ਸੀ.ਆਈ.ਏ. ਸਟਾਫ ਖਰੜ ਵੱਲੋਂ ਦੋ ਵਿਅਕਤੀ ਕਾਬੂ, ਪਿਸਤੌਲ ਅਤੇ ਤਿੰਨ ਜਿੰਦਾ ਰੌਂਦ ਬਰਾਮਦ
5 Dariya News
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 20-Jul-2026
ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ. ਨਗਰ ਸ਼੍ਰੀ ਹਰਮਨਦੀਪ ਸਿੰਘ ਹਾਂਸ, ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਖਰੜ ਨੂੰ ਇੱਕ ਮਹੱਤਵਪੂਰਨ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ, ਤਿੰਨ ਜਿੰਦਾ ਰੌਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਜਾਂਚ) ਸ਼੍ਰੀ ਸੌਰਵ ਜਿੰਦਲ, ਨੇ ਦੱਸਿਆ ਕਿ ਇਹ ਕਾਰਵਾਈ ਕਪਤਾਨ ਪੁਲਿਸ (ਆਪਰੇਸ਼ਨ) ਸ਼੍ਰੀ ਤਲਵਿੰਦਰ ਸਿੰਘ ਅਤੇ ਉੱਪ ਕਪਤਾਨ ਪੁਲਿਸ (ਜਾਂਚ) ਸ਼੍ਰੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ 18 ਜੁਲਾਈ, 2026 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਖਰੜ ਵਿਖੇ ਕ੍ਰਿਸਚਨ ਸਕੂਲ ਨੇੜੇ ਗਸ਼ਤ ਕਰ ਰਹੀ ਸੀ।
ਇਸ ਦੌਰਾਨ ਮੋਹਾਲੀ ਵੱਲੋਂ ਇੱਕ ਸਪਲੈਂਡਰ ਮੋਟਰਸਾਈਕਲ (ਨੰਬਰ ਸੀ ਐੱਚ 01-ਏ ਐਨ-1434) 'ਤੇ ਸਵਾਰ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗੇ। ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਕਾਬੂ ਕਰਕੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੌਤਮ ਉਰਫ਼ ਪੋਲਾ ਪੁੱਤਰ ਸੰਜੇ ਵਾਸੀ ਸੈਕਟਰ-25 ਡੀ, ਚੰਡੀਗੜ੍ਹ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ ਅਤੇ ਇੱਕ ਜਿੰਦਾ ਰੌਂਦ, ਜਦਕਿ ਪ੍ਰਸ਼ਾਂਤ ਪੁੱਤਰ ਸੰਜੀਵ ਵਾਸੀ ਸੈਕਟਰ-25 ਡੀ, ਚੰਡੀਗੜ੍ਹ ਦੇ ਕਬਜ਼ੇ ਵਿੱਚੋਂ ਦੋ ਜਿੰਦਾ .32 ਬੋਰ ਰੌਂਦ ਬਰਾਮਦ ਹੋਏ।
ਇਸ ਸਬੰਧੀ ਦੋਵਾਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 221 ਮਿਤੀ 18-07-2026 ਅਧੀਨ ਧਾਰਾ 25, 54 ਅਤੇ 59 ਆਰਮਜ਼ ਐਕਟ ਤਹਿਤ ਥਾਣਾ ਸਿਟੀ ਖਰੜ ਵਿਖੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ, ਪ੍ਰਸ਼ਾਂਤ (28) ਅਤੇ ਗੌਤਮ ਉਰਫ਼ ਪੋਲਾ (23) ਦੋਵੇਂ ਵਾਸੀ ਸੈਕਟਰ-25 ਡੀ, ਚੰਡੀਗੜ੍ਹ ਹਨ ਅਤੇ ਦੋਵਾਂ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ, ਆਰਮਜ਼ ਐਕਟ ਅਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਤਿੰਨ-ਤਿੰਨ ਮੁਕੱਦਮੇ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।
ਬਰਾਮਦਗੀ :
ਇੱਕ .32 ਬੋਰ ਪਿਸਤੌਲ
ਤਿੰਨ ਜਿੰਦਾ .32 ਬੋਰ ਰੌਂਦ
ਇੱਕ ਸਪਲੈਂਡਰ ਮੋਟਰਸਾਈਕਲ (ਨੰਬਰ CH01-AN-1434)
ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਅਸਲਾ ਆਪਣੀ ਸੁਰੱਖਿਆ ਲਈ ਅਤੇ ਪੁਰਾਣੇ ਮੁਕੱਦਮਿਆਂ ਦੇ ਮੁੱਦਈਆਂ ਨੂੰ ਡਰਾ-ਧਮਕਾ ਕੇ ਸਮਝੌਤਾ ਕਰਵਾਉਣ ਦੇ ਮਕਸਦ ਨਾਲ ਆਪਣੇ ਕੋਲ ਰੱਖਿਆ ਹੋਇਆ ਸੀ। ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।