5 Dariya News

ਪੰਜਾਬ ਵਿਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਰਮਨੀ ਦੀ ਇੱਕ ਕੰਪਨੀ ਨਾਲ ਸਮਝੋਤਾ ਕੀਤਾ : ਪਰਕਾਸ਼ ਸਿੰਘ ਬਾਦਲ

5 ਦਰਿਆ ਨਿਊਜ਼

ਪਠਾਨਕੋਟ 15-Oct-2012

ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸੁਜਾਨਪੁਰ ਵਿਖੇ ਇੱਕ ਵਿਸ਼ਾਲ ਵਿਕਾਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਪੈਨਸ਼ਨ ਸਕੀਮਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਬੈਕਾਂ ਦੇ ਅਧਿਕਾਰੀ ਪਿੰਡ-ਪਿੰਡ ਜਾ ਕੇ ਪੈਨਸ਼ਨਾਂ ਵੰਡਣਗੇ ਅਤੇ ਇਸ ਸਬੰਧੀ ਬੈਂਕਾਂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਸਗਨ ਸਕੀਮਾਂ ਦਾ ਲਾਭ ਸਹੀ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਇਸ ਸਕੀਮ ਵਿੱਚ ਵੀ ਤਰਮੀਮ ਕੀਤੀ ਜਾ ਰਹੀ ਹੈ। ਬਾਦਲ ਨੇ ਕਿਹਾ ਕਿ ਪੰਜਾਬ ਵਿਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਰਮਨੀ ਦੀ ਇੱਕ ਕੰਪਨੀ ਨਾਲ ਸਮਝੋਤਾ ਕੀਤਾ ਹੈ ਜਿਸ ਤਹਿਤ ਇੱਕ ਲੱਖ ਪੜ੍ਹੇ-ਲਿਖੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇ ਕੇ ਹੁਨਰਮੰਦ ਬਣਾਇਆ ਜਾਵੇਗਾ। ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਵਿੱਚ 4 ਸਿਖਲਾਈ ਕੇਂਦਰ ਖੋਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪ੍ਰਣ ਕੀਤਾ ਹੈ ਕਿ ਆਉਂਦੇ ਤਿੰਨ ਸਾਲਾਂ ਦੌਰਾਨ ਹਰ ਸ਼ਹਿਰ ਅੰਦਰ ਆਧੁਨਿਕ ਸੀਵਰੇਜ਼, ਵਧੀਆ ਸੜਕਾਂ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਤਹਿਤ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਲਈ ਹਰ ਪਿੰਡ ਅਤੇ ਸ਼ਹਿਰ ਦਾ ਪਾਣੀ ਟੈਸਟ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਅੰਦਰ ਥਰਮਲ ਪਲਾਂਟਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਜੋ ਇੱਕ-ਦੋ ਸਾਲ ਅੰਦਰ ਪੂਰਾ ਕਰ ਲਿਆ ਜਾਵੇਗਾ ਅਤੇ ਪੰਜਾਬ ਬਿਜਲੀ ਦੇ ਖੇਤਰ ਵਿੱਚ ਸਰਪਲੱਸ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹਾ ਬਣਾਉਣ ਦੀ ਮੰਗ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਕਾਂਗਰਸ ਸਰਕਾਰਾਂ ਕਈ ਵਾਰ ਸੱਤਾ ਵਿੱਚ ਆਈਆਂ ਅਤੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਗੁਮਰਾਹ ਕਰਦੀਆਂ ਰਹੀਆਂ ਪਰ ਪਠਾਨਕੋਟ ਨੂੰ ਜ਼ਿਲ੍ਹਾ ਅਕਾਲੀ-ਭਾਜਪਾ ਸਰਕਾਰ ਨੇ ਹੀ ਬਣਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਬਾਕੀ ਲੋੜਾਂ ਵੀ ਬਹੁਤ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਜ਼ਿਲ੍ਹਾ ਪਠਾਨਕੋਟ ਅਤੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਨੇ ਦੋਹਾਂ ਜ਼ਿਲਿਆਂ ਵਿਚੋਂ ਸਾਰੀਆਂ ਸੀਟਾਂ ਜਿੱਤਾ ਕੇ ਦੁਬਾਰਾ ਅਕਾਲੀ-ਭਾਜਪਾ ਸਰਕਾਰ ਬਣਾਉਣ ਵਿੱਚ ਵੱਡਮੁਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਡੈਮ ਦੇ ਔਸਤੀਆਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲੇ ਜਲਦੀ ਹੱਲ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਸੁਜਾਨਪੁਰ ਸ਼ਹਿਰ ਦੇ ਵਾਸੀਆਂ ਦੀ ਸਹੂਲਤ ਲਈ ਅਧੁਨਿਕ ਬੱਸ ਸਟੈਂਡ, ਪੀਣ ਵਾਲਾ ਸਾਫ਼-ਸੁਥਰਾ ਪਾਣੀ, ਸੀਵਰੇਜ, ਲਾਈਟਾਂ, ਸੜਕਾਂ ਬਣਾਉਣ ਅਤੇ ਜੁਗਿਆਲ ਵਿਖੇ ਖੋਖਾ ਮਾਰਕੀਟ ਦੇ ਮਾਲਕਾਂ ਨੂੰ ਪੱਕੀ ਮਾਰਕੀਟ ਬਣਾ ਕੇ ਦੇਣ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪਠਾਨਕੋਟ ਬੱਸ ਸਟੈਂਡ 'ਤੇ ਮਹਾਰਾਣਾ ਪ੍ਰਤਾਪ ਦਾ ਬੁੱਤ ਲਗਾਉਣ ਦਾ ਵੀ ਐਲਾਨ ਕੀਤਾ। 

ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸੱਤਾ ਹਾਸਲ ਕਰਨ ਲਈ ਲੋਕਾਂ ਵਿੱਚ ਫਿਰਕੂ ਪਾੜਾ ਪਾਉਣਾ ਚਾਹੁੰਦੀ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਦੇ ਇਨ੍ਹਾਂ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਦੀ ਸਾਂਝ ਮਜ਼ਬੂਤ ਤੇ ਸਦੀਵੀ ਹੈ ਅਤੇ ਕੇਂਦਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਐਨ.ਡੀ.ਏ. ਨਾਲ ਰਹੀ ਹੈ ਅਤੇ ਅੱਗੇ ਵੀ ਐਨ.ਡੀ.ਏ. ਨਾਲ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਵਾਟਰ ਸਪਲਾਈ, ਸੀਵਰੇਜ਼ ਅਤੇ ਸੜਕਾਂ ਬਣਾਉਣ ਦਾ ਕੰਮ ਇਕੋਂ ਹੀ ਕੰਪਨੀ ਨੂੰ ਦਿੱਤਾ ਜਾਵੇਗਾ ਤਾਂ ਜੋ ਇਹ ਸਾਰਾ ਕੰਮ ਇਕੋਂ ਸਮੇਂ ਵਿੱਚ ਹੀ ਮੁਕੰਮਲ ਹੋ ਸਕੇ ਅਤੇ ਉਹੀ ਕੰਪਨੀ ਇਸ ਕੰਮ ਦੀ 5-7 ਸਾਲ ਤੱਕ ਦੇਖ-ਭਾਲ ਕਰੇ। ਇਸ ਮੌਕੇ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਤੇ ਸੂਬਾ ਪ੍ਰਧਾਨ ਭਾਜਪਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਇੰਨੇ ਘੁਟਾਲੇ ਕਰ ਦਿੱਤੇ ਗਏ ਹਨ ਕਿ ਦੇਸ਼ ਦੇ ਹਲਾਤ ਐਸੇ ਬਣ ਗਏ ਹਨ ਕਿ ਲੋਕ ਸਭਾ ਦੀਆਂ ਚੋਣਾਂ ਕਿਸੇ ਸਮੇਂ ਵੀ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਨੇ ਇੰਨੀ ਮਹਿੰਗਾਈ ਕਰ ਦਿੱਤੀ ਹੈ ਕਿ ਆਮ ਆਦਮੀ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਹੀ ਪੰਜਾਬ ਦਾ ਵਿਕਾਸ ਤੇਜ਼ੀ ਨਾਲ ਹੋਇਆ ਹੈ। ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼੍ਰੀ ਬੱਬੂ ਕੇ ਮੰਗ ਕੀਤੀ ਕਿ ਸੁਜਾਨਪੁਰ ਵਿਖੇ ਸਰਕਾਰੀ ਕਾਲਜ ਬਣਾਇਆ ਜਾਵੇ ਅਤੇ ਕੰਡੀ ਏਰੀਏ ਵਿੱਚ ਵਸਦੇ ਲੋਕਾਂ ਲਈ ਬੁਢਾਪਾ ਪੈਨਸ਼ਨ ਦੀ ਸਕੀਮ ਵਿੱਚ ਜਮੀਨ ਸੰਬੰਧੀ ਸਰਤ ਵਿੱਚ ਸੋਧ ਕੀਤੀ ਜਾਵੇ। 

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੁਜਾਨਪੁਰ ਵਿਖੇ ਬੀ.ਡੀ.ਪੀ.ਓ. ਦੇ ਦਫ਼ਤਰ ਵਿੱਚ ਸਟਾਫ਼ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਰਣਜੀਤ ਸਾਗਰ ਡੈਮ ਦੇ ਅੋਸਤੀਆਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸ਼ਾਂਤਾ ਕੁਮਾਰ ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਅਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ, ਵਿਨੋਦ ਖੰਨਾ ਸਾਬਕਾ ਐਮ.ਪੀ., ਸਵਰਨ ਸਲਾਰੀਆ ਸੀਨੀਅਰ ਭਾਜਪਾ ਨੇਤਾ, ਸ਼੍ਰੀਮਤੀ ਸੀਮਾ ਦੇਵੀ ਵਿਧਾਇਕ ਹਲਕਾ ਭੋਆ, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ, ਜਥੇ: ਹਰਦੀਪ ਸਿੰਘ ਲਮੀਨੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸਿਬਨ ਸੀ. ਡਿਪਟੀ ਕਮਿਸ਼ਨਰ, ਡਾ. ਸੁਰਿੰਦਰ ਕੁਮਾਰ ਕਾਲੀਆ, ਸੰਜੀਵ ਮਲਹਨ, ਐਸ.ਕੇ. ਪੁੰਜ, ਰਾਜ ਕੁਮਾਰ ਬਿੱਟੂ ਪ੍ਰਧਾਨ, ਗੋਪਾਲ ਕ੍ਰਿਸ਼ਨ, ਸਤੀਸ਼ ਮਹਾਜਨ, ਅਨਿਲ ਵਾਸੂਦੇਵਾ, ਅਨੀਤਾ ਪਠਾਨੀਆ, ਰਾਜਿੰਦਰ ਬਿੱਟਾ, ਰਾਵਿੰਦਰ ਵਰਮਾ, ਜਥੇ: ਸੇਵਾ ਸਿੰਘ, ਮਨਜੀਤ ਸਿੰਘ ਡਾਲਾ, ਜਸਬੀਰ ਸਿੰਘ ਸੰਧੂ ਅਤੇ ਅਕਾਲੀ-ਭਾਜਪਾ ਨੇਤਾ ਤੇ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ 'ਤੇ ਅਕਾਲੀ-ਭਾਜਪਾ ਵੱਲੋਂ  ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸ਼੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।