ਵਿਪੁਲ ਗੋਇਲ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸੁਣੀਆਂ 14 ਸ਼ਾਇਕਤਾਂ, 11 ਸ਼ਿਕਾਇਤਾਂ ਦਾ ਮੌਕੇ ਉੱਤੇ ਹੀ ਕੀਤਾ ਨਿਪਟਾਰਾ
ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਤੇਜ਼ ਅਤੇ ਪ੍ਰਭਾਵੀ ਹੱਲ ਯਕੀਨੀ ਬਣਾਉਣਾ ਹੈ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦਾ ਉਦੇਸ਼ - ਵਿਪੁਲ ਗੋਇਲ
5 Dariya News
ਨੂੰਹ 27-Jul-2026
ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦਾ ਉਦੇਸ਼ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਤੇਜ਼ ਅਤੇ ਪ੍ਰਭਾਵੀ ਹੱਲ ਯਕੀਨੀ ਬਣਾਉਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਮੇਟੀ ਦੀਆਂ ਮੀਟਿੰਗਾਂ ਵਿੱਚ ਪ੍ਰਾਪਤ ਸ਼ਿਕਾਇਤਾਂ ਦਾ ਨਿਰਧਾਰਤ ਸਮੇਂ ਵਿੱਚ ਮਿਆਰੀ ਨਿਪਟਾਰਾ ਕੀਤਾ ਜਾਵੇ ਅਤੇ ਕਿਸੇ ਵੀ ਪੱਧਰ 'ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੰਤਰੀ ਸ੍ਰੀ ਵਿਪੁਲ ਗੋਇਲ ਸੋਮਵਾਰ ਨੂੰ ਨੂੰਹ ਵਿੱਚ ਮਿਨੀ ਸਕੱਤਰੇਤ ਸਥਿਤ ਹਾਲ ਵਿੱਚ ਆਯੋਜਿਤ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਕੁੱਲ 14 ਸ਼ਿਕਾਇਤਾਂ ਵਿੱਚੋਂ 11 ਸ਼ਿਕਾਇਤਾਂ ਦਾ ਮੌਕੇ ਉੱਤੇ ਹੀ ਹੱਲ ਕੀਤਾ, ਜਦਕਿ ਤਿੰਨ ਮਾਮਲਿਆਂ ਨੂੰ ਲੋੜੀਂਦੀ ਕਾਰਵਾਈ ਅਤੇ ਪ੍ਰਗਤੀ ਰਿਪੋਰਟ ਲਈ ਅਗਲੀ ਮੀਟਿੰਗ ਤੱਕ ਮੁਲਤਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦੋ ਮਾਮਲਿਆਂ ਵਿੱਚ ਐਸ.ਆਈ.ਟੀ. ਗਠਿਤ ਕਰਕੇ ਜਾਂਚ ਦੇ ਆਦੇਸ਼ ਦਿੱਤੇ ਹਨ। ਤਾਵੜੂ ਦੀ ਰਜਨੀ ਦੀ ਸ਼ਿਕਾਇਤ 'ਤੇ ਐਸ.ਡੀ.ਐਮ., ਡੀ.ਐਸ.ਪੀ. ਅਤੇ ਸੀ.ਐਮ.ਓ. ਦੀ ਅਗਵਾਈ ਹੇਠ ਐਸ.ਆਈ.ਟੀ. ਅਤੇ ਰਸੂਲਪੁਰ ਨਿਵਾਸੀ ਮਨੀਸ਼ਾ ਦੀ ਵਨ ਸਟਾਪ ਸੈਂਟਰ ਵਿੱਚ ਦੁਰਵਿਹਾਰ ਅਤੇ ਛੇੜਛਾੜ ਸਬੰਧੀ ਸ਼ਿਕਾਇਤ 'ਤੇ ਡੀ.ਐਸ.ਪੀ. ਦੀ ਅਗਵਾਈ ਹੇਠ ਐਸ.ਆਈ.ਟੀ. ਗਠਿਤ ਕੀਤੀ ਗਈ ਹੈ। ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੰਤਰੀ ਵਿਪੁਲ ਗੋਇਲ ਨੇ ਮੀਟਿੰਗ ਵਿੱਚ ਸਿੱਖਿਆ ਵਿਭਾਗ ਨਾਲ ਜੁੜੀਆਂ ਸ਼ਿਕਾਇਤਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਮੇਤ ਸਬੰਧਤ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਦਾ ਵਿਆਪਕ ਨਿਰੀਖਣ ਕਰਕੇ ਇੱਕ ਮਹੀਨੇ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਕੂਲਾਂ 'ਤੇ ਨਾਜਾਇਜ਼ ਕਬਜ਼ਿਆਂ, ਚਾਰਦੀਵਾਰੀ, ਬਿਜਲੀ ਲਾਈਨਾਂ, ਟ੍ਰਾਂਸਫਾਰਮਰਾਂ ਦੀ ਸੁਰੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਘਾਟਾਂ ਨੂੰ ਪਹਿਲ ਦੇ ਆਧਾਰ 'ਤੇ ਦੂਰ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਲੈ ਕੇ ਵਿਕਾਸ ਕਾਰਜ ਜਲਦੀ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ।
ਪਿੰਡ ਰੀਗੜ੍ਹ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਨਾਲ ਕੈਂਸਰ ਫੈਲਣ ਦੀ ਸ਼ਿਕਾਇਤ 'ਤੇ ਮੰਤਰੀ ਨੇ ਦੱਸਿਆ ਕਿ ਪਾਣੀ ਦੇ ਸਰੋਤਾਂ ਦੀ ਵਿਗਿਆਨਕ ਜਾਂਚ ਵਿੱਚ ਕੋਈ ਅਨਿਯਮਤਾ ਨਹੀਂ ਮਿਲੀ ਅਤੇ ਕੈਂਸਰ ਦੇ ਸ਼ੱਕ ਵਾਲੇ 62 ਲੋਕਾਂ ਦੀ ਸਿਹਤ ਜਾਂਚ ਵਿੱਚ ਵੀ ਕਿਸੇ ਵਿੱਚ ਕੈਂਸਰ ਦੇ ਲੱਛਣ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਨਵਾਂ ਤੱਥ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਨਿਰਪੱਖ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਸੇਵਾਵਾਂ ਦੀ ਸਮੀਖਿਆ ਦੌਰਾਨ ਮੰਤਰੀ ਨੇ ਮੈਡੀਕਲ ਕਾਲਜ ਅਤੇ ਪ੍ਰਾਇਮਰੀ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਰੈਸ਼ਨਲਾਈਜ਼ੇਸ਼ਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਵਿੱਚ ਵਧ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਹਸਪਤਾਲ ਦੀ ਸਮਰੱਥਾ ਵਧਾਉਣ ਅਤੇ ਬੈੱਡਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਮੁੱਖ ਮੰਤਰੀ ਨਾਲ ਚਰਚਾ ਕਰਕੇ ਲੋੜੀਂਦੇ ਕਦਮ ਚੁੱਕੇ ਜਾਣਗੇ।