ਗੰਨੌਰ ਇੰਡੀਆ ਇੰਟਰਨੈਸ਼ਨਲ ਹਾਰਟੀਕਲਚਰ ਮਾਰਕੀਟ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਪੂਰਾ - ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ
ਕਿਹਾ, ਕਿਸਾਨਾਂ ਨੂੰ ਬਿਹਤਰ ਬਾਜ਼ਾਰ ਅਤੇ ਗਲੋਬਲ ਪੱਧਰ 'ਤੇ ਆਪਣੇ ਉਤਪਾਦ ਵੇਚਣ ਦਾ ਮੌਕਾ ਮਿਲੇਗਾ
5 Dariya News
ਚੰਡੀਗੜ੍ਹ 22-Jul-2026
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਹਾਰਟੀਕਲਚਰ ਮਾਰਕੀਟ (ਆਈ.ਆਈ.ਐਚ.ਐਮ.) ਗੰਨੌਰ ਪ੍ਰੋਜੈਕਟ ਰਾਜ ਵਿੱਚ ਬਾਗਬਾਨੀ ਖੇਤਰ ਨੂੰ ਨਵੀਂ ਦਿਸ਼ਾ ਦੇਣ ਵਾਲੀ ਇੱਕ ਅਭਿਲਾਸ਼ੀ ਪਹਿਲ ਹੈ, ਇਸ ਨਾਲ ਕਿਸਾਨਾਂ ਨੂੰ ਬਿਹਤਰ ਬਾਜ਼ਾਰ, ਆਧੁਨਿਕ ਸਹੂਲਤਾਂ ਅਤੇ ਗਲੋਬਲ ਪੱਧਰ 'ਤੇ ਆਪਣੇ ਉਤਪਾਦ ਵੇਚਣ ਦਾ ਮੌਕਾ ਮਿਲੇਗਾ।
ਸ੍ਰੀ ਰਾਣਾ ਅੱਜ ਚੰਡੀਗੜ੍ਹ ਵਿੱਚ ਹਰਿਆਣਾ ਨੈਸ਼ਨਲ ਬਾਗਬਾਨੀ ਮਾਰਕੀਟਿੰਗ ਕਾਰਪੋਰੇਸ਼ਨ ਲਿਮਟਿਡ, ਗੰਨੌਰ ਦੀ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਵਿੱਚ ਇੰਡੀਆ ਇੰਟਰਨੈਸ਼ਨਲ ਹਾਰਟੀਕਲਚਰ ਮਾਰਕੀਟ ਨਾਲ ਸਬੰਧਤ ਮੁੱਖ ਤੌਰ 'ਤੇ 6 ਪ੍ਰਮੁੱਖ ਏਜੰਡਿਆਂ 'ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪੂਰੇ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਗੰਨੌਰ ਮੰਡੀ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਵਪਾਰੀਆਂ ਦੀ ਪਹਿਲੀ ਪਸੰਦ ਬਣੇਗੀ। ਇਸ ਨੂੰ ਕਿਸਾਨਾਂ ਅਤੇ ਵਪਾਰੀਆਂ ਲਈ ਇੱਕ ਅੱਤਆਧੁਨਿਕ ਅਤੇ ਵਿਸ਼ਵ ਪੱਧਰੀ ਬਾਜ਼ਾਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਅਭਿਲਾਸ਼ੀ ਪ੍ਰੋਜੈਕਟ ਦਾ ਮੁੱਖ ਉਦੇਸ਼ ਹਰਿਆਣਾ ਅਤੇ ਆਸ-ਪਾਸ ਦੇ ਰਾਜਾਂ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਫਲ, ਸਬਜ਼ੀ ਅਤੇ ਬਾਗਬਾਨੀ ਉਪਜ ਦਾ ਉਚਿਤ ਮੁੱਲ ਦਿਵਾਉਣਾ ਅਤੇ ਵਿਚੋਲਿਆਂ 'ਤੇ ਨਿਰਭਰਤਾ ਨੂੰ ਖਤਮ ਕਰਨਾ ਹੈ।
ਸ੍ਰੀ ਰਾਣਾ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹੋਣ ਕਾਰਨ ਇੱਥੇ ਨਾ ਸਿਰਫ਼ ਆਧੁਨਿਕ ਕੋਲਡ ਸਟੋਰੇਜ, ਪ੍ਰੋਸੈਸਿੰਗ ਅਤੇ ਪੈਕਿੰਗ ਦਾ ਪ੍ਰਬੰਧ ਹੋਵੇਗਾ, ਸਗੋਂ ਇਲੈਕਟ੍ਰਾਨਿਕ ਟਰੇਡਿੰਗ ਅਤੇ ਸੁਲਭ ਲੌਜਿਸਟਿਕਸ ਜ਼ਰੀਏ ਦੇਸ਼-ਵਿਦੇਸ਼ ਦੇ ਵੱਡੇ ਵਪਾਰੀ ਸਿੱਧੇ ਕਿਸਾਨਾਂ ਨਾਲ ਜੁੜ ਸਕਣਗੇ।ਉਨ੍ਹਾਂ ਕਿਹਾ ਕਿ 67 ਫੀਸਦੀ ਨਿਰਮਾਣ ਕਾਰਜ ਪੂਰਾ ਹੋਣ ਅਤੇ ਇਸੇ ਮਹੀਨੇ ਬਿਜ਼ਨਸ ਪਲਾਨ ਅਲਾਟ ਹੋਣ ਦੇ ਨਾਲ ਹੀ ਇਹ ਮਾਰਕੀਟ ਜਲਦੀ ਹੀ ਇੱਕ ਗਲੋਬਲ ਟਰੇਡ ਹੱਬ ਵਜੋਂ ਉੱਭਰੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਵਪਾਰ ਨੂੰ ਇੱਕ ਨਵਾਂ ਆਯਾਮ ਮਿਲੇਗਾ।
ਖੇਤੀਬਾੜੀ ਮੰਤਰੀ ਨੇ ਬਾਕੀ ਬਚੇ ਕਾਰਜਾਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ, ਮੀਟਿੰਗ ਵਿੱਚ ਸ਼ੈਡ ਨੰਬਰ 14 ਅਤੇ ਫਾਲਸ ਸੀਲਿੰਗ ਨਾਲ ਜੁੜੇ ਮਹੱਤਵਪੂਰਨ ਏਜੰਡਿਆਂ ਨੂੰ ਵੀ ਪ੍ਰਵਾਨਗੀ ਪ੍ਰਦਾਨ ਕਰ ਦਿੱਤੀ ਗਈ।ਖੇਤੀਬਾੜੀ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਪ੍ਰੋਜੈਕਟ ਨੂੰ ਸੁਚਾਰੂ ਅਤੇ ਵਪਾਰਕ ਤੌਰ 'ਤੇ ਸਫ਼ਲ ਬਣਾਉਣ ਲਈ ਬਿਜ਼ਨਸ ਪਲਾਨ ਤਿਆਰ ਕਰਨ ਲਈ ਟੈਂਡਰ ਮੰਗੇ ਜਾ ਚੁੱਕੇ ਹਨ, ਜਿਸ ਨੂੰ ਇਸੇ ਮਹੀਨੇ ਦੇ ਅੰਦਰ ਅਲਾਟ ਕਰ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਖੇਤੀਬਾੜੀ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਰਾਜਨਾਰਾਣ ਕੌਸ਼ਿਕ, ਨਿਗਮ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਅਨੀਸ਼ ਯਾਦਵ, ਮੁੱਖ ਪ੍ਰਸ਼ਾਸਕ ਸ੍ਰੀ ਧਰਮਿੰਦਰ ਸਿੰਘ, ਵਿੱਤ ਵਿਭਾਗ ਦੇ ਸਪੈਸ਼ਲ ਸਕੱਤਰ ਸ੍ਰੀ ਮਨੋਜ ਕੁਮਾਰ ਅਤੇ ਚੀਫ਼ ਇੰਜੀਨੀਅਰ ਸ੍ਰੀ ਮੋਹਿੰਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।