5 Dariya News

ਸੋ ਕਿਉ ਮੰਦਾ ਆਖੀਐ......।

5 ਦਰਿਆ ਨਿਊਜ਼ (ਗੁਰਪ੍ਰੀਤ ਸਿੰਘ)

ਤਰਨਤਾਰਨ 20-May-2014

ਸਾਡੇ ਸਮਾਜ ਵਿੱਚ ਧੀ ਅਤੇ ਪੁੱਤਰ ਵਿੱਚ ਫਰਕ ਸਮਝਿਆ ਜਾਂਦਾ ਹੈ। ਪੁੱਤਰਾਂ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪੁੱਤਰ ਦੇ ਜਨਮ ਲੈਣ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਲੋਹੜੀਆਂ ਵੰਡੀਆਂ ਜਾਦੀਆਂ ਹਨ। ਇਹ ਪੁੱਤਰ ਲਈ ਹੀ ਕਿਉਂ ਅਰਦਾਸਾਂ ਕੀਤੀਆਂ ਜਾਦੀਆਂ ਹਨ, ਧੀਆਂ ਲਈ ਕਿਉ ਨਹੀਂ? ਜਦੋਂ ਕਿ ਜਿਸ ਮਾਂ ਨੇ ਪੁੱਤਰ ਨੂੰ ਜਨਮ ਦੇਣਾ ਹੈ ਉਹ ਵੀ ਤਾਂ ਕਿਸੇ ਦੀ ਧੀ ਹੈ। ਕਈ ਘਰਾਂ ਵਿੱਚ ਲੜਕਿਆਂ ਨੂੰ ਵਧੀਆ ਤੋਂ ਵਧੀਆ ਸਕੂਲਾਂ, ਕਾਲਜਾਂ ਵਿੱਚ ਪੜਾਈ ਲਈ ਭੇਜਿਆ ਜਾਦਾ ਹੈ, ਪਰ ਇਸ ਦੇ ਉਲਟ ਲੜਕੀਆਂ ਨੂੰ ਸਿਰਫ ਘਰ ਦੇ ਕੰਮਾਂ ਵਿੱਚ ਲਗਾ ਲਿਆ ਜਾਦਾ ਹੈ। ਕਿਉਂ ਕਿ ਲੋਕ ਸੋਚਦੇ ਹਨ ਕਿ ਲੜਕੀ ਨੇ ਵਿਆਹ ਤੋਂ ਬਾਅਦ ਰੋਟੀਆਂ ਹੀ ਬਨਾਉਣੀਆਂ ਹਨ, ਪਰ ਕਦੇ ਇਹ ਨਹੀਂ ਸੋਚਿਆ ਕਿ ਜੇਕਰ ਲੜਕੀ ਨੂੰ ਨਾ ਪੜਾਇਆ ਤਾਂ ਫਿਰ ਇਹੀ ਕੰਮ ਹੋਵੇਗਾ। ਸਾਡੇ ਸਮਾਜ ਵਿੱਚ ਬਲਾਤਕਾਰ, ਛੇੜ-ਛਾੜ, ਕਿਡਨੈਪਿੰਗ ਆਦਿ ਵਰਗੀਆਂ ਨਿੱਤ-ਪ੍ਰਤੀ ਹੁੰਦੀਆਂ ਘਟਨਾਵਾਂ ਵੱਲ ਵੇਖ ਕੇ ਅਸੀਂ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਬਾਹਰ ਨਹੀਂ ਭੇਜਦੇ। ਪਰ ਜੇਕਰ ਸੋਚੀਏ ਤਾਂ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵੀ ਤਾਂ ਸਾਡੇ ਸਮਾਜ ਵਿੱਚੋਂ ਹੀ ਹੁੰਦੇ ਹਨ।ਉਹ ਵੀ ਕਿਸੇ ਮਾਂ ਦੇ ਪੁੱਤਰ, ਕਿਸੇ ਭੈਣ ਦੇ ਭਰਾ ਹੋਣਗੇ। ਉਹਨਾਂ ਨੂੰ ਵੀ ਕਿਸੇ ਔਰਤ ਨੇ ਹੀ ਜਨਮ ਦਿੱਤਾ ਹੈ। ਫਿਰ ਪਤਾ ਨਹੀਂ ਉਹ ਲੋਕ ਕਿਵੇਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ? ਗੁਰਬਾਣੀ ਦਾ ਫੁਰਮਾਣ ਹੈ:-

ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ£” 

ਭਾਵ ਕਿ ਅਸੀਂ ਉਸ ਨੂੰ ਬੁਰਾ ਕਿਵੇਂ ਕਹਿ ਸਕਦੇ ਹਾਂ। ਜੋ ਰਾਜਿਆਂ-ਮਹਾਂਰਾਜਿਆਂ ਨੂੰ ਜਨਮ ਦੇਣ ਵਾਲੀ ਹੈ।

ਔਰਤ ਨੂੰ ਅਸੀਂ ਮਾੜਾ ਸਮਝਦੇ ਹਾਂ। ਔਰਤ ਨੂੰ ਪੈਰ ਦੀ ਜੁੱਤੀ ਵੀ ਮੰਨਿਆ ਜਾਦਾਂ ਰਿਹਾ ਹੈ। ਭਰੂਣ ਹੱਤਿਆ, ਬਲਾਤਕਾਰ ਆਦਿ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਕਦੇ ਇਹ ਨਹੀਂ ਸੋਚਦੇ ਕਿ ਜੇਕਰ ਇਹ ਔਰਤ ਨਾਂ ਹੁੰਦੀ ਤਾਂ ਸ਼ਾਇਦ ਅਸੀਂ ਵੀ ਨਾ ਹੁੰਦੇ।ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੀਆਂ ਲਿਖੀਆਂ ਤੇ ਗਾਈਆਂ ਹੋਈਆਂ ਸਤਰਾਂ ਹਨ:-

ਧੀ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ,

ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈਂ ਏ ਧੀਏ।

ਇਹ ਗੱਲ ਬਿਲਕੁਲ ਸੱਚ ਹੈ। ਕੁਝ ਲੋਕ ਤਾਂ ਲੜਕੀ ਨੂੰ ਜਨਮ ਹੀ ਨਹੀਂ ਲੈਣ ਦਿੰਦੇ। ਜਿਸ ਨੂੰ ਭਰੂਣ ਹੱਤਿਆ ਕਹਿੰਦੇ ਹਨ। ਜੇਕਰ ਧੀ ਨੇ ਜਨਮ ਲੈ ਵੀ ਲਿਆ ਤਾਂ ਅਸੀਂ ਉਸ ਨੂੰ ਪਰਾਈ ਕਹਿੰਦੇ ਹਾਂ ਤੇ ਆਪਣੇ ਸਿਰ ਤੇ ਬੋਝ ਸਮਝਦੇ ਹਾਂ।

ਫਿਰ ਗੱਲ ਆਉਂਦੀ ਹੈ ਦਾਜ ਦੇ ਲੋਭੀਆਂ ਦੀ। ਵਿਆਹ ਤੋਂ ਬਾਅਦ ਲੜਕੀ ਨੂੰ ਦਾਜ ਨਾਲ ਤੋਰਿਆ ਜਾਦਾ ਹੈ ਤਾਂ ਜੋ ਲੜਕੀ ਖੁਸ਼ੀ ਨਾਲ ਰਹੇ। ਜੇਕਰ ਦਾਜ ਮੰਗ ਅਨੁਸਾਰ ਹੋਇਆ ਤਾਂ ਠੀਕ ਹੈ ਨਹੀਂ ਤਾਂ ਕੁੜੀ ਨੂੰ ਸਹੁਰਾ ਪਰਿਵਾਰ ਦਾਜ ਘੱਟ ਹੋਣ ਦੇ ਕਾਰਨ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਕੁਝ ਲੜਕੀਆਂ ਆਪਣੇ ਮਾਪਿਆਂ ਦੀ ਇੱਜਤ ਬਚਾਉਣ ਦੀ ਖਾਤਰ ਇਹ ਸਭ ਕੁਝ ਸਹਿ ਲੈਂਦੀਆਂ ਹਨ, ਪਰ ਕੁਝ ਤੰਗ ਆ ਕੇ ਆਤਮ ਹੱਤਿਆ ਕਰ ਲੈਂਦੀਆਂ ਹਨ। ਦਾਜ ਦੇ ਇਹ ਲੋਭੀ ਲਾਡਾਂ ਨਾਲ ਪਲੀਆਂ ਧੀਆਂ ਨੂੰ ਕੁਝ ਪਲਾਂ 'ਚ ਹੀ ਅੱਗ ਦੇ ਲਾਂਬੂ ਲਗਾ ਕੇ ਦਾਜ ਦੀ ਬਲੀ ਚੜ੍ਹਾ ਦਿੰਦੇ ਹਨ। ਇਹੋ ਜਿਹੀਆਂ ਸੱਸਾਂ ਨੇ ਕਦੀ ਇਹ ਨਹੀਂ ਸੋਚਿਆ ਕਿ ਜੇਕਰ ਉਸ ਨਾਲ ਇਹ ਸਭ ਕੁਝ ਵਾਪਰਿਆ ਹੁੰਦਾ ਤਾਂ ਫਿਰ ਉਹ ਕੀ ਕਰਦੀਆਂ? 

ਅੱਜ ਲੋੜ ਹੈ ਸਾਨੂੰ ਧੀਆਂ ਤੇ ਪੁੱਤਰਾਂ ਵਿਚਲੇ ਫਰਕ ਨੂੰ ਮਿਟਾਉਣ ਦੀ। ਜੋ ਸਾਨੂੰ ਇਹ ਕਰਨਾ ਪਵੇਗਾ। ਭਰੂਣ ਹੱਤਿਆ, ਦਾਜ ਵਰਗੀਆਂ ਲਾਹਨਤਾਂ ਨੂੰ ਦੂਰ ਕਰਨਾ ਪਵੇਗਾ। ਸਾਨੂੰ ਸਭ ਨੂੰ ਰਲ ਕੇ ਇਹਨਾਂ ਲਾਹਨਤਾਂ ਨੂੰ ਮਿਟਾਉਣ ਲਈ ਰਲ ਕੇ ਕਦਮ ਚੁੱਕਣੇ ਪੈਣਗੇ।