5 Dariya News

ਬਹਾਦਰ ਸਿੰਘ ਓ.ਕੇ. ਨੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਵਿਧਾਇਕ ਅਨਮੋਲ ਗਗਨ ਮਾਨ ਨੇ ਸਿਰੋਪਾਓ ਨਾਲ ਕੀਤਾ ਸਨਮਾਨ

5 Dariya News

ਕੁਰਾਲੀ 20-Jul-2026

ਨਗਰ ਕੌਂਸਲ ਕੁਰਾਲੀ ਦੇ ਨਵੇਂ ਪ੍ਰਧਾਨ ਵਜੋਂ ਸ. ਬਹਾਦਰ ਸਿੰਘ ਓ.ਕੇ. ਨੇ ਅੱਜ ਵਿਧਾਇਕ ਅਨਮੋਲ ਗਗਨ ਮਾਨ ਦੀ ਮੌਜੂਦਗੀ ਵਿੱਚ ਆਪਣਾ ਅਹੁਦਾ ਸੰਭਾਲਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ, ਜਿਸ ਉਪਰੰਤ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਸ. ਬਹਾਦਰ ਸਿੰਘ ਓ.ਕੇ. ਨੂੰ ਨਗਰ ਕੌਂਸਲ ਕੁਰਾਲੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕੁਰਾਲੀ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨਵੇਂ ਪ੍ਰਧਾਨ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਕੁਰਾਲੀ ਅਤੇ ਗੁਰਦੁਆਰਾ ਸਾਹਿਬ ਸੋਲਖੀਆਂ ਦੇ ਮੁੱਖ ਗ੍ਰੰਥੀ ਸਾਹਿਬਾਨ ਵੱਲੋਂ ਵੀ ਸ. ਬਹਾਦਰ ਸਿੰਘ ਓ.ਕੇ. ਨੂੰ ਸਿਰੋਪਾਓ ਭੇਟ ਕਰਕੇ ਅਸ਼ੀਰਵਾਦ ਦਿੱਤਾ ਗਿਆ।

ਸਮਾਗਮ ਦਾ ਮੰਚ ਸੰਚਾਲਨ ਪ੍ਰਦੀਪ ਸਿੰਘ ਰੂੜਾ ਕੌਂਸਲਰ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਨੰਦੀਪਾਲ ਬਾਂਸਲ, ਵਿਧਾਨ ਸਭਾ ਹਲਕਾ ਚੇਅਰਮੈਨ, ਅਗਰਵਾਲ ਵੈਲਫੇਅਰ ਬੋਰਡ ਨੇ ਆਪਣੇ ਸੰਬੋਧਨ ਦੌਰਾਨ ਸ. ਬਹਾਦਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਕੁਰਾਲੀ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਆਪਣੇ ਸੰਬੋਧਨ ਵਿੱਚ ਸ. ਬਹਾਦਰ ਸਿੰਘ ਓ.ਕੇ. ਨੇ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਸਮਾਗਮ ਵਿੱਚ ਪਹੁੰਚੇ ਸਮੂਹ ਪਤਵੰਤਿਆਂ, ਧਾਰਮਿਕ ਆਗੂਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਅਤੇ ਵਸਨੀਕਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨਗੇ। ਉਨ੍ਹਾਂ ਇਸ ਮੌਕੇ ਵਿਧਾਇਕਾ ਅਨਮੋਲ ਗਗਨ ਮਾਨ ਦੇ ਧਿਆਨ ਵਿੱਚ ਕੁਰਾਲੀ ਸ਼ਹਿਰ ਦੀਆਂ ਅਹਿਮ ਲੋੜਾਂ ਵੀ ਰੱਖੀਆਂ, ਜਿਨ੍ਹਾਂ ਵਿੱਚ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਨਵੇਂ ਟਿਊਬਵੈੱਲ ਲਗਾਉਣਾ ਅਤੇ ਸਰਕਾਰੀ ਹਸਪਤਾਲ ਦਾ ਅਪਗ੍ਰੇਡੇਸ਼ਨ ਕਰਨਾ ਪ੍ਰਮੁੱਖ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਵਿਕਾਸ ਕਾਰਜ ਜਲਦੀ ਨੇਪਰੇ ਚਾੜ੍ਹੇ ਜਾਣਗੇ।

