5 Dariya News

ਆਜ਼ਾਦੀ ਦਿਹਾੜੇ ਨੂੰ ਪੂਰੇ ਜੋਸ਼ੋ ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ : ਨਵਜੋਤ ਕੌਰ

ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਾਂ ਬਾਰੇ ਵਿਸਤ੍ਰਿਤ ਸਮੀਖਿਆ ਮੀਟਿੰਗ

5 Dariya News

ਮਾਨਸਾ 21-Jul-2026

ਆਜ਼ਾਦੀ ਦਿਹਾੜੇ ਨੂੰ ਜ਼ਿਲ੍ਹਾ ਪੱਧਰੀ ਸਮਾਰੋਹ ਦੇ ਰੂਪ ਵਿੱਚ ਪੂਰੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸੇ ਸਬੰਧ ਵਿੱਚ ਬੱਚਤ ਭਵਨ ਵਿਖੇ ਆਯੋਜਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੇ ਪ੍ਰਬੰਧਾਂ ਨੂੰ ਆਪਸੀ ਤਾਲਮੇਲ ਨਾਲ ਸਮੇਂ ਸਿਰ ਨੇਪਰੇ ਚੜ੍ਹਾਇਆ ਜਾਵੇ।

ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਨੂੰ ਪੂਰੇ ਸਤਿਕਾਰ ਦੀ ਭਾਵਨਾ ਨਾਲ ਮਨਾਇਆ ਜਾਵੇਗਾ ਅਤੇ ਇਸ ਕੌਮੀ ਦਿਹਾੜੇ ਦੇ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। 

ਡੀਸੀ ਨੇ ਆਦੇਸ਼ ਦਿੱਤੇ ਕਿ ਸਮਾਰੋਹ ਦੌਰਾਨ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉੱਤੇ ਸਜਾਵਟੀ ਗੇਟ ਤਿਆਰ ਕੀਤੇ ਜਾਣ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਪ੍ਰਮੁੱਖ ਥਾਵਾਂ ’ਤੇ ਬੇਹਤਰੀਨ ਸਜਾਵਟ ਕੀਤੀ ਜਾਵੇ। ਇਸ ਦੇ ਨਾਲ ਹੀ ਸਮਾਗਮ ਦੌਰਾਨ ਸਾਫ਼ ਪੀਣ ਵਾਲੇ ਪਾਣੀ, ਵਿਦਿਆਰਥੀਆਂ ਲਈ ਰਿਫਰੈਸ਼ਮੈਂਟ, ਪਰੇਡ ਦੀ ਤਿਆਰੀ, ਸੁਰੱਖਿਆ ਇੰਤਜ਼ਾਮ, ਪਾਰਕਿੰਗ ਵਿਵਸਥਾ, ਮੈਡੀਕਲ ਟੀਮ, ਪਖਾਨਿਆਂ ਦੀ ਸਫਾਈ, ਬੈਠਣ ਵਿਵਸਥਾ ਆਦਿ ਸਬੰਧੀ ਆਪੋ-ਆਪਣੇ ਵਿਭਾਗੀ ਜ਼ਿੰਮੇਵਾਰੀਆਂ ਸਮੇਂ ਸਿਰ ਪੂਰੀਆਂ ਕੀਤੀਆਂ ਜਾਣ।

ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮਾਗਮ ਦੇ ਮੱਦੇਨਜ਼ਰ ਮਾਨਸਾ ਸ਼ਹਿਰ ਦੇ ਨਾਲ-ਨਾਲ ਨਹਿਰੂ ਕਾਲਜ ਦੇ ਸਟੇਡੀਅਮ ਅਤੇ ਇਸ ਦੇ ਆਲੇ-ਦੁਆਲੇ ਦੀ ਲਗਾਤਾਰ ਸਾਫ਼-ਸਫ਼ਾਈ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੌਮੀ ਦਿਹਾੜੇ ਨੂੰ ਪੂਰੀ ਤਨਦੇਹੀ ਨਾਲ ਮਨਾਉਣ ਲਈ ਹੁਣ ਤੋਂ ਹੀ ਪ੍ਰਬੰਧ ਆਰੰਭੇ ਜਾਣ ਅਤੇ ਆਉਣ ਵਾਲੀਆਂ ਰਿਹਰਸਲਾਂ ਵਿੱਚ ਇਸ ਦੀ ਮੁਕੰਮਲ ਤਿਆਰੀ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਕ੍ਰਿਤਿਕਾ ਗੋਇਲ, ਉਪ ਮੰਡਲ ਮੈਜਿਸਟਰੇਟ ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਉਪ ਮੰਡਲ ਮੈਜਿਸਟਰੇਟ ਗੁਰਮੀਤ ਕੁਮਾਰ, ਐਸ ਪੀ ਸੰਦੀਪ ਸੰਧੂ, ਆਰ ਟੀ ਓ ਚਰਨਜੋਤ ਸਿੰਘ ਵਾਲੀਆ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।