ਪੰਜਾਬ 'ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਵਿੱਚ ਅਨਪੜਤਾ ਦੇ ਖਾਤਮੇ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵਿੰਢੀ ਜਾਵੇਗੀ : ਮੁਨੱਵਰ ਮਸੀਹ
ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਮਸੀਹੀ ਭਵਨਾਂ ਦੀ ਉਸਾਰੀ ਕੀਤੀ ਜਾਵੇਗੀ
5 ਦਰਿਆ ਨਿਊਜ਼
ਸਾਹਿਬਜਾਦਾ ਅਜੀਤ ਸਿੰਘ ਨਗਰ 15-Jul-2014
ਪੰਜਾਬ 'ਚ ਘੱਟ ਗਿਣਤੀ ਭਾਈਚਾਰੇ ਵਿੱਚ ਅਨਪੜਤਾ ਦੇ ਖਾਤਮੇ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵਿੰਡੀ ਜਾਵੇਗੀ ਜਿਸ ਤਹਿਤ ਪਿੰਡ ਪੱਧਰ ਤੇ ਜਾਗਰੂਕਤਾ ਸੈਮੀਨਾਰਾ ਦਾ ਆਯੋਜਨ ਕੀਤਾ ਜਾਵੇਗਾ ਅਤੇ ਬਲਾਕ ਪੱਧਰ ਦੀਆਂ ਕਮੇਟੀਆਂ ਵੀ ਗਠਨ ਕੀਤੀਆਂ ਜਾਣਗੀਆਂ, ਜਿਹੜੀਆਂ ਕਿ ਘੱਟ ਗਿਣਤੀ ਭਾਈ ਚਾਰੇ ਲੋਕਾਂ ਨੂੰ ਅਨਪੜਤਾ ਦੇ ਖਾਤਮੇ ਲਈ ਪ੍ਰੇਰਿਤ ਕਰਨਗੀਆਂ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਇਸ ਗੱਲ ਦੀ ਜਾਣਕਾਰੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਣ ਭਵਨ ਦੇ ਮੀਟਿੰਗ ਹਾਲ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ। ਮਸੀਹ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਰਾਜ ਵਿੱਚ ਵਿੱਦਿਆ ਦੇ ਪ੍ਰਸਾਰ ਲਈ ਵਿਸੇਸ਼ ਯਤਨ ਕੀਤੇ ਹਨ ਤੇ ਬੱਚਿਆ ਨੂੰ ਪਹਿਲੀ ਜਮਾਤ ਤੋ ਅੱਠਵੀਂ ਜਮਾਤ ਤਕ ਮੁਫਤ ਵਿੱਦਿਆ ਅਤੇ ਲੜਕੀਆਂ ਨੂੰ 12ਵੀਂ ਤੱਕ ਮੁਫਤ ਵਿੱਦਿਆ ਦਾ ਪ੍ਰਬੰਧ ਕੀਤਾ ਹੈ ਅਤੇ ਮਾਈ ਭਾਗੋ ਸਕੀਮ ਤਹਿਤ ਜਮ੍ਹਾਂ 2 ਦੀਆਂ ਵਿੱਦਿਆ ਰਥਣਾਂ ਨੂੰ ਸਾਈਕਲ ਵੀ ਮੁਫਤ ਦਿੱਤੇ ਜਾਂਦੇ ਹਨ ਪ੍ਰੰਤੂ ਘੱਟ ਗਿਣਤੀ ਭਾਈਚਾਰੇ ਦੇ ਖਾਸ ਕਰ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਵਿੱਦਿਆ ਪੱਖੋ ਬੇਹੱਦ ਪਛੜੇ ਹੋਏ ਹਨ ਇਸ ਕਰਕੇ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਅਨਪੜਤਾ ਦੇ ਖਾਤਮੇ ਲਈ ਜਾਗਰੂਕ ਕੀਤਾ ਜਾਵੇ। ਇਸ ਤੋ ਪਹਿਲਾਂ ਉਨ੍ਹਾਂ ਘੱਟ ਗਿਣਤੀ ਭਾਈਚਾਰੇ ਚ ਅਨਪੜਤਾ ਦੇ ਖਾਤਮੇ ਲਈ ਬੁੱਧੀਜੀਵੀਆਂ, ਧਾਰਮਿਕ, ਸਮਾਜਿਕ ਅਤੇ ਰਾਜਸੀ ਆਗੂਆਂ ਨਾਲ ਮੀਟਿੰਗ ਵੀ ਕੀਤੀ ਅਤੇ ਅਨਪੜਤਾ ਦੇ ਖਾਤਮੇ ਲਈ ਸੁਝਾਅ ਵੀ ਲਏ ਤਾਂ ਜੋ ਅਨਪੜਤਾ ਦੇ ਖਾਤਮੇ ਲਈ ਵਿੰਢੀ ਜਾਣ ਵਾਲੀ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆ ਸਕਣ।
ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋ ਤੋ ਪੰਜਾਬ ਵਿੱਚ ਕਮਿਸ਼ਨ ਹੋਂਦ ਵਿੱਚ ਆਇਆ ਹੈ ਰਾਜ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਦੇ ਕੀਤਾ ਜਾਂਦਾ ਹੈ। ਜਿਥੇ ਕਿਤੇ ਵੀ ਘੱਟ ਗਿਣਤੀ ਭਾਈਚਾਰੇ ਨਾਲ ਜਿਆਦਤੀ ਹੁੰਦੀ ਹੈ ਕਮਿਸ਼ਨ ਉਸ ਨੂੰ ਪੁਰੀ ਗੰਭੀਰਤਾ ਨਾਲ ਲੈ ਕੇ ਸਮੱਸਿਆ ਦਾ ਹੱਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਪਰਕਾਸ਼ ਸਿੰਘ ਬਾਦਲ ਦੇ ਯਤਨਾ ਸਦਕਾ ਪੰਜਾਬ ਵਿੱਚ ਘੱਟ ਗਿਣਤੀ ਭਾਈਚਾਰੇ ਲਈ ਬਹੁਤ ਸਾਰੀਆਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜਰੂਰ ਫਾਇਦਾ ਉਠਾਉਣਾ ਚਾਹੀਦਾ। ਮੁਨੱਵਰ ਮਸੀਹ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਯਤਨਾ ਸਦਕਾ ਚਾਲੂ ਮਾਲੀ ਸਾਲ ਦੌਰਾਨ ਜਿਥੇ-ਜਿਥੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਲਈ ਕਬਰਸਤਾਨਾ ਦੀ ਜ਼ਮੀਨ ਦੀ ਸਮੱਸਿਆ ਆ ਰਹੀ ਹੈ ਉਥੇ ਜ਼ਮੀਨ ਖਰੀਦਣ ਲਈ ਸਲਾਨਾ ਬਜਟ ਵਿੱਚ 15 ਕਰੋੜ ਰੁਪਏ ਦੀ ਵਿਵਸਥਾ ਕੀਤਾ ਗਈ ਹੈ। ਉਨ੍ਹਾਂ ਦੱਸਿਆ ਕਿ ਅਜ਼ਾਦੀ ਤੋ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਘੱਟ ਗਿਣਤੀ ਭਾਈਚਾਰੇ ਲਈ ਕੋਈ ਵੀ ਕਬਰਸਤਾਨ ਨਹੀ ਸੀ ਅਤੇ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜੇ ਪੈਂਦੇ ਪਿੰਡ ਬਲੌਗੀ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਇਸਾਈ ਅਤੇ ਮੁਸਲਿਮ ਭਾਈਚਾਰੇ ਲਈ 2 ਏਕੜ ਵਿੱਚ ਕਬਰਸਤਾਨ ਦੀ ਉਸਾਰੀ ਕੀਤੀ ਜਾਵੇਗੀ ਅਤੇ ਨਾਲ ਹੀ ਇਕ ਏਕੜ ਵਿੱਚ ਪਾਰਕ ਵੀ ਬਣਾਇਆ ਜਾਵੇਗਾ। ਜਿਸ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਜਿਸ ਦੇ ਟੈਂਡਰ ਪਾਸ ਹੋ ਚੁੱਕੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਲਿਆਂ ਵਿੱਚ ਮਸੀਹੀ ਭਵਨਾਂ ਦੀ ਉਸਾਰੀ ਕੀਤੀ ਜਾਵੇਗੀ। ਅੰਮ੍ਰਿਤਸਰ ਵਿਖੇ 1695 ਗਜ਼ ਜ਼ਮੀਨ ਦਿੱਤੀ ਗਈ ਹੈ ਅਤੇ ਗੁਰਦਾਸਪੁਰ ਦੇ ਮਸੀਹੀ ਭਵਨ ਲਈ ਮੁੱਖ ਮੰਤਰੀ ਪੰਜਾਬ ਵਲੋ 10 ਲਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ ਤਹਿਤ ਸੰਗਰੂਰ ਜਿਲੇ ਦੇ 2 ਬਲਾਕਾਂ ਅਤੇ ਗੁਰਦਾਸਪੁਰ ਜਿਲੇ ਦੇ 4 ਬਲਾਕਾਂ ਲਈ ਘੱਟ ਗਿਣਤੀ ਲੋਕਾਂ ਦੀ ਭਲਾਈ ਲਈ ਕੇਂਦਰ ਸਰਕਾਰ ਨੇ 23 ਕਰੋੜ ਰੁਪਏ ਦੀ ਗ੍ਰਾਂਟ ਮਨਜੂਰ ਕੀਤੀ ਹੈ । ਇਸ ਤੋ ਇਲਾਵਾ ਪੰਜਾਬ ਸਰਕਾਰ ਵਲੋ 26.30 ਕਰੋੜ ਰੁਪਏ ਸ਼ਗਨ ਸਕੀਮ ਤਹਿਤ ਜਾਰੀ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਘੱਟ ਗਿਣਤੀ ਭਾਈਚਾਰੇ ਦੇ ਪ੍ਰੀ ਮੈਟ੍ਰਿਕ ਦੇ ਵਿੱਦਿਆ ਰਥੀਆਂ ਲਈ ਸਾਲ 2013-14 ਲਈ 93.92 ਕਰੋੜ ਰੁਪਏ ਦੇ ਵਜੀਫੇ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਹੋ ਦੱਸਿਆ ਕਿ ਕਮਿਸ਼ਨ ਵਲੋਂ ਇਸਾਈ ਭਾਈਚਾਰੇ ਦੇ ਲੋਕਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਲਈ ਸੁਖਾਲੀ ਰਜਿਸਟ੍ਰੇਸ਼ਨ ਕਰਨ ਲਈ ਵੱਖ ਵੱਖ ਜਿਲਿਆਂ ਲਈ 6 ਮੈਰਿਜ ਰਜਿਸਟਰਾਰ ਨਿਯੁਕਤ ਕਰਵਾਏ ਗਏ ਹਨ ਅਤੇ ਸਾਲ 2013 ਵਿੱਚ ਕਮਿਸ਼ਨ ਕੋਲ ਪੁਜੀਆਂ 260 ਸ਼ਿਕਾਇਤਾਂ ਵਿੱਚੋ 200 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।ਇਸ ਮੌਕੇ ਸ੍ਰੀ ਅਲਬਰਟ ਦੂਆ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ, ਸ੍ਰੀ ਅਨਵਰ ਮਸੀਹ ਮੈਂਬਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ , ਸ੍ਰੀ ਰਾਕੇਸ਼ ਵਿਲਿਅਮ ਮੈਰੀਜ ਰਜਿਸਟਰਾਰ , ਸ੍ਰੀ ਅਮੀਤ ਪ੍ਰਕਾਸ਼ , ਮੰਜੀਤ ਮਲ ਪ੍ਰਿੰਸੀਪਲ ਐਵਾਲੋਨ ਗਰਲਜ਼ ਸੀਨੀਅਰ ਸਕੰਡਰੀ ਸਕੂਲ ਮਿਸ਼ਨ ਰੋੜ ਪਠਾਨਕੋਟ, ਜੋਨਸਨ ਗਿੱਲ ਲੁਧਿਆਣਾ, ਫਾਦਰ ਮਾਰਟੀਨ ਕੇ ਈ ਬੀਲੀਵਿਅਰਜ਼ ਚਰਚ ਛੱਤ, ਵਿਕਟਰ ਮਸੀਹ ਗੁਰਦਾਸਪੁਰ, ਮੁਖਤਾਰ ਮਸੀਹ ਬਟਾਲਾ, ਯਾਕੁਬ ਮਸੀਹ ਅੰਮ੍ਰਿਤਸਰ ਸਮੇਤ ਘੱਟ ਗਿਣਤੀ ਭਾਈਚਾਰੇ ਦੇ ਹੋਰ ਆਗੂ ਅਤੇ ਬੁੱਧੀਜੀਵੀ ਵੀ ਮੌਜੂਦ ਸਨ।