ਪੰਜਾਬ ਵਿਚ ਦੁੱਧ ਦਾ ਉਤਪਾਦਨ ਵਧਾਉਣ ਲਈ ਰਣਨੀਤੀ ਤਿਆਰ - ਸਰਵਣ ਸਿੰਘ ਫਿਲੋਰ
ਪਸ਼ੂਆਂ ਦੀ ਸਿਹਤ ਸੰਭਾਲ ਸਰਕਾਰ ਦੀ ਪ੍ਰਾਥਮਿਕਤਾ
5 ਦਰਿਆ ਨਿਊਜ਼
ਚੰਡੀਗੜ੍ਹ 15-Oct-2012
ਪੰਜਾਬ ਵਿਚ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਡੇਅਰੀ ਖੇਤਰ ਦੇ ਵਿਕਾਸ ਲਈ ਰਾਜ ਸਰਕਾਰ ਨੇ ਪਸ਼ੂਆਂ ਦੀ ਸੰਭਾਲ ਅਤੇ ਸੁਰੱਖਿਆ ਲਈ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਹੈ ਤਾਂ ਹੋ ਰਾਜ ਵਿਚ ਦੁੱਧ ਦੇ ਉਤਪਾਦਨ ਨੂੰ ਵਧਾਇਆ ਜਾ ਸਕੇ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪਸ਼ੂ ਪਾਲਣ ਮੰਤਰੀ ਸਰਵਣ ਸਿੰਘ ਫਿਲੋਰ ਨੇ ਦੱਸਿਆ ਕਿ ਵਿਭਾਗ ਦੁੱਧ ਦੇ ਉਤਪਾਦਨ ਵਿਚ ਵਾਧਾ ਕਰਨ ਲਈ ਪਸ਼ੂਆਂ ਦੀਆਂ ਨਸਲਾਂ ਵਿਚ ਸੁਧਾਰ ਲਿਆਉਣ ਵਾਸਤੇ ਪੂਰੀ ਤਰ੍ਹਾਂ ਸਰਗਰਮ ਹੈ। ਇਸ ਤੋ' ਇਲਾਵਾ ਵਿਭਾਗ ਵਲੋ' ਰਾਜ ਵਿਚ ਪਸ਼ੂਆਂ ਦੀ ਮਿਆਰੀ ਸਿਹਤ ਸੰਭਾਲ ਵਾਸਤੇ ਉਨ੍ਹਾਂ ਦੇ ਟੀਕੇ ਲਾਉਣ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਵਿਦੇਸ਼ਾਂ ਵਿਚਲੇ ਵਧੀਆ ਸਾਨ੍ਹਾਂ ਦੇ ਵੀਰਜ਼ ਦਰਾਮਦ ਕਰਕੇ ਇਥੇ ਚੰਗੀਆਂ ਨਸਲਾਂ ਤਿਆਰ ਕੀਤੀਆਂ ਜਾਣਗੀਆਂ। ਇਨ੍ਹਾਂ ਨਸਲਾਂ ਵਲੋ' ਇੱਕ ਸੂਏ ਵਿਚ 12000 ਲੀਟਰ ਤੱਕ ਦੁੱਧ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੀਮਨ ਨਾਲ ਇਥੇ ਵਧੀਆ ਨਸਲ ਦੀਆਂ ਵੱਛੀਆਂ ਅਤੇ ਕੱਟੀਆਂ ਪੈਦਾ ਹੋਣਗੀਆਂ। ਰਾਜ ਵਿਚ ਪਸ਼ੂਆਂ ਦੀ ਸਿਹਤ ਦਾ ਜਿਕਰ ਕਰਦੇ ਹੋਏ ਫਿਲੋਰ ਨੇ ਕਿਹਾ ਕਿ ਸਮੁੱਚੇ ਰਾਜ ਵਿਚ ਪਸ਼ੂਆਂ ਲਈ ਵਧੀਆ ਸਿਹਤ ਸੇਵਾਂਵਾ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਰਾਜ ਭਰ ਵਿਚ ਸਥਾਪਿਤ 2852 ਪਸ਼ੂ ਸੰਸਥਾਂਵਾਂ ਦੇ ਨੈਟਵਰਕ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਦਿਹਾਤੀ ਖੇਤਰਾਂ ਵਿਚ ਵਿਸ਼ੇਸ਼ ਤੌਰ ਤੇ ਮਲਟੀ ਸਪੈਸ਼ਲਿਸ਼ਟੀ ਪਸ਼ੂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਪਸ਼ੂਆਂ ਨੂੰ ਹੋਣ ਵਾਲੀਆਂ ਪ੍ਰਮੁੱਖ ਅਤੇ ਖਤਰਨਾਕ ਬਿਮਾਰੀਆਂ ਨੂੰ ਰੋਕਣ ਲਈ ਅਤਿ ਆਧੁਨਿਕ ਤਕਨੀਕ ਦੇ ਰਾਹੀ' ਇਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਿਵਾਰਣ ਲਈ ਨਿਯਮਤ ਅਧਾਰ 'ਤੇ ਪਿੰਡਾਂ ਵਿਚ ''ਪਸ਼ੂ ਰੋਗ ਨਿਵਾਰਣ'' ਮੇਲੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀਆਂ ਬਿਮਾਰੀਆਂ ਦਾ ਪਤਾ ਲਾਉਣ ਲਈ ਢੁਕਵੇ' ਟੈਸਟ ਕੀਤੇ ਜਾਣਗੇ ਅਤੇ ਢੁੱਕਵਾਂ ਇਲਾਜ ਕੀਤਾ ਜਾਵੇਗਾ।