ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਕਿ ਹਰਿਆਣਾ ਦੀ ਖੇਤੀਬਾੜੀ ਅਤੇ ਉਦਯੋਗ ਪੂਰੀ ਤਰ੍ਹਾਂ ਬਰਬਾਦ ਹੋ ਜਾਣ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਨੈਲੋ ਦੀ ਵਧਦੀ ਮਸ਼ਹੂਰੀ ਅਤੇ ਇਨੈਲੋ ਦੀਆਂ ਰੈਲੀਆਂ 'ਚ ਆਏ ਲੋਕਾਂ ਦੇ ਹੜ੍ਹ ਨੇ ਇਨ੍ਹਾਂ ਵਿਰੋਧੀਆਂ ਦੀ ਪੂਰੀ ਤਰ੍ਹਾਂ ਨੀਂਦ ਹਰਾਮ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਦੀ ਸੇਵਾ ਅਤੇ ਭ੍ਰਿਸ਼ਟਾਚਾਰੀਆਂ ਤੋਂ ਸੂਬੇ ਨੂੰ ਬਚਾਉਣ ਲਈ ਉਹ ਖ਼ੂਨ ਦੇ ਆਖ਼ਰੀ ਕਤਰੇ ਤਕ ਅਤੇ ਅਪਣੀ ਆਖ਼ਰੀ ਸਾਹ ਤਕ ਸੰਘਰਸ਼ ਕਰਨਗੇ ਅਤੇ ਉਨ੍ਹਾਂ ਦੇ ਰਹਿੰਦਿਆਂ ਸੂਬੇ ਨੂੰ ਭ੍ਰਿਸ਼ਟ ਅਤੇ ਢੋਂਗੀਆਂ ਨੂੰ ਲੁੱਟਣ ਨਹੀਂ ਦਿਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਪ੍ਰੇਮ-ਪਿਆਰ ਅਤੇ ਭਾਈਚਾਰਾ ਕਾਇਮ ਰੱਖਣ ਅਤੇ ਇਨੈਲੋ ਉਮੀਦਵਾਰਾਂ ਨੂੰ ਜੇਤੂ ਬਣਾਉਣ ਦਾ ਸੱਦਾ ਦਿਤਾ।

ਇਨੈਲੋ ਮੁਖੀ ਨੇ ਰੇਵਾੜੀ ਜ਼ਿਲ੍ਹੇ ਦੇ ਕੋਸਲ, ਭਿਵਾਨੀ, ਰੋਹਤਕ ਜ਼ਿਲ੍ਹੇ ਦੇ ਹਲਕਾ ਕਿਲੋਈ ਦੇ ਪਿੰਡ ਭਲੋਟ, ਪਾਣੀਪਤ ਅਤੇ ਝੱਜਰ 'ਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਲੋਕਾਂ ਤੋਂ ਸੌ ਦਿਨਾਂ ਅੰਦਰ ਮਹਿੰਗਾਈ ਅਤੇ ਗ਼ਰੀਬੀ ਖ਼ਤਮ ਕਰਨ ਅਤੇ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਸਮੇਤ ਅਪਣੇ ਚੋਣ ਵਾਅਦੇ ਪੂਰੇ ਕਰਨ ਦਾ ਭਰੋਸਾ ਦਿਤਾ ਸੀ।ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਵਾਅਦਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਲਾਗਤ ਮੁੱਲ ਦੇ ਨਾਲ 50 ਫ਼ੀ ਸਦੀ ਮੁਨਾਫ਼ਾ ਜੋੜ ਕੇ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਅਨੁਸਾਰ ਕੀਮਤ ਦਿਤੀ ਜਾਵੇਗੀ। ਅੱਜ ਕੇਂਦਰ 'ਚ ਸਰਕਾਰ ਬਣਨ ਤੋਂ 130 ਦਿਨਾਂ ਬਾਅਦ ਵੀ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਨਾ ਤਾਂ ਦੂਰ ਕੇਂਦਰ ਸਰਕਾਰ ਨੇ ਝੋਨੇ ਦੀ ਬਰਾਮਦ 'ਤੇ ਪਾਬੰਦੀ ਲਾ ਦਿਤੀ ਜਿਸ ਕਾਰਨ ਕਿਸਾਨਾਂ ਨੂੰ ਪਿਛਲੇ ਸਾਲ ਮੁਕਾਬਲੇ ਕਰੀਬ ਡੇਢ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਕੀਮਤ ਘੱਟ ਮਿਲ ਰਹੀ ਹੈ ਅਤੇ ਬਾਸਮਤੀ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਕਰੀਬ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਸਿੱਧਾ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਅੱਜ ਸੂਬੇ ਦਾ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ ਅਤੇ ਉਸ ਨੂੰ ਉਸ ਦੀਆਂ ਫ਼ਸਲਾਂ ਦਾ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜ ਵਾਰੀ ਡੀਜ਼ਲ ਦੀ ਕੀਮਤ ਵਧਾਈ ਜਾ ਚੁਕੀ ਹੈ। ਚੀਨੀ 'ਤੇ ਦਰਾਮਦ ਚੁੰਗੀ  ਵਧਾਉਣ ਦੇ ਨਾਲ ਹੀ ਰੇਲ ਕਿਰਾਏ 'ਚ ਵੱਡੇ ਵਾਧੇ ਵਰਗੇ ਜੋ ਕਦਮ ਚੁੱਕੇ ਗਏ ਹਨ ਉਸ ਨਾਲ ਮਹਿੰਗਾਈ ਘੱਟ ਹੋਣ ਦੀ ਬਜਾਏ ਹੋਰ ਜ਼ਿਆਦਾ ਵਧ ਗਈ ਹੈ ਅਤੇ ਚੰਗੇ ਦਿਲਾਂ ਦੇ ਵਾਅਦਿਆਂ ਦੇ ਉਲਟ ਕਿਸਾਨ ਜਿੱਥੇ ਬਰਬਾਦ ਹੋ ਗਏ ਹਨ ਉੱਥੇ ਹਰਿਆਣਾ ਤੋਂ ਮਾਰੂਤੀ ਵਰਗੇ ਪ੍ਰਮੁੱਖ ਉਦਯੋਗ ਧੰਦਿਆਂ ਨੂੰ ਵੀ ਗੁਜਰਾਤ ਲਿਜਾਇਆ ਜਾ ਰਿਹਾ ਹੈ।ਚੌਟਾਲਾ ਨੇ ਕਿਹਾ ਕਿ ਹਰਿਆਣਾ ਦੀ ਉਸਾਰੀ ਚੌਧਰੀ ਦੇਵੀਲਾਲ ਦੇ ਸੰਘਰਸ਼ ਦਾ ਨਤੀਜਾ ਸੀ ਅਤੇ ਅਸੀਂ ਚੌਧਰੀ ਦੇਵੀਲਾਲ ਅਤੇ ਹਰਿਆਣਾ ਦੇ ਪੁੱਤਰ ਹੋਣ ਦੇ ਨਾਤੇ ਸੂਬੇ ਦੇ ਹਰ ਵਰਗ ਅਤੇ ਹਰ ਖੇਤਰ ਦੀਆਂ ਮੁਸ਼ਕਲਾਂ, ਪ੍ਰੇਸ਼ਾਨੀਆਂ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਜਾਣਦੇ ਅਤੇ ਸਮਝਦੇ ਹਾਂ ਅਤੇ ਉਨ੍ਹਾਂ ਦਾ ਹੱਲ ਵੀ ਇਨੈਲੋ ਦੀ ਸਰਕਾਰ ਹੀ ਕੱਢ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਲੱਛੇਦਾਰ ਭਾਸ਼ਣਾਂ ਨਾਲ ਬਹਿਕਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਤੋਂ ਚੌਕਸ ਰਹਿਣ ਅਤੇ ਕਾਂਗਰਸ ਦੀ ਭ੍ਰਿਸ਼ਟ ਅਤੇ ਦੋਹਾਂ ਹੱਥਾਂ ਨਾਲ ਲੁੱਟਣ ਵਾਲੀ ਹੁੱਡਾ ਸਰਕਾਰ ਨੂੰ ਉਖਾੜ ਕੇ ਸੁੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਰਿਆਣਾ ਦੀ ਸਿਆਸਤ ਹਥਿਆਉਣ ਲਈ ਮਿੱਠੀਆਂ ਗੱਲਾਂ ਕਰਨ ਅਤੇ ਝੂਠੇ ਵਾਅਦੇ ਕਰਨ ਲਈ ਕਈ ਸਿਆਸੀ ਪਾਰਟੀਆਂ ਉਨ੍ਹਾਂ ਕੋਲ ਆਉਣਗੀਆਂ ਅਤੇ ਕਈ ਤਰ੍ਹਾਂ ਦੇ ਕੁਪ੍ਰਚਾਰ ਵੀ ਕਰਨਗੀਆਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੱਭ ਕੁਪ੍ਰਚਾਰਾਂ ਦੇ ਚਸ਼ਮੇ ਦੇ ਸਾਹਮਣੇ ਵਾਲਾ ਬਟਨ ਬਣਾ ਕੇ ਇਨੈਲੋ ਉਮੀਦਵਾਰਾਂ ਨੂੰ ਜੇਤੂ ਬਣਾਉਣਾ ਹੈ ਤਾਕਿ ਸੂਬੇ 'ਚ ਤੁਹਾਡੀ ਅਪਣੀ ਮਨਚਾਹੀ ਸਰਕਾਰ ਕਾਇਮ ਹੋ ਸਕੇ। ਇਨੇਲੋ ਮੁਖੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਨੂੰ ਜੇਲ੍ਹ ਜਾਣ ਦਾ ਗ਼ਮ ਨਹੀਂ ਹੈ, ਗ਼ਮ ਇਸ ਗੱਲ ਦਾ ਹੈ ਕਿ ਇਕ ਸਾਜ਼ਸ਼ ਦੇ ਤਹਿਤ ਅਪਰਾਧੀ ਬਣਾ ਕੇ ਮੈਨੂੰ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦਾ ਨਿਯਮ ਹੈ ਕਿ ਤੁਸੀਂ ਸੱਚਾਈ ਨੂੰ ਜ਼ਿਆਦਾ ਸਮੇਂ ਤਕ ਦਬਾ ਕੇ ਨਹੀਂ ਰਖ ਸਕਦੇ। ਸਾਨੂੰ ਨਿਆਂਪਾਲਕਾ 'ਤੇ ਪੂਰਾ ਭਰੋਸਾ ਹੈ ਜਿਸ ਕਾਰਨ ਛੇਤੀ ਹੀ ਕਾਂਗਰਸ ਦੀ ਇਸ ਸਾਜ਼ਸ਼ ਦਾ ਪਰਦਾਫ਼ਾਸ਼ ਹੋਵੇਗਾ ਅਤੇ ਮੈਂ ਬੇਦਾਗ਼ ਹੋ ਕੇ ਤੁਹਾਡੇ ਵਿਚਕਾਰ ਹੋਵਾਂਗਾ। ਸੂਬੇ 'ਚ ਹੋ ਰਹੀਆਂ ਮੋਦੀ ਦੀਆਂ ਰੈਲੀਆਂ 'ਚ ਨਾਮਾਤਰ ਦੇ ਲੋਕਾਂ ਦਾ ਪੁੱਜਣਾ ਇਸ ਗੱਲ ਦਾ ਸਬੂਤ ਹੈ ਕਿ ਸੂਬੇ ਦੀ ਜਨਤਾ ਭਾਜਪਾ ਨੂੰ ਵੀ ਨਕਾਰ ਚੁਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਸੂਬੇ ਅੰਦਰ ਇਨੈਲੋ ਦੀ ਲਹਿਰ ਚਲ ਰਹੀ ਹੈ ਅਤੇ ਇਨੈਲੋ ਜਨਤਾ ਦੇ ਹੱਕ ਅਤੇ ਸਹਿਯੋਗ ਨਾਲ ਪੂਰਨ ਬਹੁਮਤ ਵਾਲੀ ਸਰਕਾਰ ਬਣਾਏਗੀ।