5 Dariya News

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਆਮਦ 'ਤੇ ਭਾਰਤੀ ਜਨਤਾ ਪਾਰਟੀ ਵਲੋਂ ਮਹਾਂ ਰੈਲੀ ਦਾ ਆਯੋਜਨ

2027 'ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨੀ ਤੈਅ: ਕੇਵਲ ਸਿੰਘ ਢਿੱਲੋਂ

5 Dariya News

ਬਰਨਾਲਾ 28-Jul-2026

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਆਪਣੇ ਗ੍ਰਹਿ ਜ਼ਿਲ੍ਹੇ ਬਰਨਾਲਾ ਵਿੱਚ ਆਮਦ ਮੌਕੇ ਇੱਕ ਵੱਡੀ ਮਹਾਂਰੈਲੀ ਦਾ ਆਯੋਜਨ ਹੋਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਪਹੁੰਚੇ। ਇਸ ਮੌਕੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਭ ਤੋਂ ਪਹਿਲਾਂ ਨਾਲ ਨਿਯੁਕਤ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਦਿਨ-ਰਾਤ ਮਿਹਨਤ ਕਰਨਗੇ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਭਾਰਤੀ ਜਨਤਾ ਪਾਰਟੀ ਦੀ ਝੋਲੀ ਪਾਈਆਂ ਜਾ ਸਕਣ।

ਬਰਨਾਲਾ ਵਾਸੀਆਂ ਨਾਲ ਭਾਵੁਕ ਸਾਂਝ ਪ੍ਰਗਟਾਉਂਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਮੇਰਾ ਆਪਣਾ ਸ਼ਹਿਰ ਹੈ ਅਤੇ ਇੱਥੋਂ ਦੇ ਲੋਕ ਮੇਰਾ ਪਰਿਵਾਰ ਹਨ, ਜਿਨ੍ਹਾਂ ਨੇ ਮੈਨੂੰ ਦੋ ਵਾਰ ਐਮ.ਐਲ.ਏ. ਬਣਾਇਆ। ਭਾਜਪਾ ਹਾਈਕਮਾਂਡ ਨੇ ਮੈਨੂੰ ਜੋ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ, ਇਹ ਅਸਲ ਵਿੱਚ ਬਰਨਾਲਾ ਵਾਸੀਆਂ ਦੇ ਸਿਰ 'ਤੇ ਸਜਾਇਆ ਤਾਜ ਹੈ। ਇਸ ਤਾਜ ਦਾ ਮਾਣ ਅਸੀਂ 2027 ਵਿੱਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾ ਕੇ ਰੱਖਾਂਗੇ।"

ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਨੂੰ ਛੋਟੀ ਤਹਿਸੀਲ ਤੋਂ ਜ਼ਿਲ੍ਹਾ ਬਣਾਉਣ, ਡੀ.ਸੀ. ਕੰਪਲੈਕਸ, ਓਵਰਬ੍ਰਿਜ, ਅੰਡਰਬ੍ਰਿਜ, ਸੀਵਰੇਜ ਪਲਾਂਟ ਅਤੇ ਸੜਕਾਂ ਦਾ ਜਾਲ ਵਿਛਾ ਕੇ ਅਸੀਂ ਬਰਨਾਲਾ ਦਾ ਨਕਸ਼ਾ ਬਦਲਿਆ ਸੀ। ਅੱਜ ਵੀ ਸ਼ਹਿਰ ਦੀਆਂ ਸੜਕਾਂ ਲਈ ਕੇਂਦਰ ਦੀ ਮੋਦੀ ਸਰਕਾਰ ਫੰਡ ਭੇਜ ਰਹੀ ਹੈ। 'ਆਪ' ਸਰਕਾਰ 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ 'ਝਾੜੂ ਵਾਲੇ' ਕੰਮ ਘੱਟ ਕਰ ਰਹੇ ਹਨ ਅਤੇ ਸਾਡੇ ਬਣਾਏ ਪ੍ਰੋਜੈਕਟਾਂ 'ਤੇ ਨੀਂਹ ਪੱਥਰ ਰੱਖ ਕੇ ਫੋਕੀ ਵਾਹ-ਵਾਹੀ ਲੁੱਟ ਰਹੇ ਹਨ।

ਉਨ੍ਹਾਂ ਸਵਾਲ ਕੀਤਾ ਕਿ ਧਨੌਲੇ 'ਚ ਨਵੇਂ ਕਾਲਜ ਦਾ ਦਾਅਵਾ ਕਰਨ ਵਾਲੇ ਦੱਸਣ ਕਿ ਪਹਿਲਾਂ ਐਲਾਨੇ 16 ਮੈਡੀਕਲ ਕਾਲਜ ਕਿੱਥੇ ਹਨ? ਠੀਕਰੀਵਾਲਾ ਦੇ ਨਰਸਿੰਗ ਕਾਲਜ ਦੇ ਐਲਾਨ ਨੂੰ 4 ਸਾਲ ਹੋ ਗਏ ਹਨ। ਮਸਤੂਆਣਾ ਸਾਹਿਬ 'ਚ ਰੱਖੇ ਨੀਂਹ ਪੱਥਰ 'ਚ ਝੋਨਾ ਲੱਗ ਗਿਆ ਹੈ ਅਤੇ ਜਗ੍ਹਾ ਵੀ ਗੁਰਦੁਆਰਾ ਕਮੇਟੀ ਨੇ ਵਾਪਸ ਲੈ ਲਈ ਹੈ। 

