ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ-ਹਰਸਿਮਰਤ ਕੌਰ ਬਾਦਲ
ਬਠਿੰਡਾ ਨੂੰ ਮਾਡਲ ਹਲਕਾ ਬਣਾਉਣ ਦਾ ਵਾਅਦਾ
5 ਦਰਿਆ ਨਿਊਜ਼
ਰਾਮਾ ਮੰਡੀ 17-Aug-2014
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕੌਮੀ ਜਮਹੁਰੀ ਗਠਜੋੜ ਵਲੋਂ ਪੰਜਾਬ ਵਿਚ ਸਮਾਜਿਕ ਭਲਾਈ ਅਤੇ ਆਰਥਿਕ ਵਿਕਾਸ ਨੂੰ ਪਹਿਲ ਦਿੱਤੀ ਗਈ ਹੈ। ਅੱਜ ਇਥੇ ਅਕਾਲੀ ਉਮੀਦਵਾਰ ਸ਼੍ਰੀ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਕੇਂਦਰ ਸਰਕਾਰ ਨਾਲ ਖੇਤੀ ਵਿਭਿੱਨਤਾ ਉਦਯੋਗੀਕਰਨ ਵਰਗੇ ਮਸਲੇ ਉਠਾਏ ਗਏ ਸਨ ਜਿਸ ਤੇ ਕੇਂਦਰ ਸਰਕਾਰ ਵਲੋਂ ਇਨ੍ਹਾਂ ਦੇ ਜਲਦ ਹਲ ਕਰਨ ਦਾ ਭਰੋਸਾ ਦੁਆਇਆ ਗਿਆ ਹੈ।ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਗਈ ਹੈ ਅਤੇ ਵੱਖ-ਵੱਖ ਪ੍ਰਾਜਕੈਟਾਂ ਨੂੰ ਮੁਕੰਮਲ ਕਰਨ ਲਈ ਸਮਾਂਬੱਧ ਨਿਰਧਾਰਤ ਕੀਤੀਆਂ ਗਈ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਦੇਸ਼ ਭਰ ਵਿਚ ਮਾਡਲ ਲੋਕ ਸਭਾ ਹਲਕਾ ਬਣਾਇਆ ਜਾਵੇਗਾ। ਅਕਾਲੀ ਉਮੀਦਵਾਰ ਨੂੰ ਜਿਤਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਖੇਤੀ ਅਧਾਰਤ ਸਨਅਤ, ਟੈਕਸਟਾਇਲ ਆਦਿ ਖੇਤਰਾਂ ਵਿਚ ਨਿਵੇਸ਼ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਜਿਸ ਨਾਲ ਸੂਬੇ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।ਉਨ੍ਹਾਂ ਕਿਹਾ ਕਿ ਯੂ.ਪੀ.ਏ ਸਰਕਾਰ ਵਲੋਂ 10 ਸਾਲ ਸਿਰਫ ਤੇ ਸਿਰਫ ਦੇਸ਼ ਨੂੰ ਲੁੱਟਣ ਦਾ ਕੰਮ ਕੀਤਾ ਗਿਆ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅੰਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਉਨ੍ਹਾਂ ਨੂੰ ਜਿਤਾ ਕੇ ਪੱਛਤਾ ਰਹੇ ਹਨ ਕਿਊਕਿ 'ਮਹਾਰਾਜਾ ਸਾਹਿਬ' ਵਲੋਂ ਅਜੇ ਤੱਕ ਦੁਬਾਰਾ ਅੰਮ੍ਰਿਤਸਰ ਜਾਣ ਦੀ ਜਰੂਰਤ ਹੀ ਨਹੀ ਸਮਝੀ ਗਈ । ਉਨ੍ਹਾਂ ਨੇ ਬਜਟ ਵਿਚ ਪੰਜਾਬ ਨੂੰ ਵੱਡੇ ਪ੍ਰਾਜੈਕਟ ਦੇਣ ਦੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਕਾਂਗਰਸ ਪੰਜਾਬ ਦੀ ਨੰ:1 ਦੁਸ਼ਮਨ-ਮਜੀਠਿਆ
ਇਸ ਮੌਕੇ ਬੋਲਦਿਆਂ ਪੰਜਾਬ ਦੇ ਮਾਲ ਮੰਤਰੀ ਸ . ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਲੋਕਾਂ ਨੇ ਲੋਕ ਸਭਾ ਚੋਣਾਂ ਦੋਰਾਨ ਕਾਂਗਰਸ ਪਾਰਟੀ ਦੇ ਸਫਾਏ ਦਾ ਮੁੱਢ ਬੰਨ ਦਿੱਤਾ ਹੈ ਕਿਊ ਜੋ ਕਿਸੇ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਹੁਣ ਸਿਰਫ 44 ਸੀਟਾਂ ਤੱਕ ਸਿਮਟ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਨ ਹੈ ਕਿਊਕਿ 10 ਸਾਲਾਂ ਦੇ ਸ਼ਾਸਨ ਦੌਰਾਨ ਕਾਂਗਰਸ ਵਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨਾਲ ਪੰਜਾਬ ਦੀ ਅਰਥਵਿਵਸਥਾ ਨੂੰ ਵੱਡੀ ਢਾਹ ਲੱਗੀ ਹੈ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਬਾਦਲ ਵਲੋਂ ਲੋਕਾਂ ਨੂੰ ਜਨਮਅਸ਼ਟਮੀ ਦੀ ਵਧਾਈ ਦਿੱਤੀ।