5 Dariya News

ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਵਿੱਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨੂੰ ਦੱਸਿਆ ਬੇਹੱਦ ਨਿਰਾਸ਼ਾਜਨਕ

5 Dariya News

ਦਿੜ੍ਹਬਾ 18-Jul-2026

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਦਿੜ੍ਹਬਾ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਕੈਬਨਿਟ ਮੰਤਰੀ ਚੀਮਾ ਨੇ ਦੱਸਿਆ ਕਿ ਉਹ ਹਰ ਸ਼ਨੀਵਾਰ ਅਤੇ ਐਤਵਾਰ ਆਪਣੇ ਹਲਕੇ ਦੇ ਲੋਕਾਂ ਦੇ ਦੁੱਖ-ਦਰਦ ਸੁਣਨ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ 'ਤੇ ਪਹੁੰਚਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜਾ ਦਿੜ੍ਹਬਾ ਹਲਕਾ ਪਿਛਲੇ 25-30 ਸਾਲਾਂ ਤੋਂ ਸਿਆਸੀ ਅਣਗਹਿਲੀ ਕਾਰਨ ਪਿਛੜਿਆ ਹੋਇਆ ਸੀ, ਅੱਜ ਉੱਥੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਬਹੁਤ ਜਲਦ ਇਹ ਹਲਕਾ ਪੰਜਾਬ ਦਾ ਨੰਬਰ ਇੱਕ ਹਲਕਾ ਬਣ ਕੇ ਉੱਭਰੇਗਾ।

ਸ੍ਰ ਚੀਮਾ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਇਸ ਵੇਲੇ 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਅਤੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਤਹਿਤ ਦਿੜ੍ਹਬਾ ਹਲਕੇ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਜਾ ਰਿਹਾ ਹੈ। ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਆਧੁਨਿਕ ਲਾਇਬ੍ਰੇਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਜਿੱਥੇ ਬੱਚੇ ਪੜ੍ਹ ਰਹੇ ਹਨ। ਪੰਜਾਬ ਦੇ ਘਰ-ਘਰ ਅਤੇ ਪਿੰਡ-ਪਿੰਡ ਵਿੱਚ ਪੜ੍ਹਨ ਦੇ ਸੱਭਿਆਚਾਰ (Library Culture) ਨੂੰ ਮੁੜ ਸੁਰਜੀਤ ਕਰਨ ਲਈ ਹੋਰ ਵੀ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਕਿਤਾਬਾਂ ਨਾਲ ਜੁੜ ਕੇ ਸਮਾਜ ਵਿੱਚ ਚੰਗਾ ਯੋਗਦਾਨ ਪਾ ਸਕਣ।

ਸ੍ਰ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਦੌਰੇ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਉਹਨਾਂ ਕਿਹਾ, "ਸਾਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਦਾ ਕੇਂਦਰ ਵੱਲ ਬਕਾਇਆ ਰਹਿੰਦਾ ਕਰੋੜਾਂ ਰੁਪਏ ਦਾ ਆਰ.ਡੀ.ਐਫ. (Rural Development Fund) ਅਤੇ ਮੰਡੀ ਫੀਸਾਂ ਦਾ ਪੈਸਾ ਜਾਰੀ ਕਰਨਗੇ, ਪਰ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨਾ ਜਾਰੀ ਰੱਖਿਆ ਹੈ।"

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਵਰਗੇ ਅਹਿਮ ਮੁੱਦਿਆਂ 'ਤੇ ਵੀ ਪ੍ਰਧਾਨ ਮੰਤਰੀ ਵੱਲੋਂ ਕੋਈ ਹਾਂਪੱਖੀ ਐਲਾਨ ਨਾ ਕਰਨਾ ਬਹੁਤ ਹੀ ਮੰਦਭਾਗਾ ਹੈ। ਮੰਤਰੀ ਸ੍ਰ ਚੀਮਾ ਨੇ ਭਾਖੜਾ ਡੈਮ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਕੇਂਦਰ ਅਤੇ ਗੁਆਂਢੀ ਸੂਬਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਭਾਜਪਾ ਦੀਆਂ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਕੇਂਦਰ ਨਾਲ ਮਿਲ ਕੇ ਪੰਜਾਬ ਦਾ ਪਾਣੀ ਖੋਹਣ ਦੇ ਯਤਨ ਕਰ ਰਹੀਆਂ ਹਨ। 

ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਸਟੈਂਡ ਬਿਲਕੁਲ ਸਖ਼ਤ ਅਤੇ ਸਪੱਸ਼ਟ ਹੈ ਕਿ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਕਿਸੇ ਦੂਜੇ ਸੂਬੇ ਨੂੰ ਨਹੀਂ ਦਿੱਤੀ ਜਾਵੇਗੀ। ਭਾਰਤੀ ਜਨਤਾ ਪਾਰਟੀ 'ਤੇ ਸਿਆਸੀ ਹੱਲਾ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੀ ਭਾਜਪਾ ਰਾਮ ਮੰਦਿਰ ਦੇ ਮੁੱਦੇ 'ਤੇ ਸੱਤਾ ਵਿੱਚ ਆਈ ਸੀ, ਅੱਜ ਉੱਥੇ ਹੀ ਲੋਕਾਂ ਦੀ ਸ਼ਰਧਾ ਦੇ ਚੰਦੇ ਅਤੇ ਬੇਸ਼ਕੀਮਤੀ ਚੀਜ਼ਾਂ ਨੂੰ ਢਾਹ ਲਾ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕੋ-ਇੱਕ ਡਿਜ਼ਾਈਨ "ਨਫ਼ਰਤ ਫੈਲਾਓ, ਵੋਟਾਂ ਪਾਓ" ਦਾ ਹੈ। ਪਰ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਸੂਰਬੀਰ ਯੋਧਿਆਂ ਦੀ ਪਵਿੱਤਰ ਧਰਤੀ ਹੈ, ਇੱਥੇ ਭਾਜਪਾ ਦੇ ਨਫ਼ਰਤ ਦੇ ਬੀਜ ਕਦੇ ਵੀ ਸਫ਼ਲ ਨਹੀਂ ਹੋ ਸਕਦੇ ਅਤੇ ਪੰਜਾਬੀ ਹਮੇਸ਼ਾ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣਗੇ।