5 Dariya News

ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

15 ਤੋਂ 29 ਸਾਲ ਉਮਰ ਵਰਗ ਦੇ ਸਾਰੇ ਯੋਗ ਨੌਜਵਾਨਾਂ ਦੀ ਮਾਈ ਭਾਰਤ ਪੋਰਟਲ 'ਤੇ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 21-Jul-2026

ਸਹਾਇਕ ਕਮਿਸ਼ਨਰ (ਜਨਰਲ),  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਅੰਕਿਤਾ ਕਾਂਸਲ. ਵੱਲੋਂ ਅੱਜ ਮਾਈ ਭਾਰਤ (ਮੇਰਾ ਯੁਵਾ ਭਾਰਤ) ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵੱਖ-ਵੱਖ ਪਹਿਲਕਦਮੀਆਂ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਦੌਰਾਨ ਮਾਈ ਭਾਰਤ ਸਬੰਧੀ ਵਿਸਥਾਰਪੂਰਵਕ ਪੇਸ਼ਕਾਰੀ ਡਿਪਟੀ ਡਾਇਰੈਕਟਰ ਮੋਹਿਤ ਕੁਮਾਰ ਸੈਣੀ ਵਲੋਂ ਦਿੱਤੀ ਗਈ। ਮਾਈ ਭਾਰਤ, ਯੁਵਕ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ, ਜਿਸ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 31 ਅਕਤੂਬਰ, 2023 ਨੂੰ ਕੀਤੀ ਗਈ ਸੀ। 

ਇਸ ਦਾ ਉਦੇਸ਼ ਮਜ਼ਬੂਤ, ਹੁਨਰਮੰਦ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨੌਜਵਾਨ ਪੀੜ੍ਹੀ ਦਾ ਨਿਰਮਾਣ ਕਰਨਾ ਹੈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਮਾਈ ਭਾਰਤ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਹੈ, ਜਿਸ ਰਾਹੀਂ ਨੌਜਵਾਨਾਂ ਨੂੰ ਵਲੰਟੀਅਰਿੰਗ, ਤਜਰਬੇ ਅਧਾਰਿਤ ਸਿੱਖਿਆ, ਲੀਡਰਸ਼ਿਪ ਵਿਕਾਸ, ਹੁਨਰ ਵਿਕਾਸ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।

ਸਹਾਇਕ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਮਾਈ ਭਾਰਤ ਵਲੰਟੀਅਰ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਮੁਹਿੰਮ ਚਲਾਉਣ 'ਤੇ ਜ਼ੋਰ ਦਿੱਤਾ ਤਾਂ ਜੋ ਸਾਰੇ ਯੋਗ ਨੌਜਵਾਨਾਂ ਦੀ ਮਾਈ ਭਾਰਤ ਪੋਰਟਲ 'ਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾ ਸਕੇ। ਇਹ ਮੁਹਿੰਮ ਵਿਦਿਅਕ ਸੰਸਥਾਵਾਂ, ਯੁਵਾ ਸੰਗਠਨਾਂ, ਸਰਕਾਰੀ ਵਿਭਾਗਾਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ।

ਉਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਰਜਿਸਟ੍ਰੇਸ਼ਨ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣ। ਹਰੇਕ ਸੰਸਥਾ ਵੱਲੋਂ ਇੱਕ ਨੋਡਲ ਅਫ਼ਸਰ ਅਤੇ ਇੱਕ ਵਿਦਿਆਰਥੀ ਨੂੰ ਕੈਂਪਸ ਅੰਬੈਸਡਰ ਨਿਯੁਕਤ ਕੀਤਾ ਜਾਵੇ ਤਾਂ ਜੋ ਰਜਿਸਟ੍ਰੇਸ਼ਨ ਦੀ ਪ੍ਰਗਤੀ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਸਕੇ ਅਤੇ ਮਾਈ ਭਾਰਤ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਤਾਲਮੇਲ ਬਣਾਇਆ ਜਾ ਸਕੇ।

ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਨੂੰ ਵੀ ਆਪਣੇ ਨਾਲ ਜੁੜੇ ਯੋਗ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ 'ਤੇ ਰਜਿਸਟਰ ਕਰਨ ਅਤੇ ਆਪਣੀਆਂ ਯੁਵਾ-ਕੇਂਦਰਿਤ ਗਤੀਵਿਧੀਆਂ ਦੌਰਾਨ ਮਾਈ ਭਾਰਤ ਪਲੇਟਫਾਰਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਕਿਹਾ। ਮੀਟਿੰਗ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਮਾਸਿਕ ਤਜਰਬੇ ਅਧਾਰਿਤ ਸਿੱਖਿਆ ਪ੍ਰੋਗਰਾਮ (Experiential Learning Programmes - ELPs) ਕਰਵਾਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਨ੍ਹਾਂ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਸਰਕਾਰੀ ਵਿਭਾਗਾਂ ਦੇ ਕੰਮਕਾਜ, ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਪਹਿਲਕਦਮੀਆਂ ਅਤੇ ਸਮਾਜਿਕ ਵਿਕਾਸ ਨਾਲ ਸਬੰਧਤ ਗਤੀਵਿਧੀਆਂ ਬਾਰੇ ਵਿਹਾਰਕ ਜਾਣਕਾਰੀ ਪ੍ਰਾਪਤ ਹੋਵੇਗੀ। ਮੀਟਿੰਗ ਵਿੱਚ ਆਉਣ ਵਾਲੇ 'ਮਾਈ ਭਾਰਤ ਫਿਊਚਰ ਯੂਥ ਲੀਡਰਜ਼ ਬੂਟਕੈਂਪ' ਅਤੇ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਪ੍ਰੋਗਰਾਮਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਸਹਾਇਕ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਅਤੇ ਹਿੱਸੇਦਾਰਾਂ ਨੂੰ ਮਾਈ ਭਾਰਤ ਦੀਆਂ ਪਹਿਲਕਦਮੀਆਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ। 

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖਣ, ਵਲੰਟੀਅਰਿੰਗ, ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੇ ਸਾਰਥਕ ਮੌਕੇ ਪ੍ਰਦਾਨ ਕਰਨ ਲਈ ਪ੍ਰਭਾਵਸ਼ਾਲੀ ਤਾਲਮੇਲ ਜ਼ਰੂਰੀ ਹੈ। ਮੀਟਿੰਗ ਵਿੱਚ ਸਬੰਧਤ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ ਅਤੇ ਯੁਵਾ ਵਿਕਾਸ ਨਾਲ ਜੁੜੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।