ਹਰਭਜਨ ਮਾਨ ਰਾਮੂਵਾਲੀਆ ਦੇ ਹੱਕ ਵਿੱਚ ਨੌਜਵਾਨਾਂ ਦੀ ਲਾਮਬੰਦੀ ਕਰਨ ਲੱਗੇ
5 ਦਰਿਆ ਨਿਊਜ਼
ਐਸ.ਏ.ਐਸ.ਨਗਰ (ਮੁਹਾਲੀ) 16-Jan-2012
ਉਘੇ ਗਾਇਕ ਹਰਭਜਨ ਮਾਨ ਦੀ ਅਗਵਾਈ ਵਿੱਚ ਮੋਹਾਲੀ ਸ਼ਹਿਰ ਤੇ ਪਿੰਡਾਂ ਦੇ ਨੌਜਵਾਨ ਰਾਮੂਵਾਲੀਆ ਪਿਛੇ ਲਾਮਬੰਦ ਹੋ ਗਏ ਹਨ। ਹਰਭਜਨ ਮਾਨ ਖੁਦ ਹਰ ਰੋਜ ਆਪਣੇ ਤੋਰ ਤੇ 15 ਤੋਂ 20 ਪ੍ਰੋਗਰਾਮ ਕਰ ਰਿਹਾ ਹੈ ਜਿਥੇ ਨੌਜਵਾਨ ਮੁੰਡੇ ਕੁੜੀਆਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਉਨ੍ਹਾਂ ਨਾਲ ਰੋਡ ਸ਼ੋਅ ਕਰ ਰਹੇ ਹਨ। ਕੱਲ ਬਾਰਸ਼ ਦੇ ਦੋਰਾਨ ਹਰਭਜਨ ਮਾਨ ਨੇ ਸੈਕਟਰ 70 ਦੇ ਮੁੰਡੀ ਕੰਪਲੈਕਸ , ਐਮ ਆਈ ਜੀ ਸੁਪਰ, ਸੈਕਟਰ 71 , ਸੈਕਟਰ 67 , ਸੈਕਟਰ 66 ਵਿੱਚ ਸ: ਰਾਮੂਵਾਲੀਆ ਦੇ ਹੱਕ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸ: ਰਾਮੂਵਾਲੀਆ ਨੌਜਵਾਨਾਂ ਨੂੰ ਬਚਾਉਣ , ਨੌਜਵਾਨਾਂ ਨੂੰ ਹੁੰਨਰਮੰਦ ਬਨਾਉਣ , ਲਾਲਚੀ ਸਹੁਰਿਆਂ ਵੱਲੋਂ ਤੰਗ ਕੀਤੀਆਂ ਜਾਂਦੀਆਂ ਕੁੜੀਆਂ ਨੂੰ ਘਰ ਵਸਾਉਣ ਦਾ ਕਾਰਜ ਕਰ ਰਹੇ ਹਨ। ਪਰ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਆਪਣੀ ਸਿਆਸੀ ਤਾਕਤ ਨੂੰ ਸ਼ਰਾਬ ਦਾ ਕਾਰੋਬਾਰ ਵਧਾਉਣ ਲਈ ਵਰਤ ਰਹੇ ਹਨ। ਉਨ੍ਹਾਂ ਨੌਜਵਾਨਾਂ ਤੋਂ ਹੱਥ ਖੜੇ ਕਰਵਾ ਕੇ ਸ: ਰਾਮੂਵਾਲੀਆ ਦੀ ਤਾਕਤ ਵਧਾਉਣ ਲਈ ਅਪੀਲ ਕੀਤੀ। ਹਰਭਜਨ ਮਾਨ ਦੀ ਨੌਜਵਾਨਾਂ ਵਿੱਚ ਏਨੀ ਖਿੱਚ ਹੈ ਕਿ ਉਹ ਜਿੰਨਾ ਚਿਰ ਪ੍ਰੋਗਰਾਮ ਤੇ ਹੁੰਦੇ ਹਨ ਉਸ ਵਿਚੋਂ ਅੱਧਾ ਸਮਾਂ ਨੌਜਵਾਨ ਮੁੰਡੇ ਤੇ ਕੁੜੀਆਂ ਉਨ੍ਹਾਂ ਦੇ ਨਾਲ ਫੋਟੋਆਂ ਖਿਚਵਾਉਣ ,ਡਾਇਰੀਆਂ ਤੇ ਟਿੱਪਣੀਆਂ ਲਿਖਣ ਤੇ ਖਰਚ ਹੁੰਦਾ ਹੈ।