5 Dariya News

ਪ੍ਰਧਾਨ ਮੰਤਰੀ ਮੋਦੀ ਨੇ ਕਾਲਕਾ ਅਤੇ ਨਰਵਾਣਾ ਅੰਮ੍ਰਿਤ ਰੇਲਵੇ ਸਟੇਸ਼ਨਾਂ ਦਾ ਕੀਤਾ ਉਦਘਾਟਨ

ਹਰਿਆਣਾ ਦੇ 34 ਸਟੇਸ਼ਨ ਹੋ ਰਹੇ ਹਨ ਆਧੁਨਿਕ: ਨਾਇਬ ਸਿੰਘ ਸੈਣੀ

5 Dariya News

ਕਾਲਕਾ 17-Jul-2026

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹਰਿਆਣਾ ਦੇ ਦੋ ਮੁੜ-ਵਿਕਸਿਤ ਰੇਲਵੇ ਸਟੇਸ਼ਨਾਂ - ਕਾਲਕਾ ਅਤੇ ਨਰਵਾਣਾ ਦਾ ਉਦਘਾਟਨ ਕਰਨ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਦੇ 34 ਰੇਲਵੇ ਸਟੇਸ਼ਨਾਂ ਦਾ ਆਧੁਨਿਕ ਰੂਪ ਵਿੱਚ ਮੁੜ-ਵਿਕਾਸ ਕੀਤਾ ਜਾ ਰਿਹਾ ਹੈ, ਜਿਸ 'ਤੇ 1149 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੰਡੀ ਡੱਬਵਾਲੀ, ਹੋਡਲ ਅਤੇ ਜੀਂਦ ਰੇਲਵੇ ਸਟੇਸ਼ਨਾਂ ਦਾ ਮੁੜ-ਵਿਕਾਸ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਇਨ੍ਹਾਂ ਨੂੰ ਅੰਮ੍ਰਿਤ ਰੇਲਵੇ ਸਟੇਸ਼ਨ ਵਜੋਂ ਵਿਕਸਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਰੇਲਵੇ ਸਟੇਸ਼ਨ ਕਾਲਕਾ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਮੌਜੂਦ ਜਨਸਮੂਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ।ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦਾ ਜਲੰਧਰ, ਪੰਜਾਬ ਤੋਂ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 75 ਮੁੜ-ਵਿਕਸਿਤ ਅੰਮ੍ਰਿਤ ਰੇਲਵੇ ਸਟੇਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਵਿੱਚ ਹਰਿਆਣਾ ਦੇ ਦੋ ਰੇਲਵੇ ਸਟੇਸ਼ਨ ਕਾਲਕਾ ਅਤੇ ਨਰਵਾਣਾ ਵੀ ਸ਼ਾਮਲ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਹਰਿਆਣਾ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹਰਿਆਣਾ ਦੇ ਦੋ ਮੁੜ-ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਹੈ। ਇਹ ਸਟੇਸ਼ਨ ਸਾਡੇ ਸੱਭਿਆਚਾਰ, ਸੈਰ-ਸਪਾਟੇ ਅਤੇ ਸਥਾਨਕ ਅਰਕਵਿਵਸਥਾ ਦੇ ਨਵੇਂ ਪ੍ਰਵੇਸ਼ ਦੁਆਰ ਬਣਨਗੇ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਪੂਰੇ ਹਰਿਆਣਾ ਲਈ ਇਤਿਹਾਸਕ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਕਰ-ਕਮਲਾਂ ਨਾਲ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਸਮੇਤ ਲਗਭਗ 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 9 ਪ੍ਰੋਜੈਕਟ ਹਰਿਆਣਾ ਨੂੰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਰੇਲਵੇ ਪ੍ਰੋਜੈਕਟ ਵਰ੍ਹਿਆਂ ਤੱਕ ਫਾਈਲਾਂ ਵਿੱਚ ਧੂੜ ਫੱਕਦੇ ਰਹਿੰਦੇ ਸਨ। ਸਟੇਸ਼ਨਾਂ ਨੂੰ ਸਿਰਫ਼ ਮੁਸਾਫਰਾਂ ਦੇ ਆਉਣ-ਜਾਣ ਦੀ ਜਗ੍ਹਾ ਮੰਨਿਆ ਜਾਂਦਾ ਸੀ, ਪਰ ਅੱਜ ਰੇਲਵੇ ਸਟੇਸ਼ਨ ਦੇਸ਼ ਦੀ ਨਵੀਂ ਪਛਾਣ, ਨਵੇਂ ਸੱਭਿਆਚਾਰ ਅਤੇ ਨਵੀਂ ਅਰਥਵਿਵਸਥਾ ਦੇ ਕੇਂਦਰ ਬਣ ਰਹੇ ਹਨ। ਹਰਿਆਣਾ ਇਸ ਤਬਦੀਲੀ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਸਾਲ 2014 ਵਿੱਚ ਹਰਿਆਣਾ ਦਾ ਰੇਲ ਬਜਟ ਸਿਰਫ਼ 315 ਕਰੋੜ ਰੁਪਏ ਸੀ। ਅੱਜ ਸਾਲ 2026-27 ਵਿੱਚ ਇਹੀ ਰੇਲ ਬਜਟ ਵਧ ਕੇ 3 ਹਜ਼ਾਰ 566 ਕਰੋੜ ਰੁਪਏ ਹੋ ਗਿਆ ਹੈ। ਇਹ ਪ੍ਰਧਾਨ ਮੰਤਰੀ ਦਾ ਹਰਿਆਣਾ ਪ੍ਰਤੀ ਵਿਸ਼ਵਾਸ, ਵਚਨਬੱਧਤਾ ਅਤੇ ਵਿਕਾਸ ਦੀ ਤਰਜੀਹ ਦਾ ਪ੍ਰਮਾਣ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸੂਬੇ ਵਿੱਚ ਲਗਭਗ 12 ਹਜ਼ਾਰ ਕਰੋੜ ਰੁਪਏ ਦੇ ਵੱਖ-ਵੱਖ ਰੇਲ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਇਹ ਨਿਵੇਸ਼ ਉਦਯੋਗ, ਵਪਾਰ, ਸੈਰ-ਸਪਾਟਾ, ਰੁਜ਼ਗਾਰ ਅਤੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਗਤੀ ਦੇ ਰਿਹਾ ਹੈ। ਹਰਿਆਣਾ ਦੀਆਂ 1 ਹਜ਼ਾਰ 574 ਕਿਲੋਮੀਟਰ ਲੰਬੀਆਂ ਸਾਰੀਆਂ ਰੇਲਵੇ ਲਾਈਨਾਂ ਦਾ ਸੌ ਫੀਸਦੀ ਬਿਜਲੀਕਰਨ ਹੋ ਚੁੱਕਾ ਹੈ। ਇਹ ਵਾਤਾਵਰਣ ਸੁਰੱਖਿਆ ਦੇ ਨਾਲ ਤੇਜ਼, ਸੁਰੱਖਿਅਤ ਅਤੇ ਆਧੁਨਿਕ ਰੇਲ ਆਵਾਜਾਈ ਦੀ ਮਜ਼ਬੂਤ ਨੀਂਹ ਵੀ ਹੈ।

ਉਨ੍ਹਾਂ ਕਿਹਾ ਕਿ ਅੱਜ ਭਾਰਤ ਸਿਰਫ਼ ਰੇਲਵੇ ਦਾ ਵਿਸਤਾਰ ਨਹੀਂ ਕਰ ਰਿਹਾ ਸਗੋਂ ਭਵਿੱਖ ਦੀ ਰੇਲਵੇ ਦਾ ਨਿਰਮਾਣ ਕਰ ਰਿਹਾ ਹੈ। ਹਰਿਆਣਾ ਵਿੱਚ ਅੱਜ 8 ਵੰਦੇ ਭਾਰਤ ਐਕਸਪ੍ਰੈਸ ਅਤੇ 2 ਅੰਮ੍ਰਿਤ ਭਾਰਤ ਐਕਸਪ੍ਰੈਸ ਸੇਵਾਵਾਂ ਚੱਲ ਰਹੀਆਂ ਹਨ। ਵੰਦੇ ਭਾਰਤ, ਭਾਰਤ ਦੀ ਗਤੀ ਦਾ ਪ੍ਰਤੀਕ ਹੈ ਅਤੇ ਅੰਮ੍ਰਿਤ ਭਾਰਤ, ਆਖ਼ਰੀ ਕਤਾਰ ਵਿੱਚ ਖੜ੍ਹੇ ਆਮ ਨਾਗਰਿਕ ਦੀ ਸਹੂਲਤ ਦਾ ਪ੍ਰਤੀਕ ਹੈ। 

ਉਨ੍ਹਾਂ ਦੱਸਿਆ ਕਿ 844 ਕਰੋੜ ਰੁਪਏ ਦੀ ਲਾਗਤ ਨਾਲ ਰੋਹਤਕ-ਮੇਹਮ-ਹਾਂਸੀ ਰੇਲਵੇ ਲਾਈਨ ਦਾ ਨਿਰਮਾਣ, 713 ਕਰੋੜ ਰੁਪਏ ਦੀ ਲਾਗਤ ਨਾਲ ਸੋਨੀਪਤ-ਜੀਂਦ ਰੇਲਵੇ ਲਾਈਨ ਦਾ ਨਿਰਮਾਣ, ਰੋਹਤਕ ਵਿੱਚ ਦੇਸ਼ ਦੀ ਪਹਿਲੀ ਐਲੀਵੇਟਿਡ ਰੇਲਵੇ ਲਾਈਨ ਅਤੇ ਕੁਰੂਕਸ਼ੇਤਰ ਵਿੱਚ ਆਧੁਨਿਕ ਐਲੀਵੇਟਿਡ ਰੇਲਵੇ ਟ੍ਰੈਕ ਬਣਾਇਆ ਗਿਆ ਹੈ। ਇਹ ਪ੍ਰੋਜੈਕਟ ਵਿਕਾਸ ਦੀ ਉਹ ਨਵੀਂ ਸੋਚ ਹਨ ਜੋ ਸਮਾਂ ਬਚਾਉਂਦੇ ਹਨ, ਆਵਾਜਾਈ ਨੂੰ ਸੁਖਾਲਾ ਬਣਾਉਂਦੇ ਹਨ ਅਤੇ ਸ਼ਹਿਰਾਂ ਨੂੰ ਨਵੀਂ ਗਤੀ ਪ੍ਰਦਾਨ ਕਰਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰੇਲਵੇ ਨੂੰ ਸਿਰਫ਼ ਯਾਤਰੀ ਸੇਵਾ ਤੱਕ ਸੀਮਤ ਨਹੀਂ ਰੱਖਿਆ। ਉਨ੍ਹਾਂ ਰੇਲਵੇ ਨੂੰ ਦੇਸ਼ ਦੀ ਆਰਥਿਕ ਸ਼ਕਤੀ ਬਣਾਉਣ ਦਾ ਸੰਕਲਪ ਲਿਆ ਹੈ। ਮਾਨੇਸਰ ਵਿੱਚ ਗਤੀ ਸ਼ਕਤੀ ਕਾਰਗੋ ਟਰਮੀਨਲ ਅਤੇ ਪਾਟਲੀ-ਮਾਨੇਸਰ ਫਰੇਟ ਸੈਕਸ਼ਨ ਦਾ ਸੰਚਾਲਨ, ਸੋਨੀਪਤ ਦੇ ਬੜੀ ਵਿੱਚ ਰੇਲ ਕੋਚ ਰਿਪੇਅਰ ਫੈਕਟਰੀ ਦੀ ਸਥਾਪਨਾ ਅਤੇ ਸੂਬੇ ਵਿੱਚ ਆਧੁਨਿਕ ਮਾਲ ਆਵਾਜਾਈ ਨੈੱਟਵਰਕ ਦਾ ਵਿਸਤਾਰ ਹਰਿਆਣਾ ਨੂੰ ਰਾਸ਼ਟਰੀ ਲੌਜਿਸਟਿਕਸ ਹੱਬ ਬਣਾਉਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਹਨ। ਇਸ ਨਾਲ ਉਦਯੋਗਾਂ ਦੀ ਲਾਗਤ ਘਟੇਗੀ, ਬਰਾਮਦ ਵਧੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਿਆਰ ਹੋਣਗੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਰੱਖਿਅਤ ਰੇਲਵੇ ਕਿਸੇ ਵੀ ਰਾਸ਼ਟਰ ਦੀ ਪਛਾਣ ਹੁੰਦੀ ਹੈ। ਪਿਛਲੇ ਲਗਭਗ 12 ਸਾਲਾਂ ਵਿੱਚ ਹਰਿਆਣਾ ਵਿੱਚ 33 ਰੇਲਵੇ ਓਵਰਬ੍ਰਿਜ ਅਤੇ 139 ਰੇਲਵੇ ਅੰਡਰਬ੍ਰਿਜ ਬਣਾਏ ਗਏ ਹਨ। 123 ਮਨੁੱਖ ਰਹਿਤ ਰੇਲਵੇ ਫਾਟਕਾਂ ਨੂੰ ਖਤਮ ਕੀਤਾ ਗਿਆ ਹੈ। ਇਹ ਹਜ਼ਾਰਾਂ ਪਰਿਵਾਰਾਂ ਦੀ ਸੁਰੱਖਿਆ, ਲੱਖਾਂ ਲੋਕਾਂ ਦੇ ਸਮੇਂ ਦੀ ਬੱਚਤ ਅਤੇ ਆਧੁਨਿਕ ਭਾਰਤ ਦੀ ਸੰਵੇਦਨਸ਼ੀਲ ਸ਼ਾਸਨ ਵਿਵਸਥਾ ਦੀ ਉਦਾਹਰਣ ਹੈ। ਅੱਜ ਹਰਿਆਣਾ ਦਾ ਰੇਲ ਨੈੱਟਵਰਕ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ। 

ਹਰਿਆਣਾ ਆਰਬਿਟਲ ਰੇਲ ਕੋਰੀਡੋਰ ਸੂਬੇ ਦੀ ਉਦਯੋਗਿਕ ਅਤੇ ਆਰਥਿਕ ਤਸਵੀਰ ਬਦਲਣ ਵਾਲਾ ਹੈ। ਪਲਵਲ, ਸੋਹਨਾ, ਮਾਨੇਸਰ ਅਤੇ ਖਰਖੌਦਾ ਨੂੰ ਜੋੜਨ ਵਾਲੀ ਇਹ ਮਹੱਤਵਕਾਂਸ਼ੀ ਪਰਿਯੋਜਨਾ ਆਉਣ ਵਾਲੇ ਸਮੇਂ ਵਿੱਚ ਉਦਯੋਗ, ਨਿਵੇਸ਼ ਅਤੇ ਰੁਜ਼ਗਾਰ ਦਾ ਨਵਾਂ ਗਲਿਆਰਾ ਬਣੇਗੀ। ਕਰਨਾਲ-ਯਮੁਨਾਨਗਰ ਰੇਲਵੇ ਲਾਈਨ ਅਤੇ ਜੀਂਦ-ਹਾਂਸੀ ਰੇਲਵੇ ਲਾਈਨ ਵਰਗੇ ਪ੍ਰੋਜੈਕਟ ਵੀ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਧਾਏ ਜਾ ਰਹੇ ਹਨ। ਸਾਡੀ ਡਬਲ ਇੰਜਣ ਸਰਕਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬੁਨਿਆਦੀ ਢਾਂਚਾ ਤਿਆਰ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ 2047 ਦੇ ਸੰਕਲਪ ਨੂੰ 'ਹਰਿਆਣਾ ਵਿਜ਼ਨ ਡੌਕੂਮੈਂਟ 2047' ਰਾਹੀਂ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਪੂਰੀ ਰਫ਼ਤਾਰ ਨਾਲ ਕੰਮ ਕਰ ਰਹੇ ਹਾਂ। ਸੂਬਾ ਸਰਕਾਰ ਦਾ ਟੀਚਾ ਸਿਰਫ਼ ਬਿਹਤਰ ਸੜਕਾਂ ਅਤੇ ਰੇਲਵੇ ਬਣਾਉਣਾ ਨਹੀਂ ਸਗੋਂ ਅਜਿਹਾ ਹਰਿਆਣਾ ਬਣਾਉਣਾ ਹੈ ਜਿੱਥੇ ਕਿਸਾਨ ਖੁਸ਼ਹਾਲ ਹੋਵੇ, ਨੌਜਵਾਨ ਆਤਮ-ਨਿਰਭਰ ਹੋਵੇ, ਉਦਯੋਗ ਵਿਸ਼ਵ ਪੱਧਰੀ ਹੋਣ, ਔਰਤਾਂ ਸੁਰੱਖਿਅਤ ਤੇ ਸ਼ਕਤੀਸ਼ਾਲੀ ਹੋਣ ਅਤੇ ਹਰ ਨਾਗਰਿਕ ਨੂੰ ਵਿਕਾਸ ਦਾ ਬਰਾਬਰ ਮੌਕਾ ਮਿਲੇ।

ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਰੇਲਵੇ ਸਟੇਸ਼ਨ ਸਿਰਫ਼ ਸਰਕਾਰ ਦੀ ਜਾਇਦਾਦ ਨਹੀਂ ਹਨ। ਇਹ ਅਸੀਂ ਸਭ ਦੀ ਸਾਂਝੀ ਵਿਰਾਸਤ ਹੈ। ਇਨ੍ਹਾਂ ਦੀ ਸਫਾਈ, ਸੁਰੱਖਿਆ ਅਤੇ ਮਾਣ-ਮਰਿਆਦਾ ਬਣਾਈ ਰੱਖਣਾ ਅਸੀਂ ਸਭ ਦਾ ਫਰਜ਼ ਹੈ। ਜਦੋਂ ਨਾਗਰਿਕ ਅਤੇ ਸਰਕਾਰ ਨਾਲ ਚੱਲਦੇ ਹਨ, ਤਾਂ ਹੀ ਰਾਸ਼ਟਰ ਨਵੀਆਂ ਉਚਾਈਆਂ ਪ੍ਰਾਪਤ ਕਰਦਾ ਹੈ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੁੜ-ਵਿਕਸਿਤ ਕਾਲਕਾ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ ਅਤੇ ਯਾਤਰੀਆਂ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਰਾਜ ਸਭਾ ਸੰਸਦ ਮੈਂਬਰ ਸ਼੍ਰੀਮਤੀ ਰੇਖਾ ਸ਼ਰਮਾ, ਰਾਜ ਸਭਾ ਸੰਸਦ ਮੈਂਬਰ ਸ੍ਰੀ ਕਾਰਤਿਕੇਯ ਸ਼ਰਮਾ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਮੇਅਰ ਸ੍ਰੀ ਸ਼ਿਆਮ ਲਾਲ ਬਾਂਸਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਕਰੰਦ ਪਾਂਡੁਰੰਗ, ਹਰਿਆਣਾ ਸ਼ਿਵਾਲਿਕ ਵਿਕਾਸ ਬੋਰਡ ਦੇ ਕਾਰਜਕਾਰੀ ਉਪ-ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਦੇਵੀਨਗਰ, ਸੂਬਾ ਉਪ-ਪ੍ਰਧਾਨ ਸ਼੍ਰੀਮਤੀ ਬੰਤੋ ਕਟਾਰੀਆ, ਪੰਚਕੂਲਾ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਨਗਰ ਕੌਂਸਲ ਕਾਲਕਾ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਲਾਲ ਲਾਂਬਾ, ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਜਸਮੇਰ ਸਿੰਘ ਬੰਜਾਰਾ, ਸਾਬਕਾ ਮੇਅਰ ਸ਼੍ਰੀਮਤੀ ਮਨਵੀਰ ਕੌਰ ਗਿੱਲ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਅਦਿਤੀ ਸਿੰਘ, ਡੀਆਰਐਮ ਅੰਬਾਲਾ ਸ੍ਰੀ ਵਿਨੋਦ ਭਾਟੀਆ, ਐਸਡੀਐਮ ਕਾਲਕਾ ਸ੍ਰੀ ਸੰਯਮ ਗਰਗ ਅਤੇ ਹੋਰ ਮਾਣਯੋਗ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਮੌਜੂਦ ਸਨ।