5 Dariya News

ਖ਼ਾਲਸਾ ਕਾਲਜ, ਪਟਿਆਲਾ ਦੇ ਕੰਪਿਊਟੋਨਿਕਸ ਕਲੱਬ ਵੱਲੋਂ ਪੇਪਰ ਪ੍ਰਸਤੁਤੀ ਮੁਕਾਬਲਾ

5 ਦਰਿਆ ਨਿਊਜ਼ (ਸਰਬਜੀਤ ਹੈਪੀ)

ਪਟਿਆਲਾ 25-Sep-2012

ਖ਼ਾਲਸਾ ਕਾਲਜ, ਪਟਿਆਲਾ ਦੇ ਕੰਪਿਊਟਰ ਵਿਭਾਗ ਦੇ ਕੰਪਿਊਟੋਨਿਕਸ ਕਲੱਬ ਕਾਲਜ ਵਿਖੇ ਵੱਲੋਂ 'ਪ੍ਰੈਂਜ਼ੈਨਟੇਸ਼ਨ:2012 ਅਮਰਜਿੰਗ ਟਰੈਂਡਜ਼ ਇਨ ਆਈ.ਟੀ.' ਵਿਸ਼ੇ 'ਤੇ ਪੇਪਰ ਪ੍ਰਸਤੁਤੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਐੱਮ.ਐੱਸਸੀ. ਆਈ.ਟੀ., ਪੀ.ਜੀ.ਡੀ.ਸੀ.ਏ. ਅਤੇ ਬੀ.ਸੀ.ਏ. ਭਾਗ ਤੀਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦੁਆਰਾ ਡੌਸ-ਬਾਕਸ, ਮੋਬਾਇਲ ਓਪਰੇਟਿੰਗ ਸਿਸਟਮ, 4-ਜੀ ਟੈਕਨਾਲੋਜੀ ਅਤੇ ਐਪਲੀਕੇਸ਼ਨਜ਼ ਆਫ਼ ਈ-ਕਾਮਰਸ ਵਿਸ਼ੇ 'ਤੇ ਪੇਪਰ ਪੜ੍ਹੇ ਗਏ। ਇਸ ਮੁਕਾਬਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਭਿੰਨ-ਭਿੰਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਕਾਲਜ ਦੇ ਪਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਹੋਰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਡਾ. ਉੱਭਾ ਨੇ ਵਿਭਾਗ ਦੇ ਅਧਿਆਪਕ ਸਾਹਿਬਾਨ ਨੂੰ ਵੀ ਇਸ ਗੱਲ ਲਈ ਵਧਾਈ ਦੇ ਪਾਤਰ ਦੱਸਿਆ ਜਿਨ੍ਹਾਂ ਦੀ ਯੋਗ ਅਗਵਾਈ ਅਧੀਨ ਅਜਿਹਾ ਜਾਣਕਾਰੀ ਭਰਪੂਰ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋ. ਸੁਖਮੀਨ ਕੌਰ, ਮੁਖੀ, ਕੰਪਿਊਟਰ ਵਿਭਾਗ ਨੇ ਵਿਦਿਆਰਥੀਆਂ ਦੁਆਰਾ ਕਈ ਤਰ੍ਹਾਂ ਦੇ ਅਮਰਜਿੰਗ ਆਈ.ਟੀ. ਟੈਕਨਾਲੋਜੀਜ਼ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦੀ ਸਰਾਹਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਥੇ ਵਿਦਿਆਰਥੀਆਂ ਦੀ ਦਿਮਾਗੀ ਸ਼ਕਤੀ ਨੂੰ ਤੇਜ਼ ਕਰਦੀਆਂ ਹਨ ਉਥੇ ਉਨ੍ਹਾਂ ਦੀ ਆਲੋਚਨਾਤਮਿਕ ਦ੍ਰਿਸ਼ਟੀ ਨੂੰ ਵਿਸ਼ਾਲ ਕਰਦੀਆਂ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਇੰਦਰਮੋਹਨ ਸਿੰਘ ਬੀ.ਸੀ.ਏ. ਭਾਗ ਤੀਜਾ ਨੇ ਪਹਿਲਾ, ਦਮਨਜੀਤ ਕੌਰ ਐੱਮ.ਐੱਸਸੀ ਆਈ.ਟੀ. ਭਾਗ ਦੂਜਾ ਨੇ ਦੂਸਰਾ ਅਤੇ ਜੈਸਮੀਨ ਕੌਰ ਬੀ.ਸੀ.ਏ. ਭਾਗ ਤੀਜਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਮਨਪ੍ਰੀਤ ਕੌਰ ਪੀ.ਜੀ.ਡੀ.ਸੀ.ਏ. ਨੂੰ ਹੌਂਸਲਾ ਅਫਜ਼ਾਊ ਇਨਾਮ ਦਿੱਤਾ ਗਿਆ।