ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਕਾਬੂ ਕਰਨ ਵਿੱਚ ਕੀਤੀ ਸਫਲਤਾ ਹਾਸਲ- ਇੰਦਰ ਮੋਹਣ ਸਿੰਘ ਭੱਟੀ
ਔਰਤ ਨੂੰ ਜਖਮੀ ਕਰਕੇ ਲੂੱਟੇ ਸਨ ਗਹਿਣੇ ਅਤੇ ਨਗਦੀ,ਦੋਸ਼ੀ ਕੋਲੋ ਦੋ ਚਾਕੂ , ਨਗਦੀ ਅਤੇ ਸਕੂਟਰ ਵੀ ਕੀਤਾ ਬਰਾਮਦ
5 ਦਰਿਆ ਨਿਊਜ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ 01-Jul-2014
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਕੁਰਾਲੀ ਵਿਖੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕੁੱਝ ਘੰਟਿਆਂ ਬਾਅਦ ਹੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋਸ਼ੀ ਵੱਲੋ ਵਾਰਦਾਤ ਵਿੱਚ ਵਰਤੇ ਗਏ ਦੋ ਚਾਕੂ ਰਬੜ ਦੇ ਦਸਤਾਨੇ, ਇਕ ਸਕੂਟਰ ਬਜਾਜ ਚੇਤਕ ਨੰਬਰ-ਪੀ ਬੀ –23-0969 ਅਤੇ ਲੂੱਟੀ ਗਈ ਰਕਮ ਵਿੱਚੋ 40 ਹਜਾਰ 500 ਰੁਪਏ ਵੀ ਬਰਾਮਦ ਕੀਤੇ ਹਨ। ਇਸ ਵਾਰਦਾਤ ਸਬੰਧੀ ਜਿਲਾ ਪੁਲਿਸ ਮੁੱਖੀ ਇੰਦਰ ਮੋਹਣ ਸਿੰਘ ਭੱਟੀ ਨੇ ਆਪਣੇ ਦਫਤਰ ਵਿਖੇ ਖੁਲਾਸਾ ਕਰਦਿਆ ਦੱਸਿਆ ਕਿ ਜਿਲੇ ਦੇ ਕਸਬਾ–ਨੁਮਾ ਸ਼ਹਿਰ ਕੁਰਾਲੀ ਦੇ ਵਾਰਡ ਨੰ: 09 ਨੇੜੇ ਸੀਤਲਾ ਮਾਤਾ ਮੰਦਿਰ ਵਿਖੇ ਰਹਿੰਦੀ 65 ਸਾਲਾ ਦੀ ਔਰਤ ਸੁਰਿੰਦਰ ਕੌਰ ਦੇ ਘਰ ਜਬਰਦਸਤੀ ਦਾਖਲ ਹੋ ਕੇ ਇਕ ਨਾ ਮਾਲੂਮ ਦੋਸ਼ੀ ਨੇ ਔਰਤ ਤੇ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਸੀ ਅਤੇ ਔਰਤ ਦੇ ਪਾਏ ਹੋਏ ਗਹਿਣੇ ਅਤੇ ਘਰ ਵਿੱਚੋ ਪਈ ਨਗਦੀ ਲੈ ਕੇ ਫਰਾਰ ਹੋ ਗਿਆ ਸੀ ਅਤੇ ਦੋਸ਼ੀ ਜਾਂਦਾ ਹੋਇਆ ਘਰ ਨੂੰ ਬਾਹਰੋ ਤਾਲਾ ਵੀ ਲਗਾ ਗਿਆ ਸੀ। ਜਖਮੀ ਔਰਤ ਵੱਲੋ ਇਸ ਘਟਨਾ ਬਾਰੇ ਆਪਣੀ ਬੇਟੀ ਪਰਮਜੀਤ ਕੌਰ ਨੂੰ ਫੋਨ ਤੇ ਦੱਸਿਆ ਅਤੇ ਲੋਕਲ ਪੁਲਿਸ ਨੂੰ ਇਤਲਾਹ ਮਿਲਣ ਤੇ ਜਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਪੁਲਿਸ ਵਲੋ ਨਾਮਾਲੂਮ ਦੋਸ਼ੀ ਵਿਰੁੱਧ ਮੁਕੱਦਮਾ ਅਧੀਨ ਧਾਰਾ 307, 450, 380, 427 ਹਿੰਦ ਦੰਡਾਵਲੀ ਥਾਣਾ ਸਦਰ ਕੁਰਾਲੀ ਵਿਖੇ ਦਰਜ ਕੀਤਾ ਗਿਆ।
ਜਿਲਾ ਪੁਲਿਸ ਮੁੱਖੀ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਨ ਉਪਰੰਤ ਇਸ ਵਾਰਦਾਤ ਦੇ ਦੋਸ਼ੀ ਨੂੰ ਲੱਭਣ ਲਈ ਡੀ ਐਸ ਪੀ ਖਰੜ ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਹੇਠ ਇੰਚਾਰਜ ਚੌਕੀ ਸਿਟੀ ਕੁਰਾਲੀ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਤਫਦੀਸ਼ ਅਮਲ ਵਿੱਚ ਲਿਆਂਦੀ ਅਤੇ ਪੁਲਿਸ ਪਾਰਟੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਪਾਲ ਸਿੰਘ , ਵਾਸੀ ਵਾਰਡ ਨੰ: 7 , ਗੁਰੂ ਨਾਨਕ ਨਗਰ, ਬੱਸੀ ਪਠਾਣਾ ਜਿਲਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਸ਼ੀ ਨੌ ਜਮਾਤਾ ਪੜਿਆ ਹੋਇਆ ਹੈ ਉਹ ਅੱਜ ਕਲ ਪਿੰਡ –ਪਿੰਡ ਫਿਰ ਕੇ ਐਲੋਮੋਨਿਅਮ ਦੇ ਦਰਵਾਜੇ , ਖਿੜਕੀਆਂ ਲਗਾਉਣ ਦਾ ਕੰਮ ਕਰਦਾ ਹੈ ਅਤੇ ਨਸ਼ੇ ਦਾ ਆਦੀ ਹੈ। ਉਸ ਨੇ ਆਪਣੀ ਸੱਸ ਦੀ ਭੈਣ ਸੁਰਿੰਦਰ ਕੌਰ ਜੋ ਕਿ ਘਰ ਵਿਚ ਇਕਲੀ ਰਹਿੰਦੀ ਹੈ ਨੂੰ ਲੁਟਣ ਦੀ ਸਕੀਮ ਬਣਾਈ ਦੋਸ਼ੀ ਨੂੰ ਪਤਾ ਸੀ ਕਿ ਉਸ ਦਾ ਪੁੱਤਰ ਟਰਕ ਚਲਾਉਦਾ ਹੈ ਪਿਛੋ ਸੁਰਿੰਦਰ ਕੌਰ ਘਰ ਵਿੱਚ ਇਕੱਲੀ ਹੁੰਦੀ ਹੈ। ਦੋਸ਼ੀ ਨੇ ਪੈਸਿਆ ਦੇ ਲਾਲਚ ਵਿੰਚ ਆ ਕੇ ਘਟਨਾ ਨੂੰ ਅੰਜਾਮ ਦਿੱਤਾ। ਦੋਸ਼ੀ ਪਾਸੋ ਹੋਰ ਪੁਛਗਿੱਛ ਵੀ ਕੀਤੀ ਜਾ ਰਹੀ ਹੈ।