ਢਿੱਲੋਂ ਨੇ ਦੋਸ਼ ਲਾਇਆ ਕਿ ਹੰਡਿਆਇਆ ਦਾ ਮਲਟੀ-ਸਪੈਸ਼ਲਿਟੀ ਹਸਪਤਾਲ ਪ੍ਰੋਜੈਕਟ ਜੋ ਅਸੀਂ ਲਿਆਂਦਾ ਸੀ, ਉਹ ਸਿਰਫ਼ ਇਸ ਲਈ ਰੋਕ ਦਿੱਤਾ ਗਿਆ। ਹਾਲਾਂਕਿ, ਭਾਜਪਾ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਇਹ ਹਸਪਤਾਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਬਣ ਰਿਹਾ 'ਕ੍ਰਿਟੀਕਲ ਕੇਅਰ ਯੂਨਿਟ' (ਟਰਾਮਾ ਸੈਂਟਰ) ਵੀ ਕੇਂਦਰ ਸਰਕਾਰ ਦੇ ਕਰੋੜਾਂ ਦੇ ਫੰਡ ਨਾਲ ਹੀ ਬਣ ਰਿਹਾ ਹੈ।

ਸੂਬੇ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਪ੍ਰਗਟਾਉਂਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 'ਬਦਲਾਅ' ਦੇ ਨਾਮ 'ਤੇ ਪੰਜਾਬ ਨੂੰ ਲੁੱਟਿਆ ਹੈ। ਗੈਂਗਸਟਰਵਾਦ, ਲੁੱਟਾਂ-ਖੋਹਾਂ, ਕਰਜ਼ਾ, ਅਤੇ ਥਾਣਿਆਂ ਤੋਂ ਲੈ ਕੇ ਭਾਜਪਾ ਦਫ਼ਤਰਾਂ 'ਤੇ ਹੋ ਰਹੇ ਗ੍ਰਨੇਡ ਹਮਲਿਆਂ ਨੇ ਅਮਨ-ਕਾਨੂੰਨ ਦੀ ਖਤਮ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਹੱਕ ਮੰਗਦੇ ਸਫ਼ਾਈ ਕਰਮਚਾਰੀਆਂ, ਬਿਜਲੀ ਮੁਲਾਜ਼ਮਾਂ, ਡੀ.ਸੀ. ਦਫ਼ਤਰ ਕਰਮਚਾਰੀਆਂ, ਪੀ.ਆਰ.ਟੀ.ਸੀ. ਅਤੇ ਸਿਹਤ ਕਰਮਚਾਰੀਆਂ 'ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। 'ਮਾਵਾਂ ਭੈਣਾਂ ਸਤਿਕਾਰ' ਦਾ ਅਖੌਤੀ ਦਾਅਵਾ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਔਰਤਾਂ ਦੇ ਸਿਰ ਪਾੜੇ ਜਾ ਰਹੇ ਹਨ। 

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਕੂੜੇ ਦੇ ਡੰਪ 'ਚ ਬਦਲ ਚੁੱਕੇ ਹਨ ਅਤੇ ਹਸਪਤਾਲਾਂ ਵਿੱਚ ਐਕਸ-ਰੇ ਤੱਕ ਨਹੀਂ ਹੋ ਰਹੇ। ਸੂਬੇ ਨੂੰ 'ਧਰਨਾਲੈਂਡ' ਬਣਾ ਕੇ ਰੱਖ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਕਾਂਗਰਸ ਸਿਰਫ਼ ਆਪਣੀ ਕੁਰਸੀ ਦੀ ਲੜਾਈ ਵਿੱਚ ਮਸਰੂਫ਼ ਹੈ।

ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ 16 ਲੱਖ ਕਰੋੜ ਰੁਪਏ ਦੇ ਫੰਡ ਦਿੱਤੇ ਹਨ, ਜਿਸ ਵਿੱਚ ਏਅਰਪੋਰਟ, ਰੇਲਵੇ, ਜਿਸ ਵਿੱਚ ਬਰਨਾਲਾ 'ਚ ਵੰਦੇ ਭਾਰਤ ਦਾ ਠਹਿਰਾਓ, ਕਿਸਾਨਾਂ ਨੂੰ ਐਮ.ਐਸ.ਪੀ. ਅਤੇ ਯੂਰੀਆ ਖ਼ਾਦ 'ਤੇ ਭਾਰੀ ਸਬਸਿਡੀ ਸ਼ਾਮਲ ਹੈ।

ਅਖੀਰ ਵਿੱਚ ਕੇਵਲ ਸਿੰਘ ਢਿੱਲੋਂ ਨੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 'ਸਰਕਾਰ-ਏ-ਖ਼ਾਲਸਾ' ਦੇ ਸੁਪਨੇ ਨੂੰ ਯਾਦ ਕਰਦਿਆਂ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ਲਈ ਸਮਾਂ ਬਹੁਤ ਥੋੜ੍ਹਾ ਹੈ, ਇਸ ਲਈ ਹੁਣੇ ਤੋਂ ਡਟ ਜਾਓ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ। 

ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਕ ਤੇ ਹੋਰ ਵੱਖ ਵੱਖ ਸੰਸਥਾਵਾਂ ਵਲੋਂ ਕੇਵਲ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