5 Dariya News

ਬਾਦਲ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਵਿਚ ਆ ਗਈ ਹੋਣੀ ਹੈ ਕਿ ਮਤਰੇਈ ਮਾਂ ਵਾਲਾ ਸਲੂਕ ਕੌਣ ਕਰ ਰਿਹਾ ਹੈ : ਬਲਬੀਰ ਸਿੰਘ ਸਿੱਧੂ

5 ਦਰਿਆ ਨਿਊਜ਼

ਐਸ.ਏ.ਐਸ. ਨਗਰ 07-Sep-2014

ਭਾਵੇਂ ਕਿ ਕੇਂਦਰ ਦੀ ਪਿਛਲੀ ਕਾਂਗਰਸ ਸਰਕਾਰ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਮਤਰੇਈ ਮਾਂ ਵਰਗਾ ਸਲੂਕ ਕਰਨ ਦੇ ਦੋਸ਼ ਲਗਾਏ ਜਾਂਦੇ ਸਨ, ਪਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਦੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਤੋਂ ਖਾਲੀ ਹੱਥ ਨਹੀਂ ਸੀ ਮੋੜਿਆ। ਪਰ ਹੁਣ ਐੱਨ.ਡੀ.ਏ. ਸਰਕਾਰ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਾਦਲ ਨੂੰ ਵਿੱਤੀ ਪੈਕੇਜ਼ ਦੇਣ ਤੋਂ ਕੋਰਾ ਜਵਾਬ ਦੇ ਕੇ ਆਪਣਾ ਪੰਜਾਬ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ। ਇਹ ਗੱਲ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਹਲਕਾ ਮੋਹਾਲੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਆਖੀ। ਸਿੱਧੂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵਲੋਂ ਮਿਲੇ ਕੋਰੇ ਜਵਾਬ ਨਾਲ ਸ਼ਾਇਦ ਮੁੱਖ ਮੰਤਰੀ ਬਾਦਲ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਵਿਚ ਆ ਗਈ ਹੋਣੀ ਹੈ ਕਿ ਮਤਰੇਈ ਮਾਂ ਵਾਲਾ ਸਲੂਕ ਕੌਣ ਕਰ ਰਿਹਾ ਹੈ। ਐੱਨ.ਡੀ.ਏ. ਸਰਕਾਰ ਨੇ ਪਹਿਲਾਂ ਰੇਲ ਬਜਟ ਅਤੇ ਆਮ ਬਜਟ ਵਿਚ ਪੰਜਾਬ ਨੂੰ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਸੀ। ਵਿਧਾਇਕ ਸ੍ਰ. ਸਿੱਧੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਲੋਂ ਕੇਂਦਰ ਵਿਚ ਐੱਨ.ਡੀ.ਏ. ਸਰਕਾਰ ਬਣਨ ਨਾਲ ਪੰਜਾਬ ਦੇ ਚੰਗੇ ਦਿਨ ਆਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਹੁਣ ਐੱਨ.ਡੀ.ਏ. ਸਰਕਾਰ ਦੇ ਪੰਜਾਬ ਪ੍ਰਤੀ ਅਪਣਾਏ ਸਖਤ ਸਟੈਂਡ ਕਾਰਨ ਅਕਾਲੀਆਂ ਨੂੰ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਦਿਨ ਚੇਤੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਪੰਜਾਬ ਵਿਚ ਵਿਰੋਧੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਯੂ.ਪੀ.ਏ. ਸਰਕਾਰ ਨੇ ਅਕਾਲੀ ਸਰਕਾਰ ਨੂੰ ਹਮੇਸ਼ਾ ਹੀ ਮੂੰਹ ਮੰਗੇ ਫੰਡ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਨੂੰ ਆਪਣੀਆਂ ਐਸ਼ਪ੍ਰਸਤੀਆਂ ਬੰਦ ਕਰਨ ਦੀ ਸਲਾਹ ਦੇ ਕੇ ਕਾਂਗਰਸ ਪਾਰਟੀ ਦੇ ਉਨ੍ਹਾਂ ਦੋਸ਼ਾਂ ਦੀ ਹੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚ ਅਕਾਲੀਆਂ ਵਲੋਂ ਫੰਡਾਂ ਦੀ ਦੁਰਵਰਤੋਂ ਕਰਨ ਦੀ ਗੱਲ ਆਖੀ ਜਾਂਦੀ ਰਹੀ ਹੈ।