5 Dariya News

ਆਈ.ਏ.ਐਸ.ਟ੍ਰੇਨਿੰਗ ਸੈਂਟਰ ਵਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

5 ਦਰਿਆ ਨਿਊਜ਼ (ਸਰਬਜੀਤ ਹੈਪੀ)

ਪਟਿਆਲਾ 17-Sep-2012

ਪੰਜਾਬੀ ਯੂਨੀਵਰਸਿਟੀ ਦੇ ਆਈ. ਏ. ਐਸ. ਟ੍ਰੇਨਿੰਗ ਸੈਂਟਰ ਵਲੋਂ ਮੁਕਾਬਲਾ ਪ੍ਰੀਖਿਆਵਾਂ ਦੀ ਸਿਖਲਾਈ ਲੈ ਰਹੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਪਟਿਆਲਾ ਦੇ ਡਿਪਟੀ ਕਮੀਸ਼ਨਰ ਸ਼੍ਰੀ ਜੀ. ਕੇ. ਸਿੰਘ ਵਲੋਂ ਦਿੱਤਾ ਗਿਆ। ਸ਼੍ਰੀ ਸਿੰਘ ਨੇ ਆਪਣੇ ਭਾਸ਼ਨ ਵਿਚ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਕੁਝ ਇਕ ਨੁਕਤੇ ਦੱਸਦਿਆਂ ਕਿਹਾ ਕਿ ਪ੍ਰਸ਼ਾਸਨਿਕ ਸੇਵਾਵਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਸ਼ਾਮਲ ਹੋ ਕੇ ਹਰ ਅਧਿਕਾਰੀ ਸਮਾਜ ਦੇ ਗਰੀਬ ਤੇ ਨਿਤਾਨੇ ਵਰਗਾਂ ਦੀ ਸੇਵਾ ਕਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਜ਼ਿੰਮੇਵਾਰੀ ਨੂੰ,  ਸੇਵਾ ਸਮਝ ਕੇ ਕਰਨ ਦੀ ਅਪੀਲ ਕੀਤੀ ਨਾ ਕਿ ਇਸ ਨੌਕਰੀ ਨੂੰ ਇੱਕ ਵਪਾਰਕ ਅਦਾਰਾ ਸਮਝਿਆ ਜਾਵੇ। ਇਸ ਮੌਕੇ ਤੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਮਿੱਥਣ ਅਤੇ ਹਰ ਕੰਮ ਪੂਰੀ ਮਿਹਨਤ, ਲਗਨ ਅਤੇ ਦਿਆਨਤਦਾਰੀ ਨਾਲ ਕਰਨ ਦੀ ਸਲਾਹ ਦਿੱਤੀ।ਇਸ ਤੋਂ ਪਹਿਲਾ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਈ. ਏ. ਐਸ. ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਵਿਭਾਗ ਵਲੋਂ ਉਲੀਕੇ ਜਾ ਰਹੇ ਵੱਖ-2 ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿਭਾਗ ਵਲੋਂ ਪੀ.ਸੀ.ਐਸ ਮੁਕਾਬਲਾ ਪ੍ਰੀਖਿਆ ਅਤੇ ਟੀਚਰਜ਼ ਇਲੈਜ਼ੀਬਿਲਟੀ ਟੈਸਟ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸੈਂਟਰ ਵਲੋਂ ਜੀ.ਕੇ ਸਿੰਘ ਅਤੇ  ਵਰਿੰਦਰ ਸ਼ਰਮਾ ਦਾ ਸਨਮਾਨ ਵੀ ਕੀਤਾ ਗਿਆ।