ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਦੇ ਸਿੱਖ ਹਲਕਿਆਂ 'ਚੋਂ ਗੁਆਚ ਰਹੀ ਚੌਧਰ ਕਰਕੇ ਦਿੱਲੀ ਵਿਚ ਰੋ ਰਹੇ ਹਨ : ਬਲਬੀਰ ਸਿੰਘ ਸਿੱਧੂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 19-Jul-2014
ਮੋਹਾਲੀ ਹਲਕੇ ਦੇ ਵਿਧਾਇਕ ਅਤੇ ਕਾਂਗਰਸ ਦੀ ਜ਼ਿਲਾ ਇਕਾਈ ਦੇ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿਆਣਾ ਦੇ ਗੁਰਦੁਆਰਿਆਂ ਦੀ ਗੋਲਕ ਖੁਸ ਜਾਣ 'ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਦੇ ਸਿੱਖ ਹਲਕਿਆਂ 'ਚੋਂ ਗੁਆਚ ਰਹੀ ਚੌਧਰ ਕਰਕੇ ਦਿੱਲੀ ਵਿਚ ਰੋ ਰਹੇ ਹਨ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਿੱਧੂ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਵਿਚ ਬੋਲ ਰਹੇ ਹਨ ਤਾਂ ਉਹ ਆਪਣੇ ਰਾਜ ਦੇ ਨਾਗਰਿਕਾਂ ਪ੍ਰਤੀ ਆਪਣੇ ਬਣਦੇ ਫਰਜ਼ ਨਿਭਾ ਰਹੇ ਹਨ, ਇਸ 'ਤੇ ਵਾਵੇਲਾ ਖੜ੍ਹਾ ਕਰਨਾ ਫਜ਼ੂਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹੂਡਾ ਨੇ ਰਾਜ ਵਿਚ ਰਹੇ ਸਾਰੇ ਮੁੱਖ ਮੰਤਰੀਆਂ ਅਤੇ ਸਰਕਾਰਾਂ ਨੂੰ ਮਾਤ ਦਿੰਦਿਆਂ ਰਾਜ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਅਤੇ ਅਸਲ ਵਿਚ ਲਾਗੂ ਕਰਵਾਈ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਲਈ ਖੁੱਲ੍ਹੇ ਫੰਡ ਮੁਹੱਈਆ ਕਰਵਾਏ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਜੇ ਸ੍ਰੀ ਹੂਡਾ ਨੇ ਰਾਜ ਦੇ ਸਿੱਖਾਂ ਦੀ ਜਾਇਜ਼ ਮੰਗ ਮੰਨ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਤਾਂ ਇਸ ਵਿਚ ਕੀ ਹਰਜ ਹੈ, ਜਦਕਿ ਸ਼੍ਰੋਮਣੀ ਕਮੇਟੀ ਹਰਿਆਣਾ ਦੇ ਸਿੱਖਾਂ ਨੂੰ ਦੁਜੈਲਾ ਦਰਜਾ ਹੀ ਦਿੰਦੀ ਸੀ। ਉਨ੍ਹਾਂ ਕਿਹਾ ਕਿ ਬਾਵਜੂਦ ਕਾਨੂੰਨੀ ਅੜਚਣਾਂ ਦੇ ਸ੍ਰੀ ਹੂਡਾ ਨੇ ਹਰਿਆਣਾ ਦੇ ਪੰਜਾਬੀਆਂ ਦੀਆਂ ਜ਼ਮੀਨਾਂ ਪਟੇ ਦੇ ਬਾਵਜੂਦ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ, ਜਦਕਿ ਗੁਜਰਾਤ ਵਿਚ ਅੱਜ ਵੀ ਪੰਜਾਬੀਆਂ ਨਾਲ ਇਸ ਮਾਮਲੇ ਵਿਚ ਧੱਕਾ ਕੀਤਾ ਜਾ ਰਿਹਾ ਹੈ। ਯਾਦ ਰਹੇ ਪੰਜਾਬ ਸਰਕਾਰ ਨੇ ਪਟੇ 'ਤੇ ਜ਼ਮੀਨਾਂ ਵਾਲਿਆਂ ਨੂੰ ਬੇਦਖਲ ਕਰਕੇ ਆਪਣੇ ਹੀ ਸੂਬਾ ਵਾਸੀਆਂ ਨਾਲ ਅਨਿਆਂ ਅਤੇ ਧੱਕਾ ਕੀਤਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੂਜੇ ਰਾਜ ਵਿਚ ਦਖਲ ਨਾ ਦੇਣ।