5 Dariya News

ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ

ਜ਼ਿਲ੍ਹਾ ਮਾਨਸਾ ਦੇ 6 ਬੀ.ਐੱਲ.ਓਜ਼ ਨੇ ਆਪਣੀ ਮਿਹਨਤ ਸਦਕਾ ਮਿਸਾਲ ਕਾਇਮ ਕੀਤੀ: ਨਵਜੋਤ ਕੌਰ

5 Dariya News

ਮਾਨਸਾ 21-Jul-2026

ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਨਸਾ ਵਿਖੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਪ੍ਰਾਪਤ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦੇ ਕੰਮ ਨੂੰ ਵਧੀਆ ਢੰਗ ਨਾਲ ਨਿਪਟਾਉਣ ਵਾਲੇ 4 ਬੂਥ ਲੈਵਲ ਅਫ਼ਸਰਾਂ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਅੱਜ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਨ੍ਹਾਂ ਬੂਥ ਲੈਵਲ ਅਫਸਰਾਂ ਨੂੰ ਪ੍ਰਸ਼ੰਸ਼ਾ ਪੱਤਰ ਪ੍ਰਦਾਨ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਭਰ ਵਿਚ ਡਿਜੀਟਾਈਜੇਸ਼ਨ ਦੇ ਕੰਮ ਨੂੰ ਨੇਪਰੇ ਚੜਾਉਣ ਵਾਲੇ ਪਹਿਲੇ 100 ਬੀ.ਐੱਲ.ਓਜ਼ ਦੀ ਸੂਚੀ ਵਿੱਚ ਮਾਨਸਾ ਜ਼ਿਲ੍ਹੇ ਦੇ 6 ਬੀ.ਐੱਲ.ਓਜ਼ ਵੀ ਸ਼ਾਮਲ ਹਨ ਜਿਨ੍ਹਾਂ ਨੇ ਮਿਸਾਲ ਕਾਇਮ ਕੀਤੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਬੂਥ ਲੈਵਲ ਅਫਸਰਾਂ ਨੇ 100 ਫ਼ੀਸਦੀ ਡਿਜੀਟਾਈਜੇਸ਼ਨ ਦਾ ਟੀਚਾ ਸਮੇਂ ਸਿਰ ਅਤੇ ਪੂਰੀ ਸ਼ੁੱਧਤਾ ਨਾਲ ਪੂਰਾ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਬੀ.ਐੱਲ.ਓ. ਸਿਮਰਜੀਤ ਸਿੰਘ ਵਿਧਾਨ ਸਭਾ ਹਲਕਾ ਮਾਨਸਾ ਨਾਲ ਸਬੰਧਤ ਹੈ ਜਦਕਿ ਅਮਨਦੀਪ ਸਿੰਘ ਤੇ ਗੁਰਮੇਲ ਸਿੰਘ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਅਤੇ ਗੁਰਦੀਪ ਸਿੰਘ ਬੁਢਲਾਡਾ ਹਲਕੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਰਦੂਲਗੜ੍ਹ ਦੇ ਬੀਐਲਓ ਨਾਨਕ ਸਿੰਘ ਤੇ ਬੁਢਲਾਡਾ ਦੇ ਬੀਐਲਓ ਰਾਜਿੰਦਰ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ ਸੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਇਨ੍ਹਾਂ ਬੀ ਐਲ ਓਜ਼ ਦੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਪੂਰੇ ਜ਼ੋਰਾਂ 'ਤੇ ਜਾਰੀ ਹੈ, ਇਸ ਲਈ ਇਹ ਬੀ.ਐੱਲ.ਓਜ਼, ਹੋਰਨਾਂ  ਦਾ ਵੀ ਮਾਰਗਦਰਸ਼ਨ ਕਰਨ ਤਾਂ ਜੋ ਪੂਰਾ ਜ਼ਿਲ੍ਹਾ ਇਸ ਡਿਜੀਟਲ ਮੁਹਿੰਮ ਵਿੱਚ ਨਵੇਂ ਦਿਸਹੱਦੇ ਕਾਇਮ ਕਰ ਸਕੇ। ਇਸ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ, ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਅਤੇ ਡੀ.ਡੀ.ਪੀ.ਓ. ਕਵਿਤਾ ਗਰਗ ਵੀ ਹਾਜ਼ਰ ਸਨ।