5 Dariya News

ਪੀ.ਡਬਲਯੂ.ਡੀ. ਅਧਿਕਾਰੀਆਂ ਵੱਲੋਂ ਕੀਤੇ ਕਾਰਜਾਂ ਦਾ ਹੋਵੇਗਾ ਸਮੇਂ-ਸਮੇਂ 'ਤੇ ਮੁਲਾਂਕਣ: ਜਨਮੇਜਾ ਸਿੰਘ ਸੇਖੋਂ

ਸਮੇਂ ਦੀ ਪਾਬੰਦੀ ਦੇ ਨਾਲ-ਨਾਲ ਅਧਿਕਾਰੀਆਂ ਨੂੰ ਤਨਦੇਹੀ ਤੇ ਮਿਹਨਤ ਨਾਲ ਕੰਮ ਤੇ ਕਰਨ ਦੀ ਨਸੀਹਤ

5 ਦਰਿਆ ਨਿਊਜ਼

ਚੰਡੀਗੜ੍ਹ 07-Jul-2014

ਪੰਜਾਬ ਦੇ ਲੋਕ ਨਿਰਮਾਣ, ਸੈਨਿਕ ਭਲਾਈ, ਸ਼ਿਕਾਇਤ ਨਿਵਾਰਣ ਤੇ ਪੈਨਸ਼ਨਰ ਭਲਾਈ ਵਿਭਾਗਾਂ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਅੱਜ ਵਿਭਾਗਾਂ ਦੇ ਵੱਖ-ਵੱਖ ਵਿੰਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ। ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਸਮੂਹ ਮੁੱਖ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਮੁਲਾਂਕਣ ਕਰਨ ਲਈ ਸਮੀਖਿਆ ਮੀਟਿੰਗ ਸਮੇਂ-ਸਮੇਂ 'ਤੇ ਕੀਤੀਆਂ ਜਾਇਆ ਕਰੇਗੀ। ਅਧਿਕਾਰੀਆਂ ਨੂੰ ਤਨਦੇਹੀ ਤੇ ਮਿਹਨਤ ਨਾਲ ਕੰਮ ਕਰਨ ਦੀ ਨਸੀਹਤ ਦਿੰਦੇ ਹੋਏ ਉਨ੍ਹਾਂ ਸਮੇਂ ਦੀ ਪਾਬੰਦੀ ਦਾ ਉਚੇਚਾ ਧਿਆਨ ਰੱਖਣ ਦੀ ਹਦਾਇਤ ਵੀ ਕੀਤੀ। ਸੇਖੋਂ ਨੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚਲ ਰਹੇ ਵੱਖ-ਵੱਖ ਪ੍ਰਾਜੈਕਟਾਂ ਨੂੰ ਹਰ ਹੀਲੇ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਹਤਰ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਕਾਫ਼ੀ ਮੱਲਾਂ ਮਾਰੀਆਂ ਗਈਆਂ ਹਨ। ਉਨ੍ਹਾਂ ਸਰਕਾਰ ਵੱਲੋਂ ਖ਼ਾਸ ਤੌਰ 'ਤੇ ਵੱਖ-ਵੱਖ ਸ਼ਾਹਮਾਰਗਾਂ, ਰੇਲਵੇ ਅੰਡਰ ਬਰਿੱਜਾਂ, ਰੇਲਵੇ ਓਵਰ ਬਰਿੱਜਾਂ, ਕੋਰਟ ਕੰਪਲੈਕਸਾਂ, ਜ਼ਿਲ੍ਹਿਆਂ 'ਚ ਨਵੇਂ ਪ੍ਰਸ਼ਾਸਕੀ ਕੰਪਲੈਕਸਾਂ ਦੇ ਨਾਲ-ਨਾਲ ਨਵੀਆਂ ਜੇਲਾਂ ਦੇ ਨਿਰਮਾਣ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ 'ਚ ਬੁਨਿਆਦੀ ਢਾਂਚੇ ਦਾ ਵਿਕਾਸ ਭਾਰਤ ਦੇ ਕਿਸੇ ਵੀ ਦੂਜੇ ਦੇ ਬੁਨਿਆਦੀ ਢਾਂਚੇ ਨਾਲੋਂ ਬਿਹਤਰ ਹੈ।

ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਸ੍ਰੀ ਜੀ.ਆਰ. ਬੈਂਸ, ਸ੍ਰੀ ਅਸ਼ੋਕ ਗੋਇਲ, ਸ੍ਰੀ ਰਾਮ ਪਾਲ, ਸ੍ਰੀ ਅਸ਼ੋਕ ਸਿੰਗਲਾ, ਸ੍ਰੀ ਪਵਿੱਤਰ ਵਾਲੀਆ, ਸ੍ਰੀ ਕੇ.ਕੇ. ਗਰਗ, ਸ੍ਰੀ ਯੋਗੇਸ਼ ਗੁਪਤਾ ਤੇ ਸ੍ਰੀ ਸ਼ਵਿੰਦਰ ਸਿੰਘ (ਸਾਰੇ ਮੁੱਖ ਇੰਜੀਨੀਅਰ), ਸ੍ਰੀਮਤੀ ਸੁਪਨਾ ਮੁੱਖ ਆਰਕੀਟੈਕ ਅਤੇ ਸ੍ਰੀ ਅਰਵਿੰਦਰ ਸਿੰਘ ਮੁੱਖ ਬਾਗ਼ਬਾਨੀ ਤੇ ਨਿਗਰਾਨ ਇੰਜੀਨੀਅਰ ਆਦਿ ਸ਼ਾਮਲ ਸਨ।ਸੈਨਿਕ ਭਲਾਈ ਵਿਭਾਗ ਦੀ ਵੱਖਰੀ ਮੀਟਿੰਗ ਦੌਰਾਨ ਸ. ਸੇਖੋਂ ਨੇ ਵਿਭਾਗ ਦੇ ਸਕੱਤਰ ਸ੍ਰੀ ਐਸ.ਆਰ. ਲੱਧੜ ਅਤੇ ਬ੍ਰਿਗੇਡੀਅਰ ਮਨਜੀਤ ਸਿੰਘ ਡਾਇਰੈਕਟਰ, ਸੈਨਿਕ ਭਲਾਈ ਨੂੰ ਸਾਬਕਾ ਸੈਨਿਕਾਂ, ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਤੇ ਪਰਵਾਰਕ ਮੈਂਬਰਾਂ ਦੇ ਕੇਸਾਂ ਨੂੰ ਹਮਦਰਦੀ ਦੇ ਆਧਾਰ 'ਤੇ ਛੇਤੀ ਤੋਂ ਛੇਤੀ ਨਿਪਟਾਰਾ ਕਰਨ ਦੇ ਆਦੇਸ਼ ਵੀ ਦਿੱਤੇ।ਇਸ ਪਿੱਛੋਂ ਸ. ਸੇਖੋਂ ਨੇ ਸ਼ਿਕਾਇਤ ਨਿਵਾਰਣ ਤੇ ਪੈਨਸ਼ਨਰ ਭਲਾਈ ਵਿਭਾਗ ਦੇ ਸਕੱਤਰ ਸ. ਮਨਦੀਪ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਚਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਬੇੜੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।