ਭਾਜਪਾ ਦੇ ਮਨੁੱਖੀ ਅਧਿਕਾਰ ਸੈਲ ਵੱਲੋਂ ਬਿਨਾਂ ਕਿਸੇ ਸਵਾਰਥ ਤੋਂ ਲੋਕ ਸੇਵਾ ਨੂੰ ਸਮਰਪਿਤ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ: ਅਵਿਨਾਸ਼ ਰਾਏ ਖੰਨਾ
ਸਵ. ਪੁਸ਼ਪਿੰਦਰ ਸਿੰਘ ਢਿੱਲੋਂ ਦੀ ਯਾਦ ਵਿੱਚ ਸਮਾਗਮ ਦਾ ਆਯੋਜਨ
5 ਦਰਿਆ ਨਿਊਜ਼ (ਸਰਬਜੀਤ ਹੈਪੀ)
ਪਟਿਆਲਾ 25-Sep-2012
ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਵੱਲੋਂ ਹਰ ਸਾਲ ਉਨ੍ਹਾਂ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਾਜ ਸੇਵਕਾਂ ਦਾ ਸਨਮਾਨ ਕੀਤਾ ਜਾਵੇਗਾ ਜਿਹੜੇ ਬਿਨਾਂ ਕਿਸੇ ਸਵਾਰਥ ਤੋਂ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਹੋਰਨਾਂ ਲਈ ਮਿਸਾਲ ਕਾਇਮ ਕਰਦੇ ਹਨ । '' ਇਹ ਜਾਣਕਾਰੀ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਨੇ ਨਗਰ ਨਿਗਮ ਪਟਿਆਲਾ ਦੇ ਆਡੀਟੋਰੀਅਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈਲ ਦੇ ਕਨਵੀਨਰ ਅਤੇ ਸੀਨੀਅਰ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਪਿਤਾ ਸਵ. ਪੁਸ਼ਪਿੰਦਰ ਸਿੰਘ ਢਿੱਲੋਂ ਦੀ ਯਾਦ ਵਿੱਚ ਗਠਿਤ ਐਜੂਕੇਸ਼ਨਲ ਟਰੱਸਟ ਦੇ ਸਮਾਗਮ ਦੌਰਾਨ ਦਿੱਤੀ । ਉਨ੍ਹਾਂ ਦੱਸਿਆ ਕਿ ਸਮਾਜ ਵਿੱਚੋਂ ਉਨ੍ਹਾਂ ਇਮਾਨਦਾਰ ਅਧਿਕਾਰੀਆਂ, ਮੁਲਾਜ਼ਮਾਂ ਤੇ ਸਮਾਜ ਸੇਵਕਾਂ ਦੀ ਪਛਾਣ ਕੀਤੀ ਜਾਵੇਗੀ ਜਿਹੜੇ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਕਰ ਰਹੇ ਹਨ ਅਤੇ ਹਰ ਸਾਲ 20 ਸਤੰਬਰ ਨੂੰ ਭਾਈ ਘਨੱਈਆ ਜੀ ਦੀ ਯਾਦ ਨੂੰ ਸਮਰਪਿਤ ਅੰਤਰ-ਰਾਸ਼ਟਰੀ ਡਿਊਟੀ ਦਿਵਸ ਦੌਰਾਨ ਅਜਿਹੀਆਂ ਸਮਾਜ ਸੇਵੀ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ ।ਖੰਨਾ ਨੇ ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਅਤੇ ਡਿਪਟੀ ਮੇਅਰ ਹਰਿੰਦਰ ਕੋਹਲੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ।
ਉਨ੍ਹਾਂ ਆਸ ਪ੍ਰਗਟਾਈ ਕਿ ਨਗਰ ਨਿਗਮ ਪ੍ਰਸ਼ਾਸ਼ਨ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਕੇ ਪਾਰਦਰਸ਼ੀ ਪ੍ਰਣਾਲੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਰਹੇਗਾ । ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਭਾਜਪਾ ਤੇ ਅਕਾਲੀ ਵਰਕਰਾਂ ਨੂੰ ਖੰਨਾ ਨੇ ਵਿਸ਼ਵਾਸ਼ ਦਿਵਾਇਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵਰਕਰਾਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਿਆ ਜਾਂਦਾ ਹੈ ਅਤੇ ਪਾਰਟੀ ਦੀ ਪ੍ਰਤੀਨਿਧਤਾ ਕਰਨ ਵਾਲੇ ਨੁਮਾਇੰਦਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਲੋਕ ਸੇਵਾ ਲਈ ਪੂਰੀ ਇਮਾਨਦਾਰੀ ਤੇ ਸਿਰੜ ਨਾਲ ਸਰਗਰਮ ਰਹਿਣ । ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੀ ਨੁਹਾਰ ਨੂੰ ਸੰਵਾਰਨ ਦਾ ਜੋ ਮੌਕਾ ਮਿਲਿਆ ਹੈ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇ ਅਤੇ ਨਿਰਪੱਖਤਾ ਨਾਲ ਸਾਰੇ ਵਾਰਡਾਂ ਦੇ ਵਿੱਚ ਵਿਕਾਸ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਕੀਤੀ ਗਈ ਸੇਵਾ ਦਾ ਸਿੱਟਾ ਬੜਾ ਸੁਖਾਵਾਂ ਨਿਕਲਦਾ ਹੈ ਇਸ ਲਈ ਲੋਕ ਸੇਵਾ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ । ਖੰਨਾ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਲੋਕ ਸੇਵਾ ਦੀ ਇਸ ਲਹਿਰ ਨੂੰ ਆਪਣੇ ਆਲੇ-ਦੁਆਲੇ ਤੋਂ ਸ਼ੁਰੂ ਕਰਕੇ ਪਿੰਡਾਂ, ਕਸਬਿਆਂ, ਸ਼ਹਿਰਾਂ, ਜ਼ਿਲਿਆਂ ਤੇ ਰਾਜ ਪੱਧਰ 'ਤੇ ਪਹੁੰਚਾਉਣ ਦੇ ਨਾਲ ਨਾਲ ਦੇਸ਼ ਦੀ ਸੇਵਾ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਤਾਂ ਜੋ ਸਮਾਜਕ ਕੁਰੀਤੀਆਂ ਦਾ ਖਾਤਮਾ ਕੀਤਾ ਜਾ ਸਕੇ ।
ਇਸ ਮੌਕੇ ਗੁਰਤੇਜ ਸਿੰਘ ਢਿੱਲੋਂ ਨੇ ਟਰੱਸਟ ਦੇ ਗਠਨ ਦੇ ਉਦੇਸ਼ 'ਤੇ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਨਿਸ਼ਕਾਮ ਸੇਵਾ ਦਾ ਇਹ ਸਿਲਸਿਲਾ ਉਨ੍ਹਾਂ ਦੇ ਪਿਤਾ ਸਵ. ਸ. ਪੁਸ਼ਪਿੰਦਰ ਸਿੰਘ ਢਿੱਲੋਂ ਨੇ ਸ਼ੁਰੂ ਕੀਤਾ ਸੀ ਜਿਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਸਮਾਜ ਦੇ ਹੋਰ ਲੋੜਵੰਦ ਲੋਕਾਂ ਦੀ ਵੀ ਵਧਚੜ੍ਹ ਕੇ ਮਦਦ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਰਾਜਨੀਤੀ ਸੇਵਾ ਦਾ ਮਾਧਿਅਮ ਹੈ ਅਤੇ ਰਾਜਨੀਤੀ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਸੇਵਾ ਨੂੰ ਹੀ ਆਪਣਾ ਆਧਾਰ ਬਣਾਉਣਾ ਚਾਹੀਦਾ ਹੈ ਤਾਂ ਹੀ ਰਾਜ ਅਤੇ ਦੇਸ਼ ਦੀ ਤਰੱਕੀ ਸੰਭਵ ਹੈ । ਇਸ ਮੌਕੇ ਉਨ੍ਹਾਂ ਵੱਲੋਂ ਅਵਿਨਾਸ਼ ਰਾਏ ਖੰਨਾ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ, ਡਿਪਟੀ ਮੇਅਰ ਹਰਿੰਦਰ ਕੋਹਲੀ, ਕਮਿਸ਼ਨਰ ਨਗਰ ਨਿਗਮ ਗੁਰਲਵਲੀਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਸਮਾਗਮ ਦੌਰਾਨ ਭਾਜਪਾ ਦੇ ਸ਼ਹਿਰੀ ਪ੍ਰਧਾਨ ਅਰੁਣ ਗੁਪਤਾ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਜਦਕਿ ਸੀਨੀਅਰ ਆਗੂ ਰਾਮ ਕੁਮਾਰ ਗੋਇਲ ਨੇ ਵੀ ਟਰੱਸਟ ਬਾਰੇ ਚਾਨਣਾ ਪਾਇਆ ਅਤੇ ਪਾਰਟੀ ਵੱਲੋਂ ਲੋਕ ਸੇਵਾ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਇਸ ਮੌਕੇ ਭਾਜਪਾ ਅਤੇ ਅਕਾਲੀ ਦਲ ਦੇ ਕਈ ਆਗੂ ਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਹਾਜ਼ਰ ਸਨ ।