5 Dariya News

ਭਾਜਪਾ ਭ੍ਰਿਸ਼ਟਾਚਾਰੀਆਂ ਅਤੇ ਭਗੌੜਿਆਂ ਲਈ ਲਿਆਈ ਚੰਗੇ ਦਿਨ : ਓਮ ਪ੍ਰਕਾਸ਼ ਚੌਟਾਲਾ

5 ਦਰਿਆ ਨਿਊਜ਼

ਸਿਰਸਾ 08-Oct-2014

ਕਾਂਗਰਸ ਦੇ ਕੁਸ਼ਾਸਨ ਤੋਂ ਦੁਖੀ ਦੇਸ਼ ਦੀ ਜਨਤਾ ਨੂੰ ਚੰਗੇ ਦਿਨ ਲਿਆਉਣ ਦਾ ਵਾਅਦਾ ਕਰ ਕੇ ਕੇਂਦਰ ਦੀ ਸੱਤਾ 'ਚ ਪੁੱਜੀ ਭਾਰਤੀ ਜਨਤਾ ਪਾਰਟੀ (ਭਾਜਪਾ) ਆਮ ਆਦਮੀ ਲਈ ਤਾਂ ਅਜੇ ਤਕ ਚੰਗੇ ਦਿਨ ਲਿਆਉਣ 'ਚ ਸਫ਼ਲ ਨਹੀਂ ਹੋ ਸਕੀ ਪਰ ਹਰਿਆਣਾ 'ਚ ਭ੍ਰਿਸ਼ਟਾਚਾਰੀਆਂ ਅਤੇ ਭਗੌੜੇ ਆਗੂਆਂ ਦੀ ਸ਼ਰਨ ਥਾਂ ਬਣ ਕੇ ਭਾਜਪਾ ਨੇ ਇਨ੍ਹਾਂ ਭ੍ਰਿਸ਼ਟਾਚਾਰੀਆਂ ਅਤੇ ਭਗੌੜਿਆਂ ਲਈ ਚੰਗੇ ਦਿਨ ਜ਼ਰੂਰ ਲਿਆ ਦਿਤੇ ਹਨ। ਪਰ ਸੂਬੇ ਦੀ ਜਨਤਾ ਜਾਣਦੀ ਹੈ ਕਿ ਸਿਰਫ਼ ਚੋਲਾ ਬਦਲ ਲੈਣ ਨਾਲ ਕੋਈ ਭ੍ਰਿਸ਼ਟ ਆਦਮੀ ਸਾਧੂ ਨਹੀਂ ਬਣ ਜਾਂਦਾ ਹੈ। ਇਸੇ ਲਈ ਸੂਬੇ ਦੀ ਜਨਤਾ ਨੇ ਸੂਬੇ ਨੂੰ ਲੁੱਟਣ ਵਾਲੇ ਇਨ੍ਹਾਂ ਸਾਰਿਆਂ ਨੂੰ ਸਬਕ ਸਿਖਾਉਣ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਪੂਰਨ ਬਹੁਮਤ ਨਾਲ ਜੇਤੂ ਬਣਾਉਣ ਦਾ ਮਨ ਬਣਾ ਲਿਆ ਹੈ। ਇਹ ਗੱਲ ਇਨੈਲੋ ਮੁਖੀ ਚਮ ਪ੍ਰਕਾਸ਼ ਚੌਟਾਲਾ ਨੇ ਅੱਜ ਕੈਥਲ, ਸਫ਼ੀਦਾਂ, ਬਰਵਾਲਾ, ਫ਼ਤਿਹਾਬਾਦ ਅਤੇ ਸਿਰਸਾ ਆਦਿ ਵਿਧਾਨ ਸਭਾ ਖੇਤਰਾਂ 'ਚ ਆਯੋਜਤ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਹੀ।

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਲਗਭਗ ਦਸ ਸਾਲਾਂ ਦੇ ਰਾਜ 'ਚ ਡਰ, ਭ੍ਰਿਸ਼ਟਾਚਾਰ ਅਤੇ ਘਪਲਿਆਂ ਦੇ ਕਾਰਨ ਸੂਬੇ ਦੀ ਜਨਤਾ ਦੁਖੀ ਹੈ। ਸੂਬੇ ਦੇ ਆਮ ਆਦਮੀ ਨੂੰ ਬਿਜਲੀ, ਪਾਣੀ, ਸਿਹਤ ਅਤੇ ਸਿੱਖਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਲਈ ਤਰਸਣਾ ਪੈ ਰਿਹਾ ਹੈ, ਉੱਥੇ ਕਿਸਾਨਾਂ ਨੂੰ ਖੇਤੀਬਾੜੀ ਲਈ ਉਚਿਤ ਮਾਤਰਾ 'ਚ ਬਿਜਲੀ, ਪਾਣੀ ਅਤੇ ਖਾਦ ਦੇ ਬੀਜ ਮੁਹੱਈਆ ਨਾ ਕਰਵਾਉਣ ਕਾਰਨ ਸੂਬੇ ਅੰਦਰ ਖੇਤੀਬਾੜੀ ਘਾਟੇ ਦਾ ਸੌਦਾ ਬਣ ਗਈ ਹੈ। ਜਿਸ ਕਾਰਨ ਸੂਬੇ ਦਾ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦਬ ਕੇ ਖ਼ੁਦਕੁਸ਼ੀ ਕਰਨ ਨੂੰ ਮਜਬੂਰ ਹੋ ਗਿਆ ਹੈ। ਪਰ ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸ ਸਰਕਾਰ ਨੇ ਕਦੀ ਇਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਅਪਦੇ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕਦੀ ਅਤੇ ਉਸ ਦੀ ਜਾਨ-ਮਾਲ ਦੀ ਰਖਿਆ ਨਹੀਂ ਕਰਦੀ ਅਜਿਹੀ ਸਰਕਾਰ ਨੂੰ ਜੜ੍ਹ ਤੋਂ ਉਖਾੜ ਕੇ ਸੁੱਟਣ ਲਈ ਹੀ ਲੋਕਤੰਤਰ ਨੇ ਸਾਨੂੰ ਵੋਟ ਰੂਪੀ ਹਥਿਆਰ ਦਿਤਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੀ ਇਸ ਲੁਟੇਰੀ ਅਤੇ ਘਪਲੇਬਾਜ਼ ਕਾਂਗਰਸ ਨੂੰ ਜੜ੍ਹ ਤੋਂ ਉਖਾੜ ਸੁੱਟਣ।

ਉਨ੍ਹਾਂ ਕਿਹਾ ਕਿ ਹਰਿਆਣਾ ਨੇ ਹਮੇਸ਼ਾ ਇਤਿਹਾਸ ਬਣਾਉਣ ਦਾ ਕੰਮ ਕੀਤਾ ਹੈ। ਇਸ ਵਾਰੀ ਮੌਜੂਦਾ ਚੋਣਾਂ 'ਚ ਵੀ ਉਹ ਲੋਕਵਿਰੋਧੀ ਕਾਂਗਰਸ ਦੇ ਨਾਲ ਸੂਬੇ ਨੂੰ ਦੋਹਾਂ ਹੱਥਾਂ ਨਾਲ ਲੁੱਟ ਕੇ ਭਾਜਪਾ ਵਰਗੀਆਂ ਹੋਰ ਪਾਰਟੀਆਂ 'ਚ ਪੁੱਜੇ ਭ੍ਰਿਸ਼ਟਾਚਾਰੀ ਆਗੂਆਂ ਦੀ ਜ਼ਮਾਨਤ ਜ਼ਬਤ ਕਰਵਾ ਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਇਨੈਲੋ ਨੇ ਹਮੇਸ਼ਾ ਹੀ ਜਨਹਿੱਤ ਦੀ ਸਿਆਸਤ ਕਰਦਿਆਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰੀ ਫਿਰ ਤੁਹਾਡੀ ਹਮਾਇਤ ਅਤੇ ਸਹਿਯੋਗ ਨਾਲ ਪੂਰੇ ਸੂਬੇ 'ਚ ਇਨੈਲੋ ਦੀ ਲਹਿਰ ਚਲ ਰਹੀ ਹੈ, ਜਿਸ ਕਾਰਨ ਇਨੈਲੋ ਦੋ ਤਿਹਾਈ ਬਹੁਮਤ ਨਾਲ ਸੱਤਾ 'ਚ ਆ ਰਹੀ ਹੈ। ਇਸ ਮੌਕੇ ਕ੍ਰਾਂਤੀਦਲ ਪਾਰਟੀ ਤੋਂ ਚੋਣ ਲੜ ਰਹੇ ਪ੍ਰਸ਼ਾਂਤ ਘਣਗਸ ਨੇ ਅਪਣੀ ਚੋਣ ਛੱਡ ਕੇ ਅਪਣੇ ਹਜ਼ਾਰਾਂ ਹਮਾਇਤੀਆਂ ਨਾਲ ਇਨੈਲੋ ਨੂੰ ਹਮਾਇਤ ਦਿਤੀ। ਇਸ ਦੇ ਨਾਲ ਹਰਿਆਣਾ ਜਨਹਿੱਤ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੀਰਬਾਜ਼ ਖਾਂ, ਇਸੇ ਪਾਰਟੀ ਦੇ ਘੱਟ ਗਿਣਤੀ ਸੈੱਲ ਦੇ ਪ੍ਰਧਾਨ ਤ੍ਰਿਲੋਚਨ ਸਿੰਘ, ਨਗਰ ਪਾਲਿਕਾ ਚੇਅਰਮੈਨ ਬਬੀਤਾ ਧੀਮਾਨ, ਸਰਪੰਚ ਮਹਿੰਦਰ, ਸਰਪੰਚ ਸਚਿਨ ਸਮੇਤ ਸੈਂਕੜੇ ਕਾਂਗਰਸੀ ਇਨੈਲੋ 'ਚ ਸ਼ਾਮਲ ਹੋਏ।

ਉਧਰ, ਕੈਥਲ ਸ਼ਹਿਰ 'ਚ ਕਲਾਇਤ ਤੋਂ ਇਨੈਲੋ ਉਮੀਦਵਾਰ ਰਾਮਪਾਲ ਮਾਜਰਾ ਅਤੇ ਕੈਥਲ ਤੋਂ ਉਮੀਦਵਾਰ ਕੈਲਾਸ਼ ਭਗਤ ਵਲੋਂ ਆਯੋਜਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਹਰਿਆਣਾ 'ਚ ਇਨੈਲੋ ਦੀ ਸਰਕਾਰ ਬਣਨ 'ਤੇ ਵੱਖਰਾ ਵਪਾਰੀ ਭਲਾਈ ਸੰਘ ਬਣਾਇਆ ਜਾਵਾ। ਜਿਸ 'ਚ ਵਪਾਰੀਆਂ ਦੇ ਪ੍ਰਤੀਨਿਧੀ ਮੈਂਬਰ ਹੋਣਗੇ। ਉਨ੍ਹਾਂ ਦੀ ਸਲਾਹ ਲੈ ਕੇ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਇਕ ਕਲਮ ਨਾਲ ਹੱਲ ਕਰ ਦਿਤਾ ਜਾਵੇਗਾ। ਕੈਥਲ ਦੇ ਹੁੱਡਾ ਮੈਦਾਨ 'ਚ ਆਯੋਜਤ ਰੈਲੀ 'ਚ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਵੇਖ ਕੇ ਗਦ-ਗਦ ਹੋਏ ਚੌਟਾਲਾ ਨੇ ਲੋਕਾਂ ਨੂੰ ਇਨੈਲੋ ਸਰਕਾਰ ਬਣਨ ਦੀ ਅਗਾਊਂ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਧਰਤੀ 'ਤੇ ਜ਼ੁਲਮ ਅਤੇ ਜ਼ਿਆਦਤੀ ਵਧ ਜਾਂਦੀ ਹੈ ਤਾਂ ਜਨਤਾ ਇਕਜੁਟ ਹੋ ਕੇ ਸੰਘਰਸ਼ ਕਰਦੀ ਹੈ। ਕੈਥਲ 'ਚ ਮੇਰੇ ਪੁਰਾਣੇ ਸਾਥੀ ਰੌਸ਼ਨ ਲਾਲ ਤਿਵਾਰੀ, ਸੁਰਿੰਦਰ ਮਦਾਨ ਅਤੇ ਅਸ਼ੋਕ ਜੈਨ ਸਮੇਤ ਪਾਰਸ ਮਿੱਤਲ ਵਰਗੇ ਆਗੂ ਅੱਜ ਸਾਡੇ ਨਾਲ ਇਸੇ ਲਈ ਹਨ ਕਿ ਉਹ ਜਨਤਾ ਦੇ ਹਿੱਤਾਂ ਲਈ ਸੰਘਰਸ਼ ਕਰਨਾ ਚਾਹੁੰਦੇ ਹਨ। ਜਨਤਾ ਦੁਖੀ ਹੈ। ਦੇਸ਼ ਨੂੰ ਅੰਨ ਦੇਣ ਵਾਲਾ ਕਿਸਾਨ ਖ਼ੁਦਕੁਸ਼ੀ ਲਈ ਮਜਬੂਰ ਹੈ, ਜਿਸ ਕਾਰਨ ਜਨਤਾ ਕਾਂਗਰਸ ਦੀ ਜ਼ੁਲਮ ਕਰਨ ਵਾਲੀ ਇਸ ਸਰਕਾਰ ਨੂੰ ਬਦਲਣਾ ਚਾਹੁੰਦੀ ਹੈ। ਲੋਕਤੰਤਰ 'ਚ ਚੋਣਾਂ ਹੀ ਅਜਿਹਾ ਜ਼ਰੀਆ ਹਨ, ਜਦੋਂ ਜਨਤਾ ਅਪਣੀ ਪਸੰਦ ਦੀ ਸਰਕਾਰ ਬਣਾ ਸਕਦੀ ਹੈ।

ਇਨੈਲੋ ਸੁਪਰੀਮੋ ਨੇ ਕਿਹਾ, ''ਮੈਨੂੰ ਮਾਣ ਹੈ ਅਪਣੇ ਉਸ ਮਿਹਨਤਕਸ਼ ਕਾਰਜਕਰਤਾ 'ਤੇ ਜੋ ਮੇਰੇ ਨਾਲ ਹਰ ਘੜੀ 'ਚ ਖੜ੍ਹਾ ਰਿਹਾ। ਸੰਕਟ 'ਚ ਇਨੈਲੋ ਨਾਲ ਰਹਿਣ ਵਾਲਾ ਕਾਰਜਕਰਤਾ ਮੈਨੂੰ ਜਾਨ ਤੋਂ ਪਿਆਰਾ ਹੈ। ਕੁੱਝ ਸਿਆਸੀ ਆਗੂ ਸਾਨੂੰ ਜਾਤ-ਪਾਤ 'ਚ ਵੰਡਣ ਦਾ ਕੰਮ ਕਰਦੇ ਹਨ ਪਰ ਇਨੈਲੋ 36 ਬਿਰਾਦਰੀਆਂ ਦਾ ਸੰਗਠਨ ਹੈ। ਚੌਧਰੀ ਦੇਵੀ ਲਾਲ ਨੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਖ਼ੁਦ ਦੀ ਬਜਾਏ ਵੀ.ਪੀ. ਸਿੰਘ ਨੂੰ ਬਿਠਾ ਕੇ ਤਿਆਗ ਦੀ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਵੀ ਮੁੱਖ ਮੰਤਰੀ ਰਹਿੰਦਿਆਂ ਵੋਟ ਦੇਣ ਜਾਂ ਨਾ ਦੇਣ ਨੂੰ ਲੈ ਕੇ ਕਿਸੇ ਨਾਲ ਜ਼ਿਆਦਤੀ ਨਹੀਂ ਕੀਤੀ।''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦਿਆਂ ਚੌਟਾਲਾ ਨੇ ਕਿਹਾ ਕਿ ਜਿੱਥੇ-ਜਿੱਥੇ ਮੋਦੀ ਜਾ ਰਹੇ ਹਨ, ਉੱਥੇ-ਉੱਥੇ ਇਨੈਲੋ ਮਜ਼ਬੂਤ ਹੁੰਦੀ ਜਾ ਰਹੀ ਹੈ। ਚੌਟਾਲਾ ਨੇ ਇਹ ਵੀ ਕਿਹਾ, ''ਸਾਡੇ ਕੋਲ ਚੌਧਰੀ ਦੇਵੀ ਲਾਲ ਦਾ ਚਹਿਰਾ ਹੈ। ਸਾਡੇ ਮੂੰਹ 'ਤੇ ਅਜੇ ਚਮਕ ਬਾਕੀ ਹੈ। ਇਸੇ ਲਈ ਸਾਨੂੰ ਕਿਸੇ ਦੂਜੇ ਚਹਿਰੇ ਦੀ ਜ਼ਰੂਰਤ ਨਹੀਂ ਹੈ।'' ਕਾਰਜਕਰਤਾਵਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਅਪਣੇ ਛੋਟੇ-ਮੋਟੇ ਮਤਭੇਦ ਭੁਲਾ ਕੇ ਇਨੈਲੋ ਉਮੀਦਵਾਰਾਂ ਨੂੰ ਜਿਤਵਾਉਣ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਇਨੈਲੋ ਉਮੀਦਵਾਰ ਨੇ ਜੋ ਵੀ ਲੋਕਾਂ ਨਾਲ ਵਾਅਦਾ ਕੀਤਾ ਹੈ, ਉਹ ਉਸ ਇਕ-ਇਕ ਵਾਅਦੇ ਨੂੰ ਪੂਰਾ ਕਰਨਗੇ। ਇਸ ਮੌਕੇ 'ਤੇ ਕਲਾਇਤ ਉਮੀਦਵਾਰ ਰਾਮਪਾਲ ਮਾਜਰਾ, ਕੈਥਲ ਉਮੀਦਵਾਰ ਕੈਲਾਸ਼ ਭਗਤ, ਗੁਹਲਾ-ਚੀਕਾ ਦੇ ਉਮੀਦਵਾਰ ਬੂਟਾ ਸਿੰਘ ਅਤੇ ਪੰਡੂਰੀ ਉਮੀਦਵਾਰ ਤੇਜਵੀਰ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਰੈਲੀ ਦਾ ਮੰਚ ਸੰਚਾਲਨ ਅਸ਼ੋਕ ਜੈਨ ਨੇ ਕੀਤਾ।