5 Dariya News

ਕੈਪਟਨ ਅਮਰਿੰਦਰ ਨੇ ਡੀਜ਼ਲ ਰੇਟ ਵਾਧੇ 'ਤੇ ਅਕਾਲੀਆਂ ਦੇ ਬੇਸ਼ਰਮੀਪੂਰਨ ਬਚਾਅ ਦੀ ਨਿੰਦਾ ਕੀਤੀ

5 ਦਰਿਆ ਨਿਊਜ਼

ਅੰਮ੍ਰਿਤਸਰ 05-Oct-2014

ਲੋਕ ਸਭਾ 'ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਡੀਜ਼ਲ ਰੇਟ ਦੇ ਵਾਧੇ ਦਾ ਬੇਸ਼ਰਮੀ ਨਾਲ ਬਚਾਅ ਕਰਨ ਵਾਲੀ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਦੀ ਨਿੰਦਾ ਕੀਤੀ ਹੈ। ਇਥੇ ਜ਼ਾਰੀ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਮੰਦਭਾਗਾ ਹੈ ਕਿ ਅਕਾਲੀ ਕਿਵੇਂ ਇਸ ਵਾਧੇ ਦਾ ਕਿਸਾਨਾਂ ਨੂੰ ਫਾਇਦਾ ਹੋਣ ਬਾਰੇ ਦਾਅਵਾ ਕਰ ਸਕਦੇ ਹਨ, ਜਦਕਿ ਅਸਲਿਅਤ 'ਚ ਕਿਸਾਨਾਂ 'ਤੇ ਇਸਦਾ ਬਹੁਤ ਮਾੜਾ ਪ੍ਰਭਾਵ ਪਏਗਾ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਸਲਿਅਤ 'ਚ ਐਨ.ਡੀ.ਏ ਸਰਕਾਰ ਵੱਲੋਂ ਡੀਜ਼ਲ ਕੀਮਤਾਂ 'ਚ ਘਾਟਾ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਅੰਤਰਰਾਸ਼ਟਰੀ ਬਜ਼ਾਰ 'ਚ ਇਹ ਘੱਟ ਚੁੱਕੀਆਂ ਹਨ। ਪਰ ਜਿਥੇ ਕੇਂਦਰ ਦੀ ਐਨ.ਡੀ.ਏ ਸਰਕਾਰ ਰੇਟਾਂ ਨੂੰ ਘਟਾਉਣ ਤੋਂ ਭੱਜ ਰਹੀ ਹੈ, ਉਥੇ ਹੀ ਪੰਜਾਬ 'ਚ ਅਕਾਲੀਆਂ ਨੇ ਉਲਟਾ ਰੇਟ ਵਧਾ ਦਿੱਤੇ ਹਨ।ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੁਝ ਰਾਹਤ ਮਿਲਣੀ ਚਾਹੀਦੀ ਹੈ, ਜਿਨ੍ਹਾਂ ਨੂੰ ਮਾੜੇ ਮਾਨਸੂਨ ਤੇ ਬਿਜਲੀ ਨਾ ਹੋਣ ਕਾਰਨ ਆਪਣੇ ਖੇਤਾਂ 'ਚ ਪਾਣੀ ਦੇਣ ਲਈ ਜਨਰੇਟਰਾਂ ਦਾ ਇਸਤੇਮਾਲ ਕਰਨਾ ਪਿਆ ਹੈ। 

ਹੁਣ ਇਸ ਵਾਧੇ ਤੋਂ ਬਾਅਦ ਕਿਸਾਨਾਂ ਦੀ ਲਾਗਤ ਵੱਧ ਜਾਵੇਗੀ, ਜਿਸ ਨਾਲ ਉਨ੍ਹਾਂ 'ਤੇ ਵਾਧੂ ਬੋਝ ਪਏਗਾ ਤੇ ਅਕਾਲੀ ਬੇਸ਼ਰਮੀ ਨਾਲ ਸਾਨੂੰ ਵਿਸ਼ਵਾਸ ਦਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸਦਾ ਕਿਸਾਨਾਂ ਨੂੰ ਫਾਇਦਾ ਮਿਲੇਗਾ।ਕੈਪਟਨ ਅਮਰਿੰਦਰ ਨੇ ਕਿਹਾ ਕਿ ਟਰਾਂਸਪੋਰਟ ਲਾਗਤ 'ਚ ਵਾਧੇ ਨਾਲ ਆਮ ਆਦਮੀ 'ਤੇ ਬੋਝ ਪਏਗਾ। ਉਨ੍ਹਾਂ ਨੇ ਇਸ ਵਾਧੇ ਨੂੰ ਤੁਰੰਤ ਵਾਪਿਸ ਲੈਣ ਲਈ ਕਹਿੰਦਿਆਂ ਕਿਹਾ ਕਿ ਬੱਸਾਂ ਦਾ ਵੱਡਾ ਬੇੜਾ ਚਲਾਉਣ ਵਾਲੇ ਬਾਦਲਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਾਧੇ ਦਾ ਆਮ ਆਦਮੀ ਤੇ ਸਧਾਰਨ ਮੁਸਾਫਿਰਾਂ 'ਤੇ ਕੀ ਅਸਰ ਪਏਗਾ।ਕਾਂਗਰਸ ਡਿਪਟੀ ਲੀਡਰ ਹੈਰਾਨੀ ਪ੍ਰਗਟਾਈ ਕਿ ਕਿਉਂ ਕੇਂਦਰ ਸਰਕਾਰ ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਣ ਵਾਲੇ ਘਾਟੇ ਦਾ ਫਾਇਦਾ ਦੇਸ਼ ਦੇ ਖਪਤਕਾਰਾਂ ਨੂੰ ਨਹੀਂ ਦੇ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਜਦੋਂ ਤੁਸੀਂ ਵਾਧੇ ਦਾ ਬੋਝ ਖਪਤਕਾਰਾਂ 'ਤੇ ਪਾਉਂਦੇ ਹੋ, ਤਾਂ ਤਹਾਨੂੰ ਘੱਟ ਹੋਈਆਂ ਕੀਮਤਾਂ ਦਾ ਫਾਇਦਾ ਵੀ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ।