ਜ਼ਿਲ੍ਹੇ ਦੇ 97 ਪਿੰਡਾਂ ਵਿੱਚ 36 ਕਰੋੜ 31 ਲੱਖ 64 ਹਜ਼ਾਰ ਰੁਪਏ ਦੀ ਲਾਗਤ ਨਾਲ ਪੇਂਡੂ ਜਲ ਸਪਲਾਈ ਸਕੀਮਾਂ ਸਥਾਪਿਤ ਕੀਤੀਆਂ : ਪੰਧੇਰ
ਹਰੇਕ ਪਿੰਡ ਵਿੱਚ ਵੱਖਰੀ-ਵੱਖਰੀ ਹੋਵੇਗੀ ਪੇਂਡੂ ਜਲ ਸਪਲਾਈ ਸਕੀਮ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 20-Jun-2014
ਪੰਜਾਬ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਵਿਸ਼ਵ ਬੈਂਕ ਪ੍ਰੋਜੈਕਟ ਸਕੀਮ ਤਹਿਤ ਪੇਂਡੂ ਜਲ ਸਪਲਾਈ ਸਕੀਮਾਂ ਦੀ ਸਥਾਪਨਾ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਗਿਆ ਹੈ ਅਤੇ ਜ਼ਿਲ੍ਹੇ ਦੇ 97 ਪਿੰਡਾਂ ਵਿੱਚ 36 ਕਰੋੜ 31 ਲੱਖ 64 ਹਜ਼ਾਰ ਰੁਪਏ ਦੀ ਲਾਗਤ ਨਾਲ ਪੇਂਡੂ ਜਲ ਸਪਲਾਈ ਸਕੀਮਾਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸਨ ਡਵੀਜਨ ਨੰਬਰ 3 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਸੁਖਵਿੰਦਰ ਸਿੰਘ ਪੰਧੇਰ ਨੇ ਦਿੰਦਿਆ ਦੱਸਿਆ ਕਿ ਪਿੰਡਾਂ ਵਿੱਚ ਪੇਂਡੂ ਜਲ ਸਪਲਾਈ ਸਕੀਮਾਂ ਦੀ ਸਥਾਪਨਾ ਹੋਣ ਨਾਲ ਪਿੰਡਾਂ ਵਿੱਚ ਵਸਦੇ ਹਰੇਕ ਜੀਅ ਨੂੰ ਪ੍ਰਤੀ ਦਿਨ 70 ਲੀਟਰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਹੋ ਰਹੀ ਹੈ।
ਸ੍ਰੀ ਪੰਧੇਰ ਨੇ ਦੱਸਿਆ ਕਿ ਡੇਰਾਬੱਸੀ ਸਬ ਡਵੀਜਨ ਦੇ 49 ਪਿੰਡਾਂ ਵਿੱਚ ਵਿਸ਼ਵ ਬੈਂਕ ਪ੍ਰੋਜੈਕਟ ਅਧੀਨ 19 ਕਰੋੜ 68 ਲੱਖ 71 ਹਜ਼ਾਰ ਰੁਪਏ ਦੀ ਲਾਗਤ ਨਾਲ ਪੇਂਡੂ ਜਲ ਸਪਲਾਈ ਸਕੀਮਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਖਰੜ ਸਬ ਡਵੀਜਨ ਦੇ 48 ਪਿੰਡਾਂ ਵਿੱਚ 16 ਕਰੋੜ 72 ਲੱਖ 93 ਹਜ਼ਾਰ ਰੁਪਏ ਦੀ ਲਾਗਤ ਨਾਲ ਪੇਂਡੂ ਜਲ ਸਪਲਾਈ ਸਕੀਮਾਂ ਸਥਾਪਿਤ ਕਰਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਲਦੀ ਹੀ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਜਾਵੇਗਾ ਜਿਥੇ ਕਿ ਹਰੇਕ ਪਿੰਡ ਲਈ ਵੱਖਰੀ-ਵੱਖਰੀ ਪੇਂਡੂ ਜਲ ਸਪਲਾਈ ਸਕੀਮ ਹੋਵੇਗੀ। ਉਨ੍ਹਾਂ ਦੱਸਿਆ ਕਿ ਸਥਾਪਿਤ ਕੀਤੀਆਂ ਗਈਆਂ ਪੇਂਡੂ ਜਲ ਸਪਲਾਈ ਸਕੀਮਾਂ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਖਤਮ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਪਿੰਡ ਨੂੰ ਪੇਂਡੂ ਜਲ ਸਪਲਾਈ ਸਕੀਮ ਨਾਲ ਜੋੜਿਆ ਹੋਇਆ ਹੈ ਜਿਸ ਰਾਹੀਂ ਪਿੰਡਾਂ ਵਿੱਚ ਵੱਸਦੇ ਲੋਕਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ।
ਸ੍ਰੀ ਪੰਧੇਰ ਨੇ ਦੱਸਿਆ ਕਿ ਪਿੰਡਾਂ ਵਿੱਚ ਪੇਂਡੂ ਜਲ ਘਰਾਂ ਤੋਂ ਹੋਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਘਰਾਂ ਵਿੱਚ ਵੱਖਰੇ-ਵੱਖਰੇ ਪਾਣੀ ਦੇ ਮੀਟਰ ਲਗਾਉਣ ਦਾ ਕੰਮ ਜਲਦੀ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਣੀ ਦੇ ਮੀਟਰ ਲਗਾਉਣ ਨਾਲ ਪਾਣੀ ਜਾਇਆ ਨਹੀਂ ਜਾਂਦਾ ਅਤੇ ਹਰੇਕ ਘਰ ਵੱਲੋਂ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਅਤੇ ਸੰਜਮ ਨਾਲ ਕੀਤੀ ਜਾਂਦੀ ਹੈ । ਸ੍ਰੀ ਪੰਧੇਰ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਦੇ ਪਿੰਡ ਜੌਲਾਂਕਲਾਂ , ਭਾਗਸੀ ਅਤੇ ਮੁਕੰਦਪੁਰ ਵਿਖੇ ਪੇਂਡੂ ਜਲ ਸਪਲਾਈ ਸਕੀਮਾਂ ਤੋਂ ਇਲਾਵਾ ਇਨ੍ਹਾਂ ਪਿੰਡਾਂ ਵਿੱਚ ਸਿਵਰੇਜ ਪਾਉਣ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਤੇ 4 ਕਰੋੜ 94 ਲੱਖ 48 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੋਲਾਕਲਾ ਵਿਖੇ ਸੀਵਰੇਜ ਪਾਉਣ ਅਤੇ ਟਰੀਟਮੈਂਟ ਪਲਾਟ ਲਗਾਉਣ ਤੇ 1 ਕਰੋੜ 86 ਲੱਖ 73 ਹਜ਼ਾਰ ਅਤੇ ਭਾਗਸੀ ਵਿਖੇ 1 ਕਰੋੜ 21 ਲੱਖ 49 ਹਜ਼ਾਰ ਰੁਪਏ ਇਸੇ ਤਰ੍ਹਾਂ ਪਿੰਡ ਮੁਕੰਦਪੁਰ ਵਿਖੇ ਸੀਵਰੇਜ ਪਾਉਣ ਅਤੇ ਟਰੀਟਮੈਂਟ ਪਲਾਂਟ ਲਗਾਉਣ ਤੇ 1 ਕਰੋੜ 86 ਲੱਖ 26 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ।