5 Dariya News

ਚਿਤਕਾਰਾ ਯੂਨੀਵਰਸਿਟੀ ਨੇ ਬਾਹਾ ਐਸ.ਏ.ਈ. ਇੰਡੀਆ ਦੇ ਸਹਿਯੋਗ ਨਾਲ ਭਵਿੱਖੀ ਮੋਬਿਲਿਟੀ ਤੇ ਇੰਜੀਨੀਅਰਿੰਗ ਸਿੱਖਿਆ ਸਬੰਧੀ ਕੀਤਾ ਰਣਨੀਤਕ ਮੰਥਨ

ਚਿਤਕਾਰਾ ਯੂਨੀਵਰਸਿਟੀ ਕਰੇਗੀ ਬਾਹਾ ਐਸ.ਏ.ਈ. ਇੰਡੀਆ 2027 ਦੇ ਵਰਚੁਅਲ ਦੌਰ ਦੀ ਮੇਜ਼ਬਾਨੀ , ਦੇਸ਼ ਭਰ ਦੀਆਂ 186 ਟੀਮਾਂ ਵਿਚਾਲੇ 17 ਤੋਂ 19 ਜੁਲਾਈ ਤੱਕ ਹੋਵੇਗਾ ਸਖ਼ਤ ਮੁਕਾਬਲਾ

5 Dariya News

ਚੰਡੀਗੜ੍ਹ 16-Jul-2026

ਚਿਤਕਾਰਾ ਯੂਨੀਵਰਸਿਟੀ ਨੇ ਬਾਹਾ ਐਸਏਈ ਇੰਡੀਆ ਆਯੋਜਨ ਕਮੇਟੀ ਅਤੇ ਆਟੋਮੋਬਾਈਲ ਉਦਯੋਗ ਦੇ ਪ੍ਰਮੁੱਖ ਮਾਹਿਰਾਂ ਨਾਲ ਇਕ ਉੱਚ ਪੱਧਰੀ ਰਣਨੀਤਕ ਬੈਠਕ ਦੀ ਸਹਿ-ਮੇਜ਼ਬਾਨੀ ਕਰਦਿਆਂ ਅਨੁਭਵ-ਆਧਾਰਿਤ ਸਿੱਖਿਆ ਅਤੇ ਉਦਯੋਗ ਨਾਲ ਜੁੜੀ ਇੰਜੀਨੀਅਰਿੰਗ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਬੈਠਕ ਵਿੱਚ ਬਾਹਾ ਐਸਏਈ ਇੰਡੀਆ ਆਯੋਜਨ ਕਮੇਟੀ ਦੇ ਚੇਅਰਮੈਨ ਬਲਰਾਜ ਸੁਬਰਾਮਣੀਅਮ, ਮਾਨਦ ਸਕੱਤਰ ਜਤਿਨ ਗਰਗ, ਸੀਨੀਅਰ ਸਲਾਹਕਾਰ ਡਾ. ਕੇ. ਸੀ. ਵੋਰਾ ਅਤੇ ਆਟੋਮੋਟਿਵ ਹੋਮੋਲੋਗੇਸ਼ਨ ਮਾਹਿਰ ਅਤੇ ਏਆਰਏਆਈ ਦੇ ਸਾਬਕਾ ਡਾਇਰੈਕਟਰ ਬਲਰਾਜ ਭਨੋਟ ਸ਼ਾਮਲ ਹੋਏ। 

ਚਿਤਕਾਰਾ ਯੂਨੀਵਰਸਿਟੀ ਵੱਲੋਂ ਪ੍ਰੈਜ਼ੀਡੈਂਟ ਅਤੇ ਸਹਿ-ਸੰਸਥਾਪਕਾ ਡਾ. ਮਧੂ ਚਿਤਕਾਰਾ, ਵਾਈਸ ਚਾਂਸਲਰ ਡਾ. ਸੰਧੀਰ ਸ਼ਰਮਾ ਅਤੇ ਰਜਿਸਟਰਾਰ ਡਾ. ਰਾਕੇਸ਼ ਸ਼ਰਮਾ ਹਾਜ਼ਰ ਸਨ। ਸਵਾਗਤੀ ਸੰਬੋਧਨ ਦੌਰਾਨ ਬਾਹਾ ਐਸਏਈ ਇੰਡੀਆ ਆਯੋਜਨ ਕਮੇਟੀ ਦੇ ਚੇਅਰਮੈਨ ਬਲਰਾਜ ਸੁਬਰਾਮਣੀਅਮ, ਨੇ ਕਿਹਾ ਕਿ ਬਾਹਾ ਐਸਏਈ ਇੰਡੀਆ ਨੇ ਪ੍ਰਯੋਗਾਤਮਕ ਸਿੱਖਿਆ ਅਤੇ ਨਵੀਨਤਾ ਰਾਹੀਂ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 