ਇਸ ਮੌਕੇ ਪਰਮਿੰਦਰ ਸਿੰਘ ਗੋਲਡੀ (ਚੇਅਰਮੈਨ, ਪੰਜਾਬ ਯੂਥ ਡਿਵੈਲਪਮੈਂਟ ਬੋਰਡ), ਸ਼ੀਲਮ ਸੋਹੀ, ਸਰਵਜੋਤ ਕੌਰ, ਵਾਈਸ ਪ੍ਰਧਾਨ ਸ਼ਮਾ ਕਾਲੀਆ, ਕੌਂਸਲਰ ਅਸ਼ਵਨੀ ਕੁਮਾਰ, ਵਿਕਾਸ ਮੋਹਨ (ਪੀ.ਏ.), ਰਘੁਵੀਰ ਸਿੰਘ ਮੋਦੀ (ਚੇਅਰਮੈਨ, ਬਲਾਕ ਸਮਿਤੀ ਖਰੜ), ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ, ਮਾਰਕੀਟ ਕਮੇਟੀ ਖਰੜ), ਹਰੀਸ਼ ਰਾਣਾ (ਚੇਅਰਮੈਨ, ਮਾਰਕੀਟ ਕਮੇਟੀ ਕੁਰਾਲੀ), ਨਵਦੀਪ ਸਿੰਘ (ਵਿਧਾਨ ਸਭਾ ਹਲਕਾ ਚੇਅਰਮੈਨ, ਸੈਣੀ ਵੈਲਫੇਅਰ ਬੋਰਡ), ਰਜਨੀਸ਼ ਸੂਦ (ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਕੁਰਾਲੀ), ਇੰਦਰਮੋਹਨ ਸਿੰਘ (ਏ.ਐੱਮ.ਈ.), ਗੁਰਸ਼ਰਨ ਸਿੰਘ (ਹਲਕਾ ਸੰਗਠਨ ਇੰਚਾਰਜ), ਬਲਜੀਤ ਸਿੰਘ (ਮੀਡੀਆ ਇੰਚਾਰਜ, ਹਲਕਾ ਖਰੜ, ਆਪ), ਜਗਤਾਰ ਸਿੰਘ (ਹਲਕਾ ਕੋਆਰਡੀਨੇਟਰ, ਐਨ.ਐੱਮ.ਐੱਮ.), ਦਵਿੰਦਰ ਸਿੰਘ (ਵਿਧਾਨ ਸਭਾ ਹਲਕਾ ਚੇਅਰਮੈਨ, ਸਵਰਨਕਾਰ ਵੈਲਫੇਅਰ ਬੋਰਡ), ਦਿਲਬਾਗ ਸਿੰਘ (ਬਲਾਕ ਸਮਿਤੀ ਮੈਂਬਰ), ਜੱਗੀ ਕਾਦੀਮਾਜਰਾ (ਬਲਾਕ ਪ੍ਰਧਾਨ), ਹਰਮਨਪ੍ਰੀਤ ਸਿੰਘ ਭੋਲਾ (ਬਲਾਕ ਪ੍ਰਧਾਨ) ਅਤੇ ਹਰਪ੍ਰੀਤ ਕੌਰ (ਹਲਕਾ ਕੋਆਰਡੀਨੇਟਰ),ਨੇੜਲੇ ਪਿੰਡਾਂ ਦੇ ਸਰਪੰਚ, ਪੰਚ ਅਤੇ ਪੰਚਾਇਤ ਮੈਂਬਰ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਕੌਂਸਲਰ, ਨਗਰ ਕੌਂਸਲ ਦੇ ਅਧਿਕਾਰੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ।