5 Dariya News

ਐਮ.ਐਲ.ਏ. ਜੀਵਨਜੋਤ ਕੌਰ ਨੇ ਵਾਰਡ ਨੰਬਰ 25 ਅਤੇ 35 ਦੇ ਵਸਨੀਕਾਂ ਨੂੰ ਦਿੱਤੀ ਵੱਡੀ ਸੌਗਾਤ

ਦੋ ਨਵੇਂ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਕੀਤੇ ਸਮਰਪਿਤ

5 Dariya News

ਅੰਮ੍ਰਿਤਸਰ 25-Jul-2026

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਅੱਜ ਵਾਰਡ ਨੰਬਰ 35 (ਨਿਊ ਅੰਮ੍ਰਿਤਸਰ) ਅਤੇ ਵਾਰਡ ਨੰਬਰ 25 (ਕਾਂਗੜਾ ਕਾਲੋਨੀ) ਵਿੱਚ ਦੋ ਨਵੇਂ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਸਮਰਪਿਤ ਕੀਤੇ। ਇਨ੍ਹਾਂ ਦੋ ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਹਲਕਾ ਅੰਮ੍ਰਿਤਸਰ ਪੂਰਬੀ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 6 ਤੋਂ ਵਧ ਕੇ 8 ਹੋ ਗਈ ਹੈ।

ਇਸ ਮੌਕੇ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਮੁਫ਼ਤ, ਮਿਆਰੀ ਅਤੇ ਆਸਾਨੀ ਨਾਲ ਉਪਲਬਧ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਊ ਅੰਮ੍ਰਿਤਸਰ ਦੇ 7 ਏਕੜ ਪਾਰਕ ਵਿਖੇ ਬਣੇ ਨਵੇਂ ਆਮ ਆਦਮੀ ਕਲੀਨਿਕ ਨਾਲ ਵਾਰਡ ਨੰਬਰ 35 ਦੇ ਵਸਨੀਕਾਂ ਨੂੰ ਹੁਣ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ, ਜਦਕਿ ਕਾਂਗੜਾ ਕਾਲੋਨੀ ਵਿੱਚ ਸ਼ੁਰੂ ਕੀਤੇ ਗਏ ਕਲੀਨਿਕ ਨਾਲ ਵਾਰਡ ਨੰਬਰ 25 ਦੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਬਿਹਤਰ ਡਾਕਟਰੀ ਸਹੂਲਤਾਂ ਉਪਲਬਧ ਹੋਣਗੀਆਂ।

ਵਿਧਾਇਕਾ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਮੁਫ਼ਤ ਡਾਕਟਰੀ ਜਾਂਚ, ਮੁਫ਼ਤ ਲੈਬ ਟੈਸਟ ਅਤੇ ਮੁਫ਼ਤ ਦਵਾਈਆਂ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਉੱਤੇ ਇਲਾਜ ਦਾ ਆਰਥਿਕ ਬੋਝ ਘਟਾਉਣਾ ਅਤੇ ਸਮੇਂ ਸਿਰ ਬਿਹਤਰ ਸਿਹਤ ਸੇਵਾਵਾਂ ਯਕੀਨੀ ਬਣਾਉਣਾ ਹੈ।ਜੀਵਨਜੋਤ ਕੌਰ ਨੇ ਕਿਹਾ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਆਮ ਆਦਮੀ ਕਲੀਨਿਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਮੁਫ਼ਤ ਮਿਲ ਸਕੇ।

ਉਨ੍ਹਾਂ ਕਿਹਾ, “ਤੁਹਾਡੀ ਸਿਹਤ ਅਤੇ ਸੁਖ-ਸਾਂਦ ਹੀ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਨ੍ਹਾਂ ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲੇਗਾ ਅਤੇ ਉਨ੍ਹਾਂ ਦੇ ਇਲਾਜ ‘ਤੇ ਆਉਣ ਵਾਲਾ ਖਰਚਾ ਵੀ ਘਟੇਗਾ।“ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ, ਇਲਾਕੇ ਦੇ ਪਤਵੰਤੇ ਸੱਜਣ, ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।