ਵਾਈਸ ਚਾਂਸਲਰ ਡਾ. ਸੰਧੀਰ ਸ਼ਰਮਾ ਨੇ ਕਿਹਾ ਕਿ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਾਸਤੇ ਸਿੱਖਿਆ ਸੰਸਥਾਵਾਂ ਅਤੇ ਉਦਯੋਗ ਦਰਮਿਆਨ ਮਜ਼ਬੂਤ ਭਾਈਵਾਲੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਬਾਹਾ ਐਸਏਈ ਇੰਡੀਆ ਦੇ ਸਫ਼ਰ ਅਤੇ ਵਿਰਾਸਤ ਬਾਰੇ ਪੇਸ਼ਕਾਰੀ ਕੀਤੀ ਗਈ। 

ਦੱਸਿਆ ਗਿਆ ਕਿ ਇਹ ਮੁਕਾਬਲਾ ਅੱਜ ਦੇਸ਼ ਦੇ ਸਭ ਤੋਂ ਮਾਣਯੋਗ ਅਨੁਭਵ-ਆਧਾਰਿਤ ਸਿੱਖਿਆ ਮੰਚਾਂ ਵਿੱਚੋਂ ਇਕ ਬਣ ਚੁੱਕਾ ਹੈ। ਇਸ ਦੇ ਤਹਿਤ ਇਲੈਕਟ੍ਰਿਕ ਵਾਹਨ, ਮਕੈਨੀਕਲ ਬਾਹਾ, ਆਟੋਨੋਮਸ ਬਾਹਾ ਅਤੇ ਹਾਈਡ੍ਰੋਜਨ ਬਾਹਾ ਵਰਗੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖੀ ਮੋਬਿਲਿਟੀ ਤਕਨੀਕਾਂ 'ਤੇ ਕੰਮ ਕਰਨ ਦਾ ਵਿਹਾਰਕ ਤਜਰਬਾ ਮਿਲਦਾ ਹੈ।

ਬਾਹਾ ਐਸਏਈ ਇੰਡੀਆ 2027 ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਮੁਕਾਬਲੇ ਦੌਰਾਨ ਬਾਹਾ ਐਸਏਈ ਇੰਡੀਆ ਦੇ ਨਿਯਮਾਂ ਅਨੁਸਾਰ ਸਿੰਗਲ-ਸੀਟਰ ਆਲ-ਟੈਰੇਨ ਵਾਹਨਾਂ ਦੀ ਸੰਕਲਪਨਾ ਤਿਆਰ ਕਰਨ, ਡਿਜ਼ਾਈਨ ਬਣਾਉਣ, ਇੰਜੀਨੀਅਰਿੰਗ ਵਿਸ਼ਲੇਸ਼ਣ, ਨਿਰਮਾਣ ਅਤੇ ਟੈਸਟਿੰਗ ਦੀ ਪੂਰੀ ਪ੍ਰਕਿਰਿਆ ਪੂਰੀ ਕਰਨਗੇ। ਇਸ ਤੋਂ ਬਾਅਦ ਵਾਹਨਾਂ ਦੀ ਸਥਿਰ ਅਤੇ ਗਤੀਸ਼ੀਲ ਜਾਂਚ ਰਾਹੀਂ ਉਨ੍ਹਾਂ ਦੀ ਇੰਜੀਨੀਅਰਿੰਗ ਸਮਰੱਥਾ, ਨਵੀਨਤਾ, ਸੁਰੱਖਿਆ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾਵੇਗਾ। 

ਬਾਹਾ ਐਸਏਈ ਇੰਡੀਆ 2027 ਲਈ ਦੇਸ਼ ਭਰ ਤੋਂ ਕੁੱਲ 186 ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿੱਚ 102 ਈ-ਬਾਹਾ, 26 ਐੱਚ-ਬਾਹਾ ਅਤੇ 58 ਐਮ-ਬਾਹਾ ਟੀਮਾਂ ਸ਼ਾਮਲ ਹਨ। ਇਹ ਸਾਰੀਆਂ ਟੀਮਾਂ ਵਰਚੁਅਲ ਰਾਊਂਡ ਵਿੱਚ ਭਾਗ ਲੈਣਗੀਆਂ, ਜਿੱਥੇ ਆਟੋਮੋਬਾਈਲ ਉਦਯੋਗ ਦੇ ਮਾਹਿਰ ਬੱਗੀਆਂ ਦੇ ਸ਼ੁਰੂਆਤੀ ਡਿਜ਼ਾਈਨਾਂ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਟੀਮਾਂ ਨੂੰ ਤਕਨੀਕੀ ਮਾਰਗਦਰਸ਼ਨ ਵੀ ਦੇਣਗੇ। 

ਮੁਕਾਬਲੇ ਦੌਰਾਨ ਆਟੋਮੋਬਾਈਲ ਵਿਸ਼ੇ ਨਾਲ ਸਬੰਧਤ ਇੱਕ ਤਕਨੀਕੀ ਕੁਇਜ਼ ਵੀ ਕਰਵਾਈ ਜਾਵੇਗੀ। ਈ-ਬਾਹਾ, ਐਮ-ਬਾਹਾ ਅਤੇ ਬਾਹਾ ਐਸਏਈ ਇੰਡੀਆ 2027 ਦੇ ਵਰਚੁਅਲ ਰਾਊਂਡ 17 ਤੋਂ 19 ਜੁਲਾਈ, 2026 ਤੱਕ ਚਿਤਕਾਰਾ ਯੂਨੀਵਰਸਿਟੀ, ਪੰਜਾਬ ਕੈਂਪਸ ਵਿਖੇ ਆਯੋਜਿਤ ਕੀਤੇ ਜਾਣਗੇ। ਡਿਜ਼ਿਟਲ ਇੰਜੀਨੀਅਰਿੰਗ ਟੂਲਜ਼ ਅਤੇ ਸਿਮੂਲੇਸ਼ਨ-ਆਧਾਰਿਤ ਮੁਲਾਂਕਣ ਰਾਹੀਂ ਵਾਹਨ ਦੀ ਡਿਜ਼ਾਈਨ, ਇੰਜੀਨੀਅਰਿੰਗ ਵਿਸ਼ਲੇਸ਼ਣ ਅਤੇ ਨਵੀਨਤਾ ਦਾ ਅੰਕਲਨ ਕੀਤਾ ਜਾਏਗਾ, ਜਿਸ ਤੋਂ ਬਾਅਦ ਚੁਣੀਆਂ ਗਈਆਂ ਟੀਮਾਂ ਮੁਕਾਬਲੇ ਦੇ ਅਗਲੇ ਪੜਾਅ 'ਤੇ ਅੱਗੇ ਵਧਣਗੀਆਂ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਅਤੇ ਸਹਿ-ਸੰਸਥਾਪਕਾ, ਡਾ. ਮਧੂ ਚਿਤਕਾਰਾ, ਨੇ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਦਾ ਬਾਹਾ ਐਸਏਈ ਇੰਡੀਆ ਨਾਲ ਲਗਾਤਾਰ ਜੁੜਾਅ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਸਿੱਖੇ ਗਿਆਨ ਨੂੰ ਵਿਹਾਰਕ ਨਵੀਨਤਾ ਵਿੱਚ ਬਦਲਣ ਲਈ ਪ੍ਰੇਰਿਤ ਕਰਦਾ ਹੈ। ਇਸ ਨਾਲ ਉਨ੍ਹਾਂ ਦੀ ਤਕਨੀਕੀ ਯੋਗਤਾ, ਟੀਮ ਵਰਕ, ਲੀਡਰਸ਼ਿਪ ਅਤੇ ਸਮੱਸਿਆਵਾਂ ਦੇ ਹੱਲ ਦੀ ਸਮਰੱਥਾ ਹੋਰ ਮਜ਼ਬੂਤ ਹੁੰਦੀ ਹੈ।

ਬੈਠਕ ਦੌਰਾਨ ਸਿੱਖਿਆ ਸੰਸਥਾਵਾਂ ਅਤੇ ਉਦਯੋਗ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਤਾਂ ਜੋ ਇੰਜੀਨੀਅਰਿੰਗ ਸਿੱਖਿਆ ਨੂੰ ਆਟੋਮੋਬਾਈਲ ਅਤੇ ਭਵਿੱਖੀ ਮੋਬਿਲਿਟੀ ਖੇਤਰ ਦੀਆਂ ਬਦਲਦੀਆਂ ਲੋੜਾਂ ਦੇ ਅਨੁਕੂਲ ਬਣਾਇਆ ਜਾ ਸਕੇ।