5 Dariya News

ਦਿਲਰੁਬਾ ਵਾਦਕ ਰਣਬੀਰ ਸਿੰਘ ਦਾ ਕੀਤਾ ਸਨਮਾਨ

5 ਦਰਿਆ ਨਿਊਜ਼ (ਸਰਬਜੀਤ ਹੈਪੀ)

ਪਟਿਆਲਾ 27-Sep-2012

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿੱਚ ਸੁਨਾਦ ਪ੍ਰੋਗਰਾਮ ਅਧੀਨ ਇੰਗਲੈਂਡ ਦੀ ਥੇਮਜ ਯੂਨੀਵਰਸਿਟੀ ਤੋਂ ਆਏ ਪ੍ਰਸਿੱਧ ਦਿਲਰੁਬਾ ਵਾਦਕ ਰਣਬੀਰ ਸਿੰਘ ਨੇ ਰਾਗ ਪੂਰੀਆ ਬਨਾਸਰੀ ਵਿੱਚ ਵਿਲੰਬਿਤ ਤਿੰਨ ਤਾਲ, ਦਰੱਤ ਤਿੰਨ ਤਾਲ  ਵਿੱਚ ਬੰਦਿਸ਼ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਤਬਲੇ ਤੇ ਸੰਗਤ ਗੁਰਮਤਿ ਸੰਗੀਤ ਵਿਭਾਗ ਦੇ ਤਬਲਾ ਵਾਦਕ ਹਰਪ੍ਰੀਤ ਸਿੰਘ ਸਾਹਨੀ ਵੱਲੋਂ ਕੀਤੀ ਗਈ। ਇਸ ਸੰਗੀਤਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਕੈਂਪਸ ਦੇ ਆਈ.ਏ.ਐਸੱ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ: ਹਰਜਿੰਦਰ ਪਾਲ ਸਿੰਘ ਵਾਲੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਬਾਬਾ ਨਾਨਕ ਦੇ ਬੋਲਾਂ ਅਤੇ ਭਾਈ ਮਰਦਾਨੇ ਦੀ ਰਬਾਬ ਨੇ ਪੂਰੀ ਤਰ੍ਹਾਂ ਸੰਗੀਤਕ ਬਣਾਇਆ ਹੋਇਆ ਹੈ। ਡਾ: ਵਾਲੀਆ ਨੇ ਕਿਹਾ ਕਿ ਸੁਨਾਦ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਨੇ ਇੱਕ ਵੱਡਾ ਅਤੇ ਪ੍ਰਸੰਸ਼ਾਯੋਗ ਕਾਰਜ ਕੀਤਾ ਹੈ। ਇਸ ਮੌਕੇ ਹੋਰਾਨਾਂ ਤੋਂ ਇਲਾਵਾ ਡਾ: ਗੁਰਨਾਮ ਸਿੰਘ, ਡਾ: ਸੁਰਜੀਤ ਸਿੰਘ, ਡਾ: ਕੰਵਲਦੀਪ ਸਿੰਘ ਅਤੇ ਸ. ਦਲੀਪ ਸਿੰਘ ਉਪਲ ਆਦਿ ਵੀ ਹਾਜ਼ਰ ਸਨ। ਇਸ ਸਮਾਗਮ ਦੇ ਮੰਚ ਦਾ ਸੰਚਾਲਨ ਸੁਨਾਦ ਦੇ ਕੋਆਰਡੀਨੇਟਰ ਉਸਤਾਦ ਹੁਸੈਨ ਵੱਲੋਂ ਕੀਤਾ ਗਿਆ।