ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਪਿੰਡ ਦੇ ਲੋਕਾਂ ਦਾ ਜਿਉਣਾ ਦੁਰਭਰ
5 ਦਰਿਆ ਨਿਊਜ਼
ਐਸ ਏ ਐਸ ਨਗਰ 06-May-2014
ਨਗਰ ਨਿਗਮ ਮੋਹਾਲੀ ਦੇ ਕਰਮਚਾਰੀਆਂ ਵੱਲੋਂ ਪਿੰਡ ਮਟੋਰ ਵਿਖੇ ਬਣਾਏ ਗਏ ਕੂੜਾ ਸੁੱਟਣ ਵਾਲੇ ਡੰਪ ਦੀ ਸਫਾਈ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਜਦੋਂ ਇਸ ਥਾਂ ਤੇ ਇਹ ਡੰਪ ਬਣਾਇਆ ਸੀ, ਤਾਂ ਉਸ ਸਮੇਂ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਇੱਥੇ ਲਗਾਤਾਰ ਸਫਾਈ ਕੀਤੀ ਜਾਂਦੀ ਰਹੇਗੀ। ਪਰ ਹੁਣ ਇਸ ਜਗ੍ਹਾਂ ਵੱਲ ਨਿਗਮ ਦੇ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਮੱਖਣ ਸਿੰਘ, ਅਜੈ ਕੁਮਾਰ, ਮਹਿੰਦਰ ਲਾਲਾ, ਲਾਭ ਸਿੰਘ, ਬਲਕਾਰ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਇੱਕਤਰ ਹੋਏ ਲੋਕਾਂ ਨੇ ਦੱਸਿਆ ਕਿ ਇਸ ਜਗ੍ਹਾਂ ਤੇ ਸਫਾਈ ਨਾ ਹੋਣ ਕਾਰਨ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਅਤੇ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਆਸ ਪਾਸ ਰਹਿਣ ਵਾਲੇ ਪਿੰਡ ਦੇ ਲੋਕਾਂ ਅਤੇ ਜੋ ਨੇੜੇ ਮਾਰਕੀਟ ਹੈ ਅਤੇ ਇਥੋਂ ਦੇ ਲੰਘਣ ਵਾਲੇ ਲੋਕਾਂ ਦਾ ਜਿਉਣਾ ਦੁਰਭਰ ਹੋ ਚੁੱਕਿਆ ਹੈ ਗੰਦਗੀ ਕਾਰਨ ਇਥੇ ਕਿਸੇ ਵੀ ਸਮੇਂ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਸ਼ਾਮ ਦੇ ਸਮੇਂ ਇਸ ਗੰਦਗੀ ਵਾਲੀ ਥਾਂ ਤੇ ਵੱਡੀ ਗਿਣਤੀ ਵਿਚ ਅਵਾਰਾ ਪਸ਼ੂ ਇੱਕਠੇ ਹੋ ਜਾਂਦੇ ਹਨ ਅਤੇ ਆਪਸ ਦੇ ਵਿਚ ਲੜਦੇ ਰਹਿੰਦੇ ਹਨ ਉਨ੍ਹਾਂ ਦੱਸਿਆ ਕਿ ਕਈ ਵਾਰੀ ਇਹ ਅਵਾਰਾ ਪਸ਼ੂ ਇਥੋਂ ਲੰਘਣ ਵਾਲੇ ਲੋਕਾਂ ਦੇ ਪਿਛੇ ਵੀ ਭੱਜ ਲੈਂਦੇ ਹਨ ਅਤੇ ਸੜ੍ਹਕ ਦੇ ਦਰਮਿਆਨ ਝੂੰਡ ਬਣਾ ਕੇ ਖੜ੍ਹ ਜਾਂਦੇ ਹਨ, ਜਿਸ ਕਾਰਨ ਇੱਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਆਪਣੀ ਇਸ ਸੱਮਸਿਆ ਸੰਬਧੀ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਕਈ ਵਾਰ ਜਾਣੂੰ ਕਰਵਾ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੇ ਕੰਨ ਤੇ ਅੱਜ ਤੱਕ ਜੂੰ ਨਹੀਂ ਸਰਕੀ । ਉਨ੍ਹਾਂ ਨਗਰ ਨਿਗਮ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਗੰਦਗੀ ਕਾਰਨ ਇੱਥੇ ਕੋਈ ਵੱਡਾ ਹਾਦਸਾ ਵਾਪਰਿਆਂ ਤਾਂ ਇਸ ਦੀ ਜਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